Latest News
ਆਜ਼ਾਦੀ ਤੋਂ ਬਾਅਦ ਸਾਹਮਣੇ ਆਈਆਂ ਚੰਗੀਆਂ ਪ੍ਰੰਪਰਾਵਾਂ ਮੋਦੀ ਸਰਕਾਰ ਨੇ ਕੀਤੀਆਂ ਤਹਿਸ-ਨਹਿਸ : ਅਰਸ਼ੀ

Published on 07 Sep, 2019 09:41 AM.

ਸ਼ਾਹਕੋਟ (ਗਿਆਨ ਸੈਦਪੁਰੀ)
ਅੱਜ ਇੱਥੋਂ ਨੇੜੇ ਪੈਂਦੇ ਮਹਿਤਪੁਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਮਸਲੇ, ਪੰਜਾਬ ਸਰਕਾਰ ਦੀ ਮੰਦੀ ਹਾਲਤ ਅਤੇ ਕੌਮੀ ਪੱਧਰ ਦੇ ਸਿਆਸੀ ਅਤੇ ਆਰਥਿਕ ਮਸਲਿਆਂ ਦੀ ਚੀਰ-ਫਾੜ ਕਰਦਿਆਂ ਖੱਬੀਆਂ ਅਤੇ ਹੋਰ ਜਮਹੂਰੀ ਧਿਰਾਂ ਨੂੰ ਇੱਕ ਮੰਚ 'ਤੇ ਇਕੱਤਰ ਹੋ ਕੇ ਸੰਘਰਸ਼ਾਂ ਦਾ ਪਿੜ ਮੱਲਣ ਦੀ ਅਪੀਲ ਕੀਤੀ ਹੈ।
ਕਮਿਊਨਿਸਟ ਆਗੂ ਨੇ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਲਈ ਸਰਕਾਰੀ ਤੰਤਰ ਨੂੰ ਦੋਸ਼ੀ ਠਹਿਰਾਉਂਦਿਆਂ ਹੋਏ ਭਾਰੀ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾ ਕਿਹਾ ਕਿ ਡਰੇਨਜ਼ ਵਿਭਾਗ ਦੀ ਲਾਪਰਵਾਹੀ ਅਤੇ ਦਰਿਆ ਵਿੱਚ ਹੋਈ ਨਜਾਇਜ਼ ਮਾਈਨਿੰਗ ਹੜ੍ਹ ਆਉਣ ਦਾ ਕਾਰਨ ਬਣੀ ਹੈ। ਅਰਸ਼ੀ ਨੇ ਕਿਹਾ ਕਿ ਹੜ੍ਹ ਨਾਲ ਜਿੱਥੇ ਫਸਲਾਂ ਤਬਾਹ ਹੋਈਆਂ ਹਨ, ਉੱਥੇ ਘਰਾਂ ਅਤੇ ਪਸ਼ੂਧਨ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਹੋਏ ਨੁਕਸਾਨ ਦਾ ਫੌਰਨ ਮੁਆਵਜ਼ਾ ਦਿੱਤਾ ਜਾਵੇ। ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਅਰਸ਼ੀ ਨੇ ਅੱਗੇ ਕਿਹਾ ਕਿ ਇਸ ਵੱਡੇ ਦੇਸ਼ ਦੀ ਸਮੁੱਚੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾ ਕਿਹਾ ਕਿ ਪਿਛਲੇ ਮਹੀਨੇ ਦੇਸ਼ ਸੁਤੰਤਰਤਾ ਦਿਵਸ ਮਨਾ ਕੇ ਹਟਿਆ ਹੈ। ਅਸੀਂ ਸਭ ਜਾਣਦੇ ਹਾਂ ਆਜ਼ਾਦੀ ਦੀ ਪ੍ਰਾਪਤੀ ਉਪਰੰਤ ਕਈ ਉਸਾਰੂ ਅਤੇ ਮਾਨਵਵਾਦੀ ਪ੍ਰੰਪਰਾਵਾਂ ਸਾਹਮਣੇ ਆਈਆਂ ਸਨ। ਇਹਨਾਂ ਪਰੰਪਰਾਵਾਂ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਹੱਕ, ਬੋਲਣ ਦੀ ਆਜ਼ਾਦੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਸ਼ਾਮਲ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਇਹਨਾਂ ਸਭ ਪ੍ਰੰਪਰਾਵਾਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।
ਕਮਿਊਨਿਸਟ ਆਗੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਹਰ ਪਾਸੇ ਫਾਸ਼ੀਵਾਦ ਦਾ ਰੁਝਾਨ ਆਪਣੀ ਰਫਤਾਰ ਫੜਦਾ ਨਜ਼ਰ ਆ ਰਿਹਾ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਦਹਿਸ਼ਤੀ ਮਾਹੌਲ ਵਿੱਚ ਦਿਨ ਕਟੀ ਕਰ ਰਹੀਆਂ ਹਨ। ਹਜੂਮੀ ਹਮਲੇ ਲਗਾਤਾਰ ਜਾਰੀ ਹਨ।
ਆਪਣੀ ਅਸਰਦਾਰ ਤਕਰੀਰ ਵਿੱਚ ਕਾਮਰੇਡ ਅਰਸ਼ੀ ਨੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਸ਼ਮੀਰੀਆਂ ਦੇ ਸਵੈਮਾਣ ਨੂੰ ਕੁਚਲ ਕੇ ਸੂਬੇ ਦਾ ਨਾਂਅ ਹਿੰਦੁਸਤਾਨ ਦੇ ਨਕਸ਼ੇ ਤੋਂ ਮਿਟਾ ਦਿੱਤਾ ਗਿਆ ਹੈ। ਵਾਦੀ ਦੇ ਵਾਸੀ ਬੁਰੀ ਤਰ੍ਹਾਂ ਦਹਿਸ਼ਤਜ਼ਦਾ ਹਨ। ਦੇਸ਼ ਦੇ ਹਾਕਮ ਇਸ ਨੂੰ ਵੱਡੀ ਪ੍ਰਾਪਤੀ ਦੱਸ ਕੇ ਆਪਣੀ ਪਿੱਠ ਥਾਪੜ ਰਹੇ ਹਨ।
ਮੁਲਕ ਦੇ ਆਰਥਿਕ ਹਾਲਾਤ ਦਾ ਜ਼ਿਕਰ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੇਸ਼ ਦੀਵਾਲੀਆਪਨ ਵੱਲ ਵਧਦਾ ਨਜ਼ਰ ਆ ਰਿਹਾ ਹੈ। ਜੀ ਐੱਸ ਟੀ ਦੇ ਮਾੜੇ ਅਸਰ ਸਪੱਸ਼ਟ ਨਜ਼ਰ ਆਉਣ ਲੱਗੇ ਹਨ। ਰਿਜ਼ਰਵ ਬੈਂਕ ਦੀ ਵੀ ਮੌਜੂਦਾ ਸਰਕਾਰ ਨੇ ਬਾਂਹ ਮਰੋੜ ਲਈ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਆਰ ਬੀ ਆਈ ਦੀ ਬਾਂਹ ਮਰੋੜਨ ਦੇ ਅਰਥ ਸਪੱਸ਼ਟ ਹਨ ਕਿ ਆਰਥਿਕ ਤੌਰ 'ਤੇ ਦੇਸ਼ ਇਸ ਹਾਲਤ ਨੂੰ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਲੋਕਾਂ ਕੋਲੋਂ ਰੁਜ਼ਗਾਰ ਖੁਸ ਚੁੱਕਾ ਹੈ। ਬੇਰੁਜ਼ਗਾਰੀ ਭਿਆਨਕ ਰੂਪ ਅਖਤਿਆਰ ਕਰ ਗਈ ਹੈ।
ਕਾਮਰੇਡ ਅਰਸ਼ੀ ਨੇ ਆਪਣੀ ਗੱਲ ਖਤਮ ਕਰਦਿਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਰੋਕਣ ਅਤੇ ਆਰ ਐੱਸ ਐੱਸ ਦੇ ਹਿੰਦੂਤਵ ਅਤੇ ਜਾਤੀ ਧਰੁਵੀਕਰਨ ਦਾ ਮੁਕਾਬਲਾ ਕਰਨ ਲਈ ਇੱਕ ਮੰਚ 'ਤੇ ਇਕੱਠੇ ਹੋ ਕੇ ਸੰਘਰਸ਼ ਦੇ ਪਿੜ ਮੱਲਣ ਵੱਲ ਸੇਧਤ ਹੋਣ। ਪੰਜਾਬ ਸਰਕਾਰ ਬਾਰੇ ਬੋਲਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਸਰਕਾਰ ਦੀ ਕਿੱਧਰੇ ਹੋਂਦ ਹੀ ਨਹੀਂ ਦਿਸ ਰਹੀ। ਇੰਜ ਮਹਿਸੂਸ ਹੁੰਦਾ ਹੈ ਕਿ ਇੱਥੇ ਤੀਸਰੀ ਵਾਰ ਵੀ ਅਕਾਲੀ ਰਾਜ ਕਰ ਰਹੇ ਹਨ। ਕਾਮਰੇਡ ਚਰਨਜੀਤ ਥੰਮੂਵਾਲ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਅਰਸ਼ੀ ਦੀ ਅਗਵਾਈ ਵਿੱਚ ਪਾਰਟੀ ਵੱਲੋਂ ਆਉਂਦੇ ਦਿਨਾਂ ਦੌਰਾਨ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਾਨਫਰੰਸ ਵਿੱਚ ਸੋਨੂੰ ਅਰੋੜਾ ਅਤੇ ਸੁਨੀਲ ਕੁਮਾਰ ਨੇ ਵੀ ਸੰਬੋਧਨ ਕੀਤਾ। ਚੱਕ ਦੇਸ ਰਾਜ ਦੀ ਟੀਮ ਨੇ ਇਨਕਲਾਬੀ ਨਾਟਕਾਂ ਦੀ ਪੇਸ਼ਕਾਰੀ ਕੀਤੀ।

297 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper