Latest News
ਭਾਜਪਾ ਆਗੂ ਦੀਆਂ ਬੇਥਵ੍ਹੀਆਂ

Published on 25 Aug, 2019 11:05 AM.


ਆਪਣੇ ਬੇਸਿਰ-ਪੈਰ ਦੇ ਬਿਆਨਾਂ ਲਈ ਚਰਚਿਤ ਭਾਜਪਾ ਦੇ ਰਾਜ ਸਭਾ ਸਾਂਸਦ ਸੁਬਰਾਮਨੀਅਮ ਸਵਾਮੀ ਨੇ ਚੰਡੀਗੜ੍ਹ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਓਨਾ ਚਿਰ ਪਾਕਿਸਤਾਨ ਨਾਲ ਕੋਈ ਵੀ ਸਾਂਝ ਨਹੀਂ ਰੱਖਣੀ ਚਾਹੀਦੀ, ਜਿੰਨਾ ਚਿਰ ਉਸ ਦੇ ਟੋਟੇ ਨਹੀਂ ਕਰ ਦਿੱਤੇ ਜਾਂਦੇ। ਇਸ ਦੇ ਨਾਲ ਹੀ ਉਨ੍ਹਾ ਇਹ ਮੰਗ ਵੀ ਕਰ ਦਿੱਤੀ ਕਿ ਭਾਰਤ ਤੇ ਪਾਕਿਸਤਾਨ ਵੱਲੋਂ ਉਸਾਰੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਵੀ ਤੁਰੰਤ ਰੋਕ ਦੇਣਾ ਚਾਹੀਦਾ ਹੈ। ਉਹ ਇਥੇ ਹੀ ਨਹੀਂ ਰੁਕੇ, ਉਨ੍ਹਾ ਇੱਕ ਵੱਖਰੇ ਢੰਗ ਨਾਲ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਵੀ ਪ੍ਰਭਾਸ਼ਤ ਕਰ ਦਿੱਤਾ। ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾ ਕਿਹਾ ਕਿ ਮੁਸਲਿਮ ਤੇ ਈਸਾਈਆਂ ਨੂੰ ਛੱਡ ਕੇ ਸਭ ਭਾਰਤੀ ਹਿੰਦੂ ਹਨ।
ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਹਾਸਲ ਕਰਨ ਦੇ ਵਿਸ਼ੇ ਸੰਬੰਧੀ ਡੀ ਏ ਵੀ ਕਾਲਜ ਚੰਡੀਗੜ੍ਹ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਸਿੱਖ, ਬੋਧੀ ਤੇ ਜੈਨ ਸਮੁਦਾਏ ਦਾ ਮੁੱਢ ਭਾਰਤੀ ਹੈ, ਜੋ ਇੱਕ ਹਿੰਦੂ ਰਾਸ਼ਟਰ ਹੈ। ਉਨ੍ਹਾ ਇਹ ਵੀ ਕਿਹਾ ਕਿ ਕਸ਼ਮੀਰ ਵੀ ਹਿੰਦੂ ਰਾਜ ਹੈ, ਜਿਸ ਉੱਤੇ 1190 ਵਿੱਚ ਇਸਲਾਮ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੀ ਸਾਂਝ ਨਹੀਂ ਹੋਣੀ ਚਾਹੀਦੀ ਅਤੇ ਉਹ ਸਮਝਦੇ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਕੋਈ ਲੋੜ ਨਹੀਂ ਹੈ। ਉਨ੍ਹਾ ਇਹ ਸ਼ੇਖੀ ਵੀ ਮਾਰ ਦਿੱਤੀ ਕਿ ਜਦੋਂ ਅਸੀਂ ਪਾਕਿਸਤਾਨ ਦੇ ਟੋਟੇ ਕਰ ਦੇਵਾਂਗੇ, ਫਿਰ ਖੁਦ ਇਸ ਲਾਂਘੇ ਦੀ ਉਸਾਰੀ ਕਰ ਲਵਾਂਗੇ।
ਸਵਾਮੀ ਦੇ ਇਸ ਬਿਆਨ ਤੋਂ ਤਾਂ ਇਹੋ ਜਾਪਦਾ ਹੈ ਕਿ ਭਾਜਪਾ ਆਗੂ ਕਿਸੇ ਸੁਫ਼ਨਿਆਂ ਦੇ ਸੰਸਾਰ ਵਿੱਚ ਰਹਿ ਰਹੇ ਹਨ। ਜਿਹੜਾ ਆਦਮੀ ਇਹ ਸੋਚਦਾ ਹੈ ਕਿ ਇੱਕ ਨਿਊਕਲਿਆਈ ਦੇਸ਼ ਦੂਜੇ ਨਿਊਕਲਿਆਈ ਦੇਸ਼ ਨੂੰ ਤੋੜ ਦੇਵੇਗਾ ਜਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ ਤਾਂ ਉਸ ਦੀ ਦਿਮਾਗੀ ਹਾਲਤ ਦੇ ਸਹੀ ਹੋਣ ਉੱਤੇ ਸ਼ੱਕ ਕੀਤਾ ਜਾਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਵਿੱਚ ਪੈਦਾ ਹੋਏ ਨਵੇਂ ਹਾਲਾਤ ਤੋਂ ਬਾਅਦ ਤਾਂ ਸਮੱਸਿਆ ਇਹ ਹੈ ਕਿ ਆਪਣੇ ਪਾਸੇ ਵਾਲੇ ਕਸ਼ਮੀਰ ਨੂੰ ਭਾਰਤ ਦੇ ਨਾਲ ਕਿਵੇਂ ਜੋੜ ਕੇ ਰੱਖਿਆ ਜਾਵੇ।
ਅਗਲੀ ਗੱਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਹੈ। ਇਹ ਲਾਂਘਾ ਦੁਨੀਆ ਭਰ ਦੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸਮੁੱਚਾ ਸਿੱਖ ਭਾਈਚਾਰਾ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਜਸ਼ਨ ਮਨਾ ਰਿਹਾ ਹੈ ਤੇ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹੈ, ਜਦੋਂ ਉਹ ਆਪਣੇ ਗੁਰੂ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਸਵਾਮੀ ਸਾਹਿਬ ਨੂੰ ਸ਼ਾਇਦ ਇਹ ਗਿਆਨ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਸਿਰਫ਼ ਭਾਰਤੀ ਪੰਜਾਬੀ ਹੀ ਨਹੀਂ, ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬੀ ਵੀ ਪੂਰਨ ਵਿਸ਼ਵਾਸ ਰੱਖਦੇ ਹਨ।
ਭਾਜਪਾ ਆਗੂ ਦਾ ਸਿੱਖਾਂ ਨੂੰ ਇਹ ਸਮਝਾਉਣਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਮਾੜੇ ਇਰਾਦਿਆਂ ਨੂੰ ਸਮਝਣਾ ਚਾਹੀਦਾ ਹੈ, ਸ਼ਰਾਰਤਪੂਰਨ ਹੈ। ਪੰਜਾਬੀਆਂ ਨੇ ਹਿੰਦ-ਪਾਕਿ ਦੀਆਂ ਦੋ ਜੰਗਾਂ ਅੱਗੇ ਹੋ ਕੇ ਲੜੀਆਂ ਹਨ। ਉਹ ਜਾਣਦੇ ਹਨ ਕਿ ਜੰਗਾਂ ਨਾਲ ਜਾਨ-ਮਾਲ ਦਾ ਕਿੰਨਾ ਨੁਕਸਾਨ ਹੁੰਦਾ ਹੈ ਅਤੇ ਇਧਰਲੇ ਤੇ ਉਧਰਲੇ ਲੋਕਾਂ ਦਾ ਭਾਈਚਾਰਾ ਹੀ ਸ਼ਾਂਤੀ ਦਾ ਜਾਮਨ ਹੁੰਦਾ ਹੈ।
ਭਾਜਪਾ ਆਗੂ ਨੇ ਆਪਣੇ ਭਾਸ਼ਣ ਵਿੱਚ ਬੜੀ ਚਤੁਰਾਈ ਨਾਲ ਸਿੱਖ-ਮੁਸਲਿਮ ਤੇ ਸਿੱਖ-ਈਸਾਈ ਵਿੱਚ ਲਕੀਰ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਸ ਵਿੱਚ ਉਨ੍ਹਾ ਦੀ ਫਿਰਕੂ ਵਿਚਾਰਧਾਰਾ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ। ਅੱਜ ਜਦੋਂ ਸਮੁੱਚੇ ਦੇਸ਼ ਦੀ ਜਾਗਰੂਕ ਜਨਤਾ ਕਸ਼ਮੀਰ ਦੇ 70 ਲੱਖ ਲੋਕਾਂ ਦੀ ਜਬਰਨ ਜੇਲ੍ਹਬੰਦੀ ਤੋਂ ਚਿੰਤਤ ਹੈ, ਉਸ ਵੇਲੇ ਭਾਜਪਾ ਆਗੂਆਂ ਦੇ ਅਜਿਹੇ ਭੜਕਾਊ ਬਿਆਨ ਲੋਕਾਂ ਦਾ ਧਿਆਨ ਉਧਰੋਂ ਭਟਕਾਉਣ ਦੀ ਸੋਚੀ-ਸਮਝੀ ਨੀਤੀ ਹੈ।
ਸਵਾਮੀ ਦੇ ਇਸ ਬਿਆਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਆਪਣਾ ਰੁੱਖ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਭਾਜਪਾ ਦੀ ਇਸ ਵਿਚਾਰਧਾਰਾ ਨਾਲ ਸਹਿਮਤ ਹਨ, ਜਿਹੜੀ ਲਾਂਘੇ ਨੂੰ ਬੰਦ ਕਰਨ, ਹਿੰਦੂ-ਸਿੱਖ-ਮੁਸਲਿਮ, ਈਸਾਈਆਂ ਵਿੱਚ ਵੰਡ ਪਾਉਣ ਤੇ ਜੰਗ ਭੜਕਾਉਣ ਦੀਆਂ ਗੱਲਾਂ ਕਰਦੀ ਹੈ। ਇਹ ਚੰਗੀ ਗੱਲ ਹੈ ਕਿ ਸਿੱਖਾਂ ਦੇ ਧਾਰਮਿਕ ਆਗੂਆਂ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹਨ, ਨੇ ਸਵਾਮੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਭਾਜਪਾ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਰੁਕਾਵਟ ਪਾਉਣ ਤੋਂ ਬਾਜ਼ ਆਉਣ।

1714 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper