Latest News
ਕਸ਼ਮੀਰੀਆਂ ਨਾਲ ਇਕਜੁਟਤਾ

Published on 23 Aug, 2019 11:42 AM.


ਕੇਂਦਰ ਸਰਕਾਰ ਇਹ ਦਿਖਾਉਣ ਦਾ ਭਾਵੇਂ ਲੱਖ ਜਤਨ ਕਰੇ, ਪਰ ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਸਕੂਲ ਖੁੱਲ੍ਹੇ ਹਨ, ਅਧਿਆਪਕ ਹਾਜ਼ਰ ਹਨ, ਪਰ ਪੜ੍ਹਨ ਵਾਲਾ ਕੋਈ ਨਹੀਂ। ਨੌਜਵਾਨਾਂ ਦੀ ਫੜੋਫੜੀ ਲਗਾਤਾਰ ਜਾਰੀ ਹੈ। ਕਸ਼ਮੀਰੀ ਗੁੱਸੇ ਵਿੱਚ ਅੰਦਰੋ-ਅੰਦਰ ਉੱਬਲ ਰਹੇ ਹਨ।
ਇਸ ਸਥਿਤੀ ਵਿੱਚ ਕਸ਼ਮੀਰੀਆਂ ਨਾਲ ਇੱਕਜੁੱਟਤਾ ਦਾ ਘੇਰਾ ਦਿਨੋ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਵਿਰੋਧੀ ਪਾਰਟੀਆਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਵਿਖਾਵਾ ਕਰਕੇ ਕਸ਼ਮੀਰੀ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸ ਮੁਜ਼ਾਹਰੇ ਵਿੱਚ ਕਾਂਗਰਸ, ਡੀ ਐੱਮ ਕੇ, ਸੀ ਪੀ ਐੱਮ, ਸੀ ਪੀ ਆਈ, ਸਮਾਜਵਾਦੀ ਪਾਰਟੀ, ਲੋਕਤੰਤਰਿਕ ਜਨਤਾ ਦਲ, ਰਾਸ਼ਟਰੀ ਜਨਤਾ ਦਲ ਤੇ ਤ੍ਰਿਣਮੂਲ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਵਿਰੋਧੀ ਪਾਰਟੀਆਂ ਨੇ ਇੱਕ ਮਤਾ ਪਾਸ ਕਰਕੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਧਾਰਾ 370 ਹਟਾਉਣ ਕਾਰਨ ਕਸ਼ਮੀਰ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਸੰਚਾਰ ਪ੍ਰਬੰਧ ਪੂਰੀ ਤਰ੍ਹਾਂ ਠੱਪ ਹੈ। ਸਾਬਕਾ ਮੁੱਖ ਮੰਤਰੀਆਂ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਰੱਖਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਖੜ੍ਹੇ ਹਨ। ਉਹ ਇਨ੍ਹਾਂ ਆਗੂਆਂ ਤੇ ਬੇਕਸੂਰ ਲੋਕਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ।
ਇਸ ਤੋਂ ਪਹਿਲਾਂ ਅਜ਼ਾਦੀ ਦਿਹਾੜੇ ਦੇ ਮੌਕੇ ਉਤੇ 250 ਤੋਂ ਵੱਧ ਸਿੱਖਿਆ ਸ਼ਾਸਤਰੀਆਂ, ਕਲਾਕਾਰਾਂ ਤੇ ਸਮਾਜਿਕ ਕਾਰਕੁਨਾਂ ਨੇ ਇੱਕ ਬਿਆਨ ਜਾਰੀ ਕਰਕੇ ਕਸ਼ਮੀਰ ਵਿੱਚ ਹੋ ਰਹੇ ਅਣਮਨੁੱਖੀ ਵਿਹਾਰ ਦੀ ਨਿੰਦਾ ਕੀਤੀ ਸੀ। ਇਸ ਬਿਆਨ ਉੱਤੇ ਦਸਤਖਤ ਕਰਨ ਵਾਲਿਆਂ ਵਿੱਚ ਵੀਨਾ ਦਾਸ, ਪਾਰਥ ਚੈਟਰਜੀ, ਏ ਐਸ ਪਨੀਰਸੇਲਵਮ, ਆਇਸ਼ਾ ਜਲਾਲ, ਕੁਲਚੰਦਰ ਗੌਤਮ, ਗਿਆਨੇਂਦਰ ਪਾਂਡੇ, ਚੰਦਰ ਤਲਪੜੇ ਮੋਹੰਤੀ, ਆਇਸ਼ਾ ਜਲਾਲ, ਸ਼ਹਿਦੁਲ ਆਲਮ, ਐਮ ਵੀ ਰਮੰਨਾ, ਜ਼ਿਆ ਮੀਆਂ, ਸੋਫੀਆ ਕਰੀਮ ਤੇ ਸੈਲਡਨ ਪਾਲਕ ਆਦਿ ਕੌਮਾਂਤਰੀ ਪ੍ਰਸਿੱਧੀ ਵਾਲੇ ਵਿਅਕਤੀ ਸ਼ਾਮਲ ਸਨ। ਇਸ ਬਿਆਨ ਵਿੱਚ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ, ਲੋਕਾਂ ਦੀ ਆਵਾਜਾਈ ਤੇ ਸੰਚਾਰ ਵਿਵਸਥਾ ਠੱਪ ਹੈ। ਭਾਰਤ ਸਰਕਾਰ ਦੀਆਂ ਇਹ ਕਾਰਵਾਈਆਂ ਸੰਵਿਧਾਨ, ਧਰਮ ਨਿਰਪੱਖਤਾ ਤੇ ਲੋਕਤੰਤਰੀ ਕਦਰਾਂ ਦੇ ਵਿਰੁੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਜੰਮੂ-ਕਸ਼ਮੀਰ ਵਿੱਚ ਅਣਮਨੁੱਖੀ ਬੰਦੀ ਨੂੰ ਤੁਰੰਤ ਖ਼ਤਮ ਕਰਨ, ਨਾਗਰਿਕਾਂ ਦੇ ਅਧਿਕਾਰ ਬਹਾਲ ਕਰਨ, ਸਾਰੇ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਦੀ ਅਪੀਲ ਕਰਦੇ ਹਾਂ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਅਗਸਤ ਮਹੀਨੇ ਵਿੱਚ ਜਦੋਂ ਅਸੀਂ ਅਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ, ਉਸ ਸਮੇਂ ਅਸੀਂ ਇਸ ਤਾਨਾਸ਼ਾਹੀ ਸ਼ਾਸਨ ਵੱਲੋਂ ਕੀਤੇ ਜਾ ਰਹੇ ਜ਼ੁਲਮ ਦੀ ਨਿੰਦਾ ਕਰਦੇ ਹਾਂ। ਅਸੀਂ ਜੰਮੂ-ਕਸ਼ਮੀਰ ਦੇ ਲੋਕਾਂ, ਭਾਰਤ ਅਤੇ ਦੱਖਣੀ ਏਸ਼ੀਆ ਦੇ ਲੋਕਾਂ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹਾਂ, ਜਿਹੜੇ ਸ਼ਾਂਤੀ, ਵਿਕਾਸ ਤੇ ਮੌਲਿਕ ਅਜ਼ਾਦੀ ਦੀ ਇੱਛਾ ਰੱਖਦੇ ਹਨ।
ਹੁਣ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਜੰਮੂ-ਕਸ਼ਮੀਰ ਵਿੱਚ ਲਾਈਆਂ ਪਾਬੰਦੀਆਂ ਸੰਬੰਧੀ ਸਖ਼ਤ ਪ੍ਰਤੀਕ੍ਰਮ ਆਇਆ ਹੈ। ਹਾਈ ਕਮਿਸ਼ਨਰ ਦੀ ਵੈੱਬਸਾਈਟ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਜੰਮੂ-ਕਸ਼ਮੀਰ ਵਿੱਚ 4 ਅਗਸਤ ਸ਼ਾਮ ਤੋਂ ਸੰਚਾਰ ਬਲੈਕ ਆਊਟ ਹੈ। ਰਾਜ ਵਿੱਚ ਇੰਟਰਨੈੱਟ, ਮੋਬਾਇਲ ਫ਼ੋਨ ਨੈੱਟਵਰਕ, ਕੇਬਲ ਟੀ ਵੀ ਤੇ ਕਸ਼ਮੀਰੀ ਚੈਨਲਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਬਿਨਾਂ ਕਿਸੇ ਠੋਸ ਕਾਰਨ ਦੇ ਸਰਕਾਰ ਵੱਲੋਂ ਇੰਟਰਨੈੱਟ ਤੇ ਦੂਰ-ਸੰਚਾਰ ਨੈਟਵਰਕ ਬੰਦ ਕਰਨਾ, ਜ਼ਰੂਰਤਾਂ ਤੇ ਮਨੁੱਖੀ ਅਧਿਕਾਰਾਂ ਦੇ ਬੁਨਿਆਦੀ ਅਸੂਲਾਂ ਨਾਲ ਮੇਲ ਨਹੀਂ ਖਾਂਦਾ। ਇਹ ਬਲੈਕ ਆਊਟ ਬਿਨਾਂ ਕਿਸੇ ਵੱਡੇ ਗੁਨਾਹ ਕਰਨ ਦੇ ਬਾਵਜੂਦ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਲਈ ਸਮੂਹਿਕ ਸਜ਼ਾ ਦਾ ਇੱਕ ਰੂਪ ਹੈ।
ਵੈੱਬਸਾਈਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਆਰਟੀਕਲ 370 ਤੇ 35-ਏ ਰੱਦ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕਰਫਿਊ ਲਾ ਦਿੱਤਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਸ਼ਮੀਰ ਘਾਟੀ ਵਿੱਚ ਲੋਕਾਂ ਦੀ ਘੁੰਮਣ-ਫਿਰਨ ਦੀ ਅਜ਼ਾਦੀ ਅਤੇ ਸ਼ਾਂਤੀਪੂਰਨ ਇੱਕ ਥਾਂ ਇਕੱਠੇ ਹੋਣ ਦੀ ਅਜ਼ਾਦੀ ਉੱਤੇ ਪਾਬੰਦੀ ਲਾ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਮਾਹਰਾਂ ਨੇ ਕਿਹਾ ਹੈ ਕਿ ਉਹ ਭਾਰਤੀ ਪ੍ਰਸ਼ਾਸਨ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਅੰਦਰੂਨੀ ਤੌਰ ਉਤੇ ਗਲਤ ਹਨ। ਉਨ੍ਹਾਂ ਅੱਗੇ ਕਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਰਿਪੋਰਟਾਂ ਉੱਤੇ ਗਹਿਰੀ ਚਿੰਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲ ਲੋਕਾਂ ਦੇ ਘਰਾਂ ਵਿੱਚ ਰਾਤ ਦੇ ਹਨ੍ਹੇਰੇ ਵਿੱਚ ਛਾਪੇ ਮਾਰ ਰਹੇ ਹਨ ਤੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਇਹੋ ਜਿਹੀਆਂ ਕਾਰਵਾਈਆਂ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦਾ ਕਾਰਨ ਬਣ ਸਕਦੀਆਂ ਹਨ। ਕਸ਼ਮੀਰ ਘਾਟੀ ਦੇ ਲੋਕਾਂ ਵਿੱਚ ਭਾਰਤ ਪ੍ਰਤੀ ਵਧ ਰਹੇ ਗੁੱਸੇ ਦੇ ਮੱਦੇਨਜ਼ਰ ਉਨ੍ਹਾਂ ਨਾਲ ਇੱਕਜੁੱਟਤਾ ਪ੍ਰਗਟ ਕਰਨ ਦਾ ਇਹ ਵਰਤਾਰਾ ਹਨ੍ਹੇਰੇ ਵਿੱਚ ਰੌਸ਼ਨੀ ਦੇ ਝਲਕਾਰੇ ਵਾਂਗ ਹੈ। ਇਸ ਵਰਤਾਰੇ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਅਜਿਹੀਆਂ ਹਾਂ-ਪੱਖੀ ਕਾਰਵਾਈਆਂ ਹੀ ਕਸ਼ਮੀਰੀਆਂ ਵਿੱਚ ਉਬਲ ਰਹੇ ਗੁੱਸੇ ਨੂੰ ਠੰਢਾ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਕਸ਼ਮੀਰੀਆਂ ਨਾਲ ਇਕਮੁੱਠਤਾ ਦੀਆਂ ਇਹੋ ਅਵਾਜ਼ਾਂ ਹੀ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣ ਵਿੱਚ ਕਾਮਯਾਬ ਹੋਣਗੀਆਂ ਕਿ ਉਨ੍ਹਾਂ ਦੀ ਲੜਾਈ ਭਾਰਤ ਨਾਲ ਨਹੀਂ, ਸਗੋਂ ਇੱਕ ਫਿਰਕੂ ਤੇ ਤਾਨਾਸ਼ਾਹੀ ਵਿਚਾਰਧਾਰਾ ਨਾਲ ਹੈ।

1597 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper