Latest News
ਚਿਦੰਬਰਮ 5 ਦਿਨ ਦੇ ਰਿਮਾਂਡ 'ਤੇ

Published on 22 Aug, 2019 11:47 AM.


ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਵੀਰਵਾਰ ਪੰਜ ਦਿਨ ਲਈ ਸੀ ਬੀ ਆਈ ਹਵਾਲੇ ਕਰਨ ਦਾ ਫੈਸਲਾ ਸੁਣਾਇਆ। ਸੀ ਬੀ ਆਈ ਨੇ ਬੁੱਧਵਾਰ ਰਾਤ ਉਨ੍ਹਾ ਨੂੰ ਘਰੋਂ ਗ੍ਰਿਫਤਾਰ ਕੀਤਾ ਸੀ। ਚਿਦੰਬਰਮ ਦੇ ਵਕੀਲਾਂ ਨੇ ਜ਼ਮਾਨਤ ਦੇ ਹੱਕ ਵਿਚ ਤਮਾਮ ਦਲੀਲਾਂ ਦਿੱਤੀਆਂ ਪਰ ਜੱਜ ਅਜੈ ਕੁਮਾਰ ਕੁਹਾੜ 'ਤੇ ਕੋਈ ਅਸਰ ਨਹੀਂ ਹੋਇਆ। ਜੱਜ ਨੇ ਵਕੀਲਾਂ ਤੇ ਘਰਦਿਆਂ ਨੂੰ ਰੋਜ਼ਾਨਾ ਅੱਧਾ ਘੰਟਾ ਚਿਦੰਬਰਮ ਨੂੰ ਮਿਲਣ ਦੀ ਆਗਿਆ ਦੇ ਦਿੱਤੀ। ਉਨ੍ਹਾ ਇਹ ਵੀ ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮ ਦੀ ਨਿਜੀ ਸ਼ਾਨ ਨਾਲ ਖਿਲਵਾੜ ਨਾ ਹੋਵੇ।
ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਵਿਚ ਕਿਹਾ ਕਿ ਚਿਦੰਬਰਮ ਕਾਫੀ ਚਲਾਕ ਹਨ ਤੇ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ, ਇਸ ਕਰਕੇ ਪੰਜ ਦਿਨ ਦਾ ਰਿਮਾਂਡ ਦਿੱਤਾ ਜਾਵੇ। ਕਟਹਿਰੇ ਵਿਚ ਖੜ੍ਹੇ ਚਿਦੰਬਰਮ ਨੂੰ ਜੱਜ ਨੇ ਬੈਠ ਜਾਣ ਲਈ ਕਿਹਾ ਤਾਂ ਚਿਦੰਬਰਮ ਨੇ ਕਿਹਾ ਕਿ ਉਹ ਇੰਜ ਹੀ ਠੀਕ ਹਨ।
ਚਿਦੰਬਰਮ ਦੇ ਹੱਕ ਵਿਚ ਦਲੀਲ ਦਿੰਦਿਆਂ ਕਪਿਲ ਸਿੱਬਲ ਨੇ ਕਿਹਾ ਕਿ ਮਾਮਲੇ ਵਿਚ ਹੋਰਨਾਂ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਆਈ ਐਨ ਐਕਸ ਮੀਡੀਆ ਨੂੰ ਵਿਦੇਸ਼ੀ ਫੰਡ ਜੁਟਾਉਣ ਦੀ ਆਗਿਆ ਦੇਣ ਵਾਲੇ ਫਾਰੇਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਵਿਚ 6 ਸੈਕਟਰੀ ਵੀ ਸਨ, ਸੀ ਬੀ ਆਈ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਮਾਮਲੇ ਦੀ ਪੂਰੀ ਜਾਂਚ ਹੋ ਚੁੱਕੀ ਹੈ। ਚਾਰਜਸ਼ੀਟ ਦਾ ਡਰਾਫਟ ਤਿਆਰ ਹੈ ਪਰ ਉਸਨੂੰ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ। ਦੂਜੇ ਵਕੀਲ ਮਨੂੰ ਸਿੰਘਵੀ ਨੇ ਕਿਹਾ ਕਿ ਸੀ ਬੀ ਆਈ ਏਨੀ ਬੇਚੈਨ ਕਿਉਂ ਹੈ ਅਤੇ ਕਿਉਂ ਚਿਦੰਬਰਮ ਨੂੰ ਅਚਾਨਕ ਗ੍ਰਿਫਤਾਰ ਕਰਨ ਲਈ ਤੁਲੀ ਹੋਈ ਹੈ। ਸੀ ਬੀ ਆਈ ਗਲਤ ਤਰੀਕਾ ਅਪਨਾ ਰਹੀ ਹੈ। ਚਿਦੰਬਰਮ ਸੀ ਬੀ ਆਈ ਦੇ ਮੁਤਾਬਕ ਜਵਾਬ ਨਹੀਂ ਦੇਣਗੇ। ਮਨੂੰ ਸਿੰਘਵੀ ਨੇ ਚਿਦੰਬਰਮ ਨੂੰ ਵੀ ਬੋਲਣ ਦਾ ਮੌਕਾ ਦੇਣ ਦੀ ਮੰਗ ਕੀਤੀ ਤਾਂ ਤੁਸ਼ਾਰ ਮਹਿਤਾ ਨੇ ਵਿਰੋਧ ਕੀਤਾ। ਹਾਲਾਂਕਿ ਜੱਜ ਨੇ ਮੌਕਾ ਦੇ ਦਿੱਤਾ। ਚਿਦੰਬਰਮ ਨੇ ਕਿਹਾ ਕਿ ਕ੍ਰਿਪਾ ਕਰਕੇ ਤੁਸੀਂ ਸੀ ਬੀ ਆਈ ਦੇ ਸਵਾਲਾਂ ਤੇ ਉਨ੍ਹਾ ਦੇ ਜਵਾਬਾਂ ਦੀ ਸਕ੍ਰਿਪਟ ਦੇਖ ਲਓ। ਜਿਹੜੇ ਸਵਾਲ ਉਸਨੇ ਪੁੱਛੇ ਉਨ੍ਹਾ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾ ਤੇ ਉਨ੍ਹਾ ਦੇ ਬੇਟੇ ਦੇ ਵਿਦੇਸ਼ੀ ਖਾਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਦੱਸਿਆ ਕਿ ਉਨ੍ਹਾਂ ਦਾ ਬਾਹਰ ਕੋਈ ਖਾਤਾ ਨਹੀਂ ਹੈ।

152 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper