Latest News
ਡਾਢਿਆਂ ਦੇ ਜ਼ੋਰ ਅੱਗੇ ਕਪੂਰ ਵਾਂਗ ਉੱਡ ਗਈ ਦਲਿਤ ਮਹਿਲਾ ਦੀ ਦੋ ਮਰਲੇ ਜਗ੍ਹਾ

Published on 23 Aug, 2019 11:47 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਇਹ ਸ਼ਾਇਦ ਸਰਕਾਰੀ ਸਰਪ੍ਰਸਤੀ ਵਾਲੇ ਅਹਿਲਕਾਰ ਵੱਲੋਂ ਥਾਪੜਾ ਪ੍ਰਾਪਤ ਇੱਕ ਭੂ ਮਾਫੀਆ ਗਰੋਹ ਦੀ ਕਥਿਤ ਗੁੰਡਾਗਰਦੀ ਦੀ ਵਜ੍ਹਾ ਹੀ ਹੈ ਕਿ ਤਲਵੰਡੀ ਸਾਬੋ ਵਿੱਚ ਇੱਕ ਸੱਤਰ ਸਾਲਾ ਦਲਿਤ ਔਰਤ ਨੂੰ ਨਾ ਸਿਰਫ ਉਸ ਦੇ ਦੋ ਮਰਲਿਆਂ ਦੇ ਇੱਕ ਪਲਾਟ ਵਿੱਚੋਂ ਧੱਕੇ ਨਾਲ ਬਾਹਰ ਕੱਢ ਕੇ ਮਕਾਨ ਉਸਾਰ ਦਿੱਤਾ ਗਿਆ ਹੈ, ਸਗੋਂ ਪੀੜਤ ਮਹਿਲਾ ਦੀ ਬੇਨਤੀ ਉਪਰ ਅਦਾਲਤ ਵੱਲੋਂ ਦਿੱਤੇ ਸਟੇਟਸ ਕੋਅ ਦੇ ਹੁਕਮਾਂ ਦੀ ਕਾਪੀ, ਜੋ ਝਗੜੇ ਵਾਲੀ ਜਗ੍ਹਾ 'ਤੇ ਚਿਪਕਾਈ ਗਈ ਸੀ, ਨੂੰ ਡਾਢੇ ਉੱਥੋਂ ਲਾਹ ਕੇ ਪਰ੍ਹਾਂ ਵਗਾਹ ਮਾਰਨ ਤੱਕ ਦੀ ਦੀਦਾ ਦਲੇਰੀ ਤੱਕ ਵੀ ਪੁੱਜ ਗਏ ਹਨ। ਇੱਥੋਂ ਦੇ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਪੈਂਦਾ ਇੱਕ ਪਲਾਟ (2 ਮਰਲੇ ਜਗ੍ਹਾ) ਕਈ ਸਾਲ ਪਹਿਲਾਂ ਛਿੰਦਰ ਕੌਰ ਪਤਨੀ ਕੁਲਵੰਤ ਸਿੰਘ ਨੇ ਚੰਦ ਸਿੰਘ ਪੁੱਤਰ ਨਰੈਣ ਸਿੰਘ ਤੋਂ ਖਰੀਦਿਆ ਸੀ। ਪੀੜਤ ਮਹਿਲਾ ਦੇ ਦੋਸ਼ ਅਨੁਸਾਰ ਉਸ ਦੀ ਉਕਤ ਜਗ੍ਹਾ ਉੱਪਰ ਇੱਥੋਂ ਦੇ ਕੁਝ ਡਾਢੇ ਲੋਕਾਂ ਨੇ ਇਸ ਕਦਰ ਮੈਲੀ ਅੱਖ ਰੱਖ ਲਈ ਕਿ ਸਰਕਾਰੇ-ਦਰਬਾਰੇ ਉਸ ਵੱਲੋਂ ਵਿਖਾਏ ਇਕਰਾਰਨਾਮੇ, ਰਜਿਸਟਰੀ ਅਤੇ ਉਸ ਦੀ ਮਲਕੀਅਤ ਵਾਲੇ ਅਧਿਕਾਰਤ ਦਸਤਾਵੇਜ਼ਾਂ ਦੇ ਹੁੰਦਿਆਂ ਵੀ ਉਸ ਨੂੰ ਸ਼ਾਇਦ ਇਸ ਲਈ ਉਕਤ ਜਗ੍ਹਾ 'ਚੋਂ ਬਾਹਰ ਕਰ ਦਿੱਤਾ ਗਿਆ, ਕਿਉਂਕਿ ਉਸ ਦੀ ਕਿਤੇ ਵੀ ਪਹੁੰਚ ਨਹੀਂ ਸੀ। ਪਿਛਲੇ ਦਿਨੀਂ ਜਦੋਂ ਉਕਤ ਪੀੜਤ ਮਹਿਲਾ ਆਪਣੇ ਸਾਰੇ ਅਧਿਕਾਰਤ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਪੁਲਸ ਮੁਖੀ ਦੇ ਦਰਬਾਰ ਪੁੱਜੀ ਤਾਂ ਭਾਵੇਂ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਉਸ ਦੀ ਦਰਖਾਸਤ ਉੱਪਰ ਤੁਰੰਤ ਕਾਰਵਾਈ ਕਰਨ ਲਈ ਡੀ ਐੱਸ ਪੀ ਅਤੇ ਸਥਾਨਕ ਪੁਲਸ ਨੂੰ ਲਿਖਿਆ ਗਿਆ ਸੀ, ਪ੍ਰੰਤੂ ਜਿੱਥੇ ਅਦਾਲਤ ਦੇ ਇੱਕ ਮਾਨਯੋਗ ਜੱਜ ਵੱਲੋਂ ਦਿੱਤੇ ਹੁਕਮਾਂ ਦੀ ਕਾਪੀ ਨੂੰ ਝਗੜੇ ਵਾਲੀ ਥਾਂ ਤੋਂ ਪਾੜ ਕੇ ਕਈ ਦਿਨ ਅਤੇ ਰਾਤਾਂ ਨੂੰ ਵੀ ਉਸਾਰੀ ਕੀਤੀ ਜਾਂਦੀ ਰਹੀ ਸੀ, ਉੱਥੇ ਜ਼ਿਲ੍ਹਾ ਪੁਲਸ ਮੁਖੀ ਦੇ ਕਾਰਵਾਈ ਕਰਨ ਦੇ ਹੁਕਮ ਵੀ ਕਾਗਜ਼ਾਂ ਵਿੱਚ ਹੀ ਸਿਮਟ ਕੇ ਰਹਿ ਗਏ ।ਪੀੜਤ ਮਹਿਲਾ ਅਨੁਸਾਰ ਭਾਵੇਂ ਉਸ ਨੇ ਮਿਤੀ 9-8-2019 ਨੂੰ ਅਦਾਲਤ ਦੇ ਹੁਕਮ ਦੀ ਕਾਪੀ ਸਮੇਤ ਆਪਣੇ ਵੱਲੋਂ ਇੱਕ ਉਹ ਅਰਜ਼ੀ ਪੁਲਸ ਨੂੰ ਰਸੀਵ ਕਰਵਾ ਦਿੱਤੀ ਸੀ, ਜਿਸ ਵਿੱਚ ਅਦਾਲਤੀ ਹੁਕਮਾਂ ਅਨੁਸਾਰ ਉਕਤ ਪਲਾਟ ਵਿੱਚ ਉਸਾਰੀ ਰੋਕਣ ਦੀ ਪੁਲਸ ਨੂੰ ਬੇਨਤੀ ਕੀਤੀ ਗਈ ਸੀ, ਪੁਲਸ ਨੇ ਅਦਾਲਤੀ ਹੁਕਮਾਂ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਉੱਥੇ ਲੱਗਭੱਗ ਡੇਢ ਹਫ਼ਤਾ ਗੈਰਕਾਨੂੰਨੀ ਉਸਾਰੀ ਹੁੰਦੀ ਰਹਿਣ ਦੇ ਕੇ ਪਿੱਛੋਂ 20-8-2019 ਨੂੰ ਇਕ ਰਿਪੋਰਟ ਦਰਜ ਕੀਤੀ ਹੈ, ਜਿਸ ਦੇ ਬਾਵਜੂਦ ਉੱਥੇ ਉਸਾਰੀ ਕੀਤੀ ਜਾ ਰਹੀ ਹੈ।

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper