Latest News
ਕੈਪਟਨ ਸਰਕਾਰ ਗੈਰ-ਕਾਨੂੰਨੀ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਨੱਥ ਪਾਉਣ 'ਚ ਨਾਕਾਮ : ਪ੍ਰੀਤਮ ਸਿੰਘ

Published on 23 Aug, 2019 11:48 AM.


ਬਠਿੰਡਾ (ਬਖਤੌਰ ਢਿੱਲੋਂ)
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ, ਇਸ ਲਈ ਜਾਣ-ਬੁੱਝ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਹਥਿਆਏ ਗਏ ਪਰਮਿਟਾਂ ਨੂੰ ਅੱਜ ਤੱਕ ਰੱਦ ਨਹੀਂ ਕੀਤਾ ਗਿਆ। ਇਹ ਦੋਸ਼ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਆਗੂ ਪ੍ਰੀਤਮ ਸਿੰਘ ਐਡਵੋਕੇਟ ਨੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਲਾਇਆ।
ਸਥਾਨਕ ਪੀ ਆਰ ਟੀ ਸੀ ਵਰਕਸ਼ਾਪ ਦੇ ਗੇਟ ਅੱਗੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਵੱਲੋਂ ਸ਼ੁੱਕਰਵਾਰ ਇੱਕ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ, ਰਨਿੰਗ ਸਟਾਫ਼ ਦੇ ਕੰਟਰੈਕਟ ਅਤੇ ਠੇਕੇਦਾਰੀ ਅਧੀਨ ਕਰਮਚਾਰੀਆਂ ਨੇ ਬਕਾਇਦਾ ਛੁੱਟੀਆਂ ਲੈ ਕੇ ਭਾਗ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੀਤਮ ਸਿੰਘ ਨੇ ਕਿਹਾ ਕਿ ਸਮੁੱਚਾ ਕਰਮਚਾਰੀ ਵਰਗ ਖਾਸ ਕਰਕੇ ਪੀ ਆਰ ਟੀ ਸੀ ਕਰਮਚਾਰੀ ਅਤੀ ਮਾੜੇ ਦੌਰ 'ਚੋਂ ਗੁਜ਼ਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਰਕਾਰ ਦੇ ਸੱਤਾ ਵਿੱਚ ਆਉਣ 'ਤੇ ਟਰਾਂਸਪੋਰਟ ਮਾਫ਼ੀਆ ਦਾ ਖਾਤਮਾ ਕਰ ਦਿੱਤਾ ਜਾਵੇਗਾ, ਪਰ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਨਾ ਤਾਂ ਪਿਛਲੀ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਸਮੇਂ ਟਰਾਂਸਪੋਰਟ ਪਾਲਿਸੀ ਵਿੱਚ ਤਬਦੀਲੀ ਹੋਈ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਵਿਸ਼ੇਸ਼ ਕਰਕੇ ਔਰਬਿਟ ਬੱਸ ਸਰਵਿਸ ਅਤੇ ਦੀਪ ਬੱਸ ਸਰਵਿਸ ਦੀਆਂ ਗੈਰ-ਕਾਨੂੰਨੀ ਚੱਲ ਰਹੀ ਬੱਸ ਸਰਵਿਸ ਨੂੰ ਅੱਜ ਤੱਕ ਰੋਕਿਆ ਗਿਆ ਹੈ।
ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਵੱਲੋਂ ਅੱਜ ਤੱਕ ਪੁਰਾਣੇ ਟਾਈਮ ਟੇਬਲਾਂ ਨੂੰ ਵੀ ਨਹੀਂ ਬਦਲਿਆ ਗਿਆ, ਜਿਸ ਨਾਲ ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ, ਇਸ ਲਈ ਜਾਣ-ਬੁੱਝ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਹਥਿਆਏ ਗਏ ਪਰਮਿਟਾਂ ਨੂੰ ਅੱਜ ਤੱਕ ਰੱਦ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ 'ਤੇ ਗੈਰ-ਕਾਨੂੰਨੀ ਚੱਲ ਰਹੀਆਂ ਬੱਸਾਂ ਨੂੰ ਰੋਕਿਆ ਜਾਵੇ ਜਾਂ ਪੀ ਆਰ ਟੀ ਸੀ ਕੰਟਰੈਕਟ ਹੇਠ ਲਿਆ ਜਾਵੇ। ਉਹਨਾਂ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ। ਪ੍ਰੀਤਮ ਸਿੰਘ ਨੇ ਪੀ ਆਰ ਟੀ ਸੀ ਮੈਨੇਜਮੈਂਟ ਤੋਂ ਵੀ ਮੰਗ ਕੀਤੀ ਕਿ ਐਕਸੀਡੈਂਟ ਕੇਸਾਂ ਵਿੱਚ ਜਿਹਨਾਂ ਡਰਾਈਵਰਾਂ ਨੂੰ ਅਦਾਲਤਾਂ ਵੱਲੋਂ ਦੋਸ਼ ਮੁਕਤ ਕੀਤਾ ਗਿਆ ਹੁੰਦਾ ਹੈ, ਉਹਨਾਂ ਨੂੰ ਕਲੇਮ ਕੇਸਾਂ ਵਿੱਚ ਪਾਏ ਜਾਂਦੇ ਕਲੇਮਾਂ ਤੋਂ ਵੀ ਮੁਕਤ ਕੀਤਾ ਜਾਵੇ ਅਤੇ ਵਿਭਾਗੀ ਪੜਤਾਲਾਂ ਦੇ ਨਾਂਅ ਹੇਠ ਦਿੱਤੀਆਂ ਜਾਂਦੀਆਂ ਸਜ਼ਾਵਾਂ ਖਤਮ ਕੀਤੀਆਂ ਜਾਣ। ਉਹਨਾਂ ਕਰਮਚਾਰੀਆਂ ਦੀ ਵਧੀ ਤਨਖਾਹ ਦੇ ਬਕਾਏ ਦਾ ਤੁਰੰਤ ਭੁਗਤਾਨ ਕਰਨ ਦੀ ਵੀ ਮੰਗ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਅਤੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੀ ਆਰ ਟੀ ਸੀ ਇੱਕ ਸਰਕਾਰੀ ਅਦਾਰਾ ਹੈ, ਜੋ ਪਿਛਲੇ ਪੰਦਰਾਂ ਸਾਲਾਂ ਤੋਂ ਵਗੈਰ ਸਰਕਾਰੀ ਮਦਦ ਦੇ ਕੰਮ ਕਰ ਰਿਹਾ ਹੈ ਅਤੇ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਯਾਤਰੀ ਟੈਕਸ ਤੇ ਰੋਡ ਟੈਕਸ ਦੇ ਰੂਪ ਵਿੱਚ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਹੈ। ਉਹਨਾਂ ਦੋਸ਼ ਲਾਇਆ ਕਿ ਇਹ ਮਹਿਕਮਾ ਅੱਜ ਜਿੱਥੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਇਸ ਦੀ ਮੈਨੇਜਮੈਂਟ ਵੀ ਇਸ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਪਿੱਛੇ ਨਹੀਂ ਰਹੀ। ਉਹਨਾਂ ਕਿਹਾ ਕਿ ਡਿਪੂਆਂ ਵਿੱਚ ਰੈਗੂਲਰ ਜਨਰਲ ਮੈਨੇਜਰ, ਅਕਾਊਂਟ ਅਫ਼ਸਰਾਂ, ਆਡੀਟਰਾਂ ਆਦਿ ਦੀ ਘਾਟ ਹੈ।
ਇਸ ਰੈਲੀ ਨੂੰ ਸਰਵਸ੍ਰੀ ਖਲ ਅਹਿਮਦ ਕੇਂਦਰੀ ਆਗੂ ਤੋਂ ਇਲਾਵਾ ਮਕਮ ਸਿੰਘ, ਸੂ ਸਿੰਘ, ਦਨ ਸਿੰਘ ਬੰਗੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਬਸਪਾ, ਕਰਮਚਾਰੀ ਦਲ, ਇੰਟਕ ਨੂੰ ਛੱਡ ਕੇ ਏਟਕ ਵਿੱਚ ਸ਼ਾਮਲ ਹੋਏ ਕਰੀਬ 70 ਕਰਮਚਾਰੀਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper