Latest News
ਉਦਯੋਗ ਬੰਦ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ : ਮਾੜੀਮੇਘਾ, ਰਾਜਿੰਦਰ ਪਾਲ

Published on 23 Aug, 2019 11:46 AM.


ਭਿੱਖੀਵਿੰਡ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਅੱਡੇ 'ਤੇ 'ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ' ਨੂੰ ਸਮਰਪਿਤ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਸਮਾਗਮ ਕੀਤਾ ਗਿਆ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਵਾਪਰੇ ਨੂੰ ਸੌ ਸਾਲ ਹੋ ਗਏ ਹਨ। ਅਸੀਂ ਸ਼ਤਾਬਦੀ ਮੌਕੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਸਾਡਾ ਦੇਸ਼ ਇਨ੍ਹਾਂ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਜ਼ਾਦ ਤਾਂ ਹੋ ਗਿਆ, ਪਰ ਆਜ਼ਾਦ ਭਾਰਤ ਵਿੱਚ ਸਾਡੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹੋਣ ਕਰਕੇ ਅਮੀਰ-ਗਰੀਬ ਵਿੱਚ ਪਾੜਾ ਬਹੁਤ ਵਧ ਗਿਆ ਹੈ। ਦੇਸ਼ ਦੀ ਅੱਸੀ ਫ਼ੀਸਦੀ ਵਸੋਂ ਵੀਹ ਰੁਪਏ ਰੋਜ਼ਾਨਾ ਦਿਹਾੜੀ ਤੋਂ ਘੱਟ ਉਜਰਤ ਨਾਲ ਗੁਜ਼ਾਰਾ ਕਰ ਰਹੀ ਹੈ।
ਕਿਸਾਨ, ਮਜ਼ਦੂਰ, ਬੇਰੁਜ਼ਗਾਰ ਨੌਜਵਾਨ ਤੇ ਛੋਟਾ ਵਪਾਰੀ ਖ਼ੁਦਕੁਸ਼ੀਆਂ ਕਰ ਰਿਹਾ ਹੈ। ਦੇਸ਼ ਦੇ ਲੱਖਾਂ ਉਦਯੋਗ ਬੰਦ ਹੋਣ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਦੇਸ਼ ਵਿੱਚ ਇਸ ਸਮੇਂ ਭਾਰੀ ਆਰਥਕ ਸੰਕਟ ਮੰਡਰਾ ਰਿਹਾ ਹੈ। ਮਾੜੀਮੇਘਾ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਦਰਿਆਵਾਂ ਦੇ ਕੰਢਿਆਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਡੂੰਘਾਈ ਕੀਤੀ ਜਾਂਦੀ ਹੈ। ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਪਰ ਪਾਣੀ ਸੰਭਾਲ ਕੇ ਰੱਖਣ ਦੀ ਸਰਕਾਰ ਦੀ ਕੋਈ ਨੀਤੀ ਨਹੀਂ।
ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਰਾਜ ਸਮੇਂ ਔਰਤਾਂ ਦੀ ਇੱਜ਼ਤ/ ਆਬਰੂ ਸੁਰੱਖਿਅਤ ਨਹੀਂ। ਦਿਨ-ਦਿਹਾੜੇ ਔਰਤਾਂ ਨਾਲ ਗੈਂਗਰੇਪ ਹੋ ਰਹੇ ਹਨ। ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾਵੇ, ਜਿਸ ਨਾਲ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਮਿਲੇ। ਉਨ੍ਹਾ ਔਰਤਾਂ ਨੂੰ ਕਿਹਾ ਕਿ ਔਰਤਾਂ ਜਥੇਬੰਦ ਹੋਣ ਤੇ ਪਿੰਡਾਂ ਵਿੱਚ ਇਸਤਰੀ ਸਭਾ ਬਣਾਉਣ।
ਸੀ ਪੀ ਆਈ ਪੰਜਾਬ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਤਾਰਾ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰਕੇ ਲੋਕਾਂ 'ਤੇ ਹੋ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਬਿੱਲਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਪੰਜਾਬ ਵਿੱਚ ਬੱਸਾਂ ਦੇ ਕਿਰਾਏ ਵਧ ਗਏ ਹਨ। ਕੇਂਦਰ ਸਰਕਾਰ ਨੇ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕਤਾ ਦੇ ਅਸਾਵੇਂਪਣ ਵਾਲੇ ਪਾਸੇ ਤੋਂ ਹਟਾ ਕੇ ਕਸ਼ਮੀਰ ਦੀ ਧਾਰਾ 307 ਤੇ 35 ਏ ਤੋੜ ਕੇ ਉਧਰ ਲਾ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਦੀ ਜਮਹੂਰੀਅਤ ਖਤਮ ਕਰ ਦਿੱਤੀ ਹੈ। ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸ਼ਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਇਸ ਵੇਲੇ ਦੇਸ਼ ਦੀ ਜਵਾਨੀ ਨੂੰ ਬਚਾਉਣ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਨਰੇਗਾ) ਸੰਸਦ ਵਿੱਚ ਪਾਸ ਕਰਨ ਦੀ ਲੋੜ ਹੈ। ਇਹ ਕਾਨੂੰਨ ਬਣਨ ਨਾਲ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲਣ ਦੀ ਗਰੰਟੀ ਹੋਵੇਗੀ, ਜੇ ਰੁਜ਼ਗਾਰ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਜ਼ਰੂਰ ਮਿਲੇਗਾ। ਉਨ੍ਹਾ ਕਿਹਾ ਕਿ ਬਨੇਗਾ ਦੀ ਪ੍ਰਾਪਤੀ ਲਈ ਭਗਤ ਸਿੰਘ ਦੇ ਜਨਮ ਦਿਵਸ 'ਤੇ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਪੱਧਰ ਦਾ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ।
ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਪਵਨ ਕੁਮਾਰ ਮਲਹੋਤਰਾ ਨੇ ਨਰੇਗਾ ਕਾਮਿਆਂ ਨੂੰ ਕੰਮ ਦਿਵਾਉਣ ਵਾਸਤੇ ਸਰਕਾਰ 'ਤੇ ਜ਼ੋਰ ਪਾਇਆ ਅਤੇ ਪੰਡਾਲ ਵਿੱਚ ਹੱਥ ਖੜ੍ਹੇ ਕਰਕੇ ਮਤਾ ਪਾਸ ਕਰਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਬਜ਼ੁਰਗ ਕਮਿਊਨਿਸਟ ਆਗੂ ਗੁਰਚਰਨ ਸਿੰਘ ਕੰਡਾ ਨੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸੱਭਿਆਚਾਰਕ ਸਮਾਗਮ 'ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ' ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੇ ਫ਼ਰਜ਼ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਕਾਲਾ ਨੇ ਬਾਖ਼ੂਬੀ ਨਿਭਾਏ।
ਸਮਾਗਮ ਨੂੰ ਸੀ ਪੀ ਆਈ ਦੇ ਜ਼ਿਲ੍ਹੇ ਦੇ ਮੀਤ ਸਕੱਤਰ ਦਵਿੰਦਰ ਸੋਹਲ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਜੈਮਲ ਸਿੰਘ ਬਾਠ, ਨਰਿੰਦਰ ਸਿੰਘ ਅਲਗੋਂ, ਰੁਪਿੰਦਰ ਕੌਰ ਮਾੜੀਮੇਘਾ, ਟਹਿਲ ਸਿੰਘ ਲੱਧੂ, ਬਲਬੀਰ ਸਿੰਘ ਬੱਲੂ, ਕਾਬਲ ਸਿੰਘ ਖਾਲੜਾ, ਨਿਸ਼ਾਨ ਸਿੰਘ ਵਾਂ, ਹਰਜਿੰਦਰ ਕੌਰ ਅਲਗੋਂ, ਵੀਰ ਕੌਰ ਸਾਂਡਪੁਰਾ, ਰਸ਼ਪਾਲ ਸਿੰਘ ਬਾਠ, ਸੁਖਵੰਤ ਸਿੰਘ ਲੱਖਨਾ, ਜਸਪਾਲ ਸਿੰਘ ਕਲਸੀਆਂ, ਗੁਰਚੰਦ ਸਿੰਘ ਭਗਵਾਨਪੁਰਾ, ਕਿੰਦਰ ਕੌਰ ਅਲਗੋਂ, ਬਿੰਦੂ ਅਲਗੋਂ, ਗੁਰਮੀਤ ਕੌਰ ਭਗਵਾਨਪੁਰਾ, ਚਰਨਜੀਤ ਸਿੰਘ ਚੇਲਾ, ਮਨਜੀਤ ਕੌਰ ਅਲਗੋਂ, ਬਲਬੀਰ ਸਿੰਘ ਲਹਿਰੀ, ਅਮਰਜੀਤ ਸਿੰਘ ਮਾੜੀਮੇਘਾ ਤੇ ਸੀਮਾ ਸੋਹਲ ਆਦਿ ਨੇ ਸੰਬੋਧਨ ਕੀਤਾ।

107 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper