Latest News
ਮੰਦਾ ਠੱਲ੍ਹਣ ਲਈ ਬੈਂਕਾਂ ਨੂੰ 70 ਹਜ਼ਾਰ ਕਰੋੜ ਦਾ ਟੀਕਾ

Published on 23 Aug, 2019 11:53 AM.


ਨਵੀਂ ਦਿੱਲੀ : ਆਰਥਕ ਵਿਕਾਸ ਦਰ ਵਿਚ ਲਗਾਤਾਰ ਗਿਰਾਵਟ ਨੂੰ ਰੋਕਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਕਈ ਐਲਾਨ ਕੀਤੇ। ਇਨ੍ਹਾਂ ਵਿਚ ਫਾਰੇਨ ਪੋਰਟਫੋਲੀਓ ਇਨਵੈਸਟਰਜ਼ (ਐੱਫ ਪੀ ਆਈ) ਲਈ ਸਰਚਾਰਜ ਵਾਪਸ ਲੈਣਾ ਅਤੇ ਕਾਰ ਤੇ ਹੋਮ ਲੋਨ ਸਸਤੇ ਕਰਨਾ ਸ਼ਾਮਲ ਹੈ। ਵਿੱਤ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਵਿਚ ਮੌਜੂਦ ਵਿੱਤ ਸਕੱਤਰ ਨੇ ਦੱਸਿਆ ਕਿ ਐੱਫ ਪੀ ਆਈ ਤੇ ਘਰੇਲੂ ਨਿਵੇਸ਼ਕਾਂ ਉੱਤੇ ਸੁਪਰ-ਰਿਚ ਟੈਕਸ ਵਾਪਸ ਲੈਣ ਨਾਲ ਖਜ਼ਾਨੇ ਨੂੰ 1400 ਕਰੋੜ ਦਾ ਘਾਟਾ ਪਵੇਗਾ। ਸੀਤਾਰਮਨ ਨੇ ਕਿਹਾ ਕਿ ਅਰਥ ਵਿਵਸਥਾ ਨੂੰ ਤਕੜੀ ਕਰਨ ਲਈ ਸਰਕਾਰ ਹੋਰ ਕਦਮਾਂ ਦਾ ਵੀ ਐਲਾਨ ਕਰੇਗੀ। ਉਨ੍ਹਾ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿਆਜ ਦਰ ਘਟਾਉਣ ਦਾ ਲਾਭ ਬੈਂਕਾਂ ਕਰਜ਼ ਲੈਣ ਵਾਲਿਆਂ ਨੂੰ ਦੇਣਗੀਆਂ। ਇਸ ਨਾਲ ਘਰਾਂ, ਵਹੀਕਲਾਂ ਤੇ ਹੋਰ ਪ੍ਰਚੂਨ ਕਰਜ਼ਿਆਂ 'ਤੇ ਮਾਸਕ ਕਿਸ਼ਤਾਂ ਦੇਣ ਵਾਲਿਆਂ ਨੂੰ ਰਾਹਤ ਮਿਲੇਗੀ।
ਬੱਜਟ ਵਿਚ ਲਾਏ ਗਏ ਸਰਚਾਰਜ ਤੋਂ ਬਾਅਦ ਪੂੰਜੀ ਬਜ਼ਾਰ ਡਾਵਾਂਡੋਲ ਹੋ ਗਿਆ ਸੀ, ਇਸ ਨਾਲ ਦੋ ਤੋਂ ਪੰਜ ਕਰੋੜ ਦੀ ਆਮਦਨ ਵਾਲੇ ਵਿਅਕਤੀ ਦਾ ਟੈਕਸ 35.88 ਫੀਸਦੀ ਤੋਂ ਵਧ ਕੇ 39 ਫੀਸਦੀ ਹੋ ਗਿਆ। ਪੰਜ ਕਰੋੜ ਤੋਂ ਵੱਧ ਵਾਲਿਆਂ ਦਾ 42.7 ਫੀਸਦੀ ਤੱਕ ਵਧ ਗਿਆ ਸੀ। ਸਟਾਰਟਅੱਪ ਤੇ ਉਨ੍ਹਾਂ ਦੇ ਨਿਵੇਸ਼ਕਾਂ ਉਤੇ ਐਂਜਲ ਟੈਕਸ ਦੀਆਂ ਮੱਦਾਂ ਵੀ ਹਟਾ ਲਈਆਂ ਗਈਆਂ ਹਨ। ਕੇਂਦਰ ਸਰਕਾਰ ਪਬਲਿਕ ਸੈਕਟਰ ਦੀਆਂ ਬੈਂਕਾਂ ਵਿਚ 70 ਹਜ਼ਾਰ ਕਰੋੜ ਪਾਏਗੀ, ਤਾਂ ਜੋ ਉਹ ਮਾਰਕਿਟ ਵਿਚ 5 ਲੱਖ ਕਰੋੜ ਸੁੱਟਣ ਦੇ ਯੋਗ ਹੋ ਸਕਣ। ਸਰਕਾਰੀ ਬੈਂਕ ਕਰਜ਼ੇ ਬੰਦ ਹੋਣ ਦੇ 15 ਦਿਨਾਂ ਵਿਚ ਲੋਨ ਦਸਤਾਵੇਜ਼ ਵਾਪਸ ਕਰਨਗੇ। ਉਨ੍ਹਾ ਇਹ ਵੀ ਕਿਹਾ ਕਿ ਟੈਕਸਦਾਤਿਆਂ ਨੂੰ ਖੱਜਲ ਹੋਣ ਤੋਂ ਰੋਕਣ ਲਈ ਸਾਰੇ ਟੈਕਸ ਇਕ ਕੇਂਦਰੀਕ੍ਰਿਤ ਸਿਸਟਮ ਰਾਹੀਂ ਜਾਰੀ ਕੀਤੇ ਜਾਣਗੇ। ਇਹ ਵੱਡਾ ਐਲਾਨ ਵੀ ਕੀਤਾ ਗਿਆ ਹੈ ਕਿ ਮਾਰਚ 2020 ਤੱਕ ਖਰੀਦੇ ਗਏ ਬੀ ਐੱਸ-4 ਵਹੀਕਲ ਰਜਿਸਟ੍ਰੇਸ਼ਨ ਦੀ ਸਾਰੀ ਮਿਆਦ ਤੱਕ ਚਲਣਗੇ। ਇਲੈਕਟ੍ਰਿਕ ਵਹੀਕਲਾਂ ਤੇ ਗੈਸ ਵਾਲੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਰਹੇਗੀ। ਵਹੀਕਲਾਂ ਦੀ ਘਸਾਈ 'ਤੇ ਮਿਲਣ ਵਾਲੀ ਛੋਟ ਹੋਰ 15 ਫੀਸਦੀ ਵਧ ਕੇ ਮਾਰਚ 2020 ਤੱਕ ਮਿਲੇਗੀ। ਵਹੀਕਲਾਂ 'ਤੇ ਵਧੇ ਭਾਰੀ ਰਜਿਸਟ੍ਰੇਸ਼ਨ ਚਾਰਜ 'ਤੇ ਅਮਲ ਅਗਲੇ ਸਾਲ ਤੱਕ ਜੂਨ ਤੱਕ ਟਾਲ ਦਿੱਤਾ ਗਿਆ ਹੈ। ਸਰਕਾਰੀ ਵਿਭਾਗਾਂ 'ਤੇ ਪੁਰਾਣੀਆਂ ਗੱਡੀਆਂ ਨੂੰ ਬਦਲਣ ਲਈ ਨਵੀਂਆਂ ਲੈਣ 'ਤੇ ਰੋਕ ਹਟਾ ਲਈ ਗਈ ਹੈ। ਗੱਡੀਆਂ ਦੀ ਸਕਰੈਪਿੰਗ ਦੀ ਨਵੀਂ ਨੀਤੀ ਦਾ ਐਲਾਨ ਕੀਤਾ ਜਾਵੇਗਾ।
ਪੈਂਡਿੰਗ ਜੀ ਐੱਸ ਟੀ ਰਿਫੰਡ ਦਾ ਭੁਗਤਾਨ 30 ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਭਵਿੱਖ ਵਿਚ 60 ਦਿਨਾਂ ਵਿਚ ਰਿਫੰਡ ਮਿਲ ਜਾਵੇਗਾ। ਸੀਤਾਰਮਨ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਵਿਚ ਦਾਅਵਾ ਕੀਤਾ ਕਿ ਅਰਥ ਵਿਵਸਥਾ ਬਿਹਤਰ ਹਾਲਤ ਵਿਚ ਹੈ। ਪੂਰੀ ਦੁਨੀਆ ਦੇ ਮੁਕਾਬਲੇ ਇਹ ਚੰਗੀ ਹਾਲਤ ਵਿਚ ਹੈ। ਕੇਂਦਰ ਦੇ ਏਜੰਡੇ ਵਿਚ ਆਰਥਕ ਸੁਧਾਰ ਸਭ ਤੋਂ ਉੱਪਰ ਹਨ ਤੇ ਸਰਕਾਰ ਲਗਾਤਾਰ ਸੁਧਾਰ ਵੱਲ ਵਧ ਰਹੀ ਹੈ। ਸੀਤਾਰਮਨ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੰਦਿਆਂ ਕਿਹਾ, 'ਵਿਸ਼ਵ ਜੀ ਡੀ ਪੀ ਵਿਕਾਸ ਦਰ 3.2 ਫੀਸਦੀ ਤੋਂ ਹੇਠਾਂ ਜਾ ਸਕਦੀ ਹੈ, ਜਦਕਿ ਵਿਸ਼ਵ ਮੰਗ ਵੀ ਕਮਜ਼ੋਰ ਰਹੇਗੀ। ਅਮਰੀਕਾ-ਚੀਨ ਵਪਾਰਕ ਜੰਗ ਤੇ ਚੀਨ ਵੱਲੋਂ ਕਰੰਸੀ ਦੀ ਕਦਰ-ਘਟਾਈ ਨਾਲ ਵਿਸ਼ਵ ਵਪਾਰ ਵਿਚ ਕਾਫੀ ਉਤਰਾਅ-ਚੜ੍ਹਾਅ ਵਾਲੇ ਹਾਲਾਤ ਪੈਦਾ ਹੋਏ ਹਨ, ਪਰ ਭਾਰਤ ਦੀ ਆਰਥਕ ਵਿਕਾਸ ਦਰ ਕਈ ਦੇਸ਼ਾਂ ਦੀ ਤੁਲਨਾ ਵਿਚ ਉੱਚੀ ਹੈ।' ਉਨ੍ਹਾ ਕਿਹਾ ਕਿ ਸੰਪਤੀ ਦਾ ਸਿਰਜਨ ਕਰਨ ਵਾਲਿਆਂ ਦਾ ਸਨਮਾਨ ਬੱਜਟ ਦੀ ਮੂਲ ਭਾਵਨਾ ਹੈ। ਕਾਰਪੋਰੇਟ ਦੀ ਸਮਾਜੀ ਜ਼ਿੰਮੇਵਾਰੀ ਦੇ ਨਿਯਮਾਂ ਦੀ ਉਲੰਘਣਾ ਨੂੰ ਦੀਵਾਨੀ ਮਾਮਲੇ ਵਜੋਂ ਦੇਖਿਆ ਜਾਵੇਗਾ, ਇਸ ਨੂੰ ਫੌਜਦਾਰੀ ਮਾਮਲਿਆਂ ਦੀ ਕੈਟਾਗਰੀ ਵਿਚ ਨਹੀਂ ਰੱਖਿਆ ਜਾਵੇਗਾ।

354 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper