Latest News
ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ, ਇਕ ਜ਼ਖਮੀ

Published on 07 Sep, 2019 10:00 AM.

ਜਲੰਧਰ (ਇਕਬਾਲ ਸਿੰਘ ਉੱਭੀ/ਸ਼ੈਲੀ ਐਲਬਰਟ)
ਇਕ ਟੀ ਵੀ ਚੈਨਲ ਉੱਤੇ ਚੱਲ ਰਹੇ ਸੀਰੀਅਲ 'ਰਾਮ ਸਿਆ ਕੇ ਲਵ ਕੁਸ਼' ਦੀ ਜੀਵਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਅੱਜ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿਚ ਗੋਲੀ ਚੱਲਣ ਦੀ ਖਬਰ ਹੈ।
ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ। ਮੌਕੇ ਉਤੇ ਵੱਡੀ ਗਿਣਤੀ ਵਿਚ ਪੁਲਸ ਤਾਇਨਾਤ ਹੈ। ਜ਼ਖਮੀ ਵਿਅਕਤੀ ਨੂੰ ਨਕੋਦਰ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਭੇਜ ਦਿੱਤਾ। ਬੰਦ ਦੌਰਾਨ ਜਦੋਂ ਬਾਬਾ ਮੁਰਾਦ ਸ਼ਾਹ ਰੋਡ ਉਤੇ ਇਕ ਦੁਕਾਨ ਉਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਤਾਂ ਦੁਕਾਨ ਮਾਲਕ ਨੇ ਆਪਣੇ ਬਚਾਅ ਲਈ ਗੋਲੀ ਚਲਾ ਦਿੱਤੀ, ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਹਿਚਾਣ ਗੁਰਪ੍ਰੀਤ ਵਜੋਂ ਹੋਈ। ਭਾਈਚਾਰੇ ਦਾ ਕਹਿਣਾ ਹੈ ਕਿ ਇਹ ਬੰਦ ਦੀ ਕਾਲ ਇੱਕ ਟੀ ਵੀ ਚੈਨਲ ਵੱਲੋਂ ਪ੍ਰਸਾਰਤ 'ਰਾਮ ਸਿਆ ਕੇ ਲਵ ਕੁਛ' ਵਿੱਚ ਵਾਲਮੀਕਿ ਦੀ ਜੀਵਨੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਬੰਦ ਕਾਰਨ ਸ਼ਹਿਰ ਦੀਆਂ ਕਰੀਬ ਸਾਰੀਆਂ ਦੁਕਾਨਾਂ ਬੰਦ ਰਹੀਆਂ। ਚੈਨਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਜੋਤੀ ਚੌਕ, ਵਰਕਸ਼ਾਪ ਚੌਕ, ਮਿਲਾਪ ਚੌਕ, ਕੰਪਨੀ ਬਾਗ਼ ਚੌਕ, ਨਕੋਦਰ ਚੌਕ, ਰਵਿਦਾਸ ਚੌਕ, ਵਡਾਲਾ ਚੌਕ ਵਿਖੇ ਟੈਂਟ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਨਾਲ ਲਗਦੇ ਲਾਂਬੜਾ ਕਸਬੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਅੱਡੇ ਵਿੱਚ ਧਰਨਾ ਮਾਰ ਨੇ ਪੂਰੀ ਤਰ੍ਹਾਂ ਬੰਦ ਕੀਤਾ । ਸ਼ਹਿਰ ਦੀਆਂ ਬਸਤੀਆਂ ਵਿੱਚ ਵੀ ਧਰਨੇ ਮਾਰੇ ਗਏ। ਸ਼ਹਿਰ ਦੇ ਨਾਲ ਲਗਦੇ ਕਸਬੇ ਜੰਡਿਆਲਾ ਮੰਜਕੀ, ਆਦਮਪੁਰ, ਭੋਗਪੁਰ, ਕਰਤਾਰਪੁਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਧਰਨੇ ਮਾਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਜੋਤੀ ਚੌਕ ਵਿੱਚ ਸਬਜ਼ੀ ਦੀਆਂ ਦੁਕਾਨਾਂ 'ਤੇ ਭੰਨਤੋੜ ਹੋਈ। ਪਹਿਲਾਂ ਤਾਂ ਪ੍ਰਦਰਸ਼ਨਾਕਾਰੀ ਪਿਆਰ ਨਾਲ ਹੀ ਲੋਕਾਂ ਨੂੰ ਕਹਿ ਕੇ ਦੁਕਾਨਾਂ ਬੰਦ ਕਰਵਾਉਂਦੇ ਰਹੇ, ਪਰ ਬਾਅਦ ਵਿੱਚ ਹਾਲਾਤ ਤਣਾਅਪੂਰਣ ਬਣ ਗਏ। ਪਹਿਲਾਂ ਬੱਸਾਂ ਚਲਦੀਆਂ ਰਹੀਆਂ ਤੇ ਬਾਅਦ ਵਿੱਚ ਕਰੀਬ ਹਰ ਪਾਸੇ ਬੱਸਾਂ ਦੀ ਆਵਾਜਾਈ ਬੰਦ ਹੋ ਗਈ। ਰੋਸ ਵਜੋਂ ਬੰਦ ਕਰਵਾਉਣ ਵਾਲੀਆਂ ਜਥੇਬੰਦੀਆਂ ਵਾਲਮੀਕ ਟਾਈਗਰ ਫੋਰਸ, ਇੰਡੀਅਨ ਐਕਸ਼ਨ ਕਮੇਟੀ, ਅਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਸਰਗਰਮੀ ਨਾਲ ਰੋਲ ਨਿਭਾਇਆ। ਬਸਤੀਆਂ ਖੇਤਰ, ਰਵਿਦਾਸ ਚੌਕ ਵਿੱਚ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਨਕੋਦਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨਾਂ ਬੰਦ ਕਰਵਾਉਣ ਨਾਲ ਇੱਕ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਨਕੋਦਰ ਜਲੰਧਰ ਹਾਈਵੇ ਪੂਰੀ ਤਰ੍ਹਾਂ ਜਾਮ ਹੋਣ ਦੇ ਬਾਵਜੂਦ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਅੱਧੀ ਖੋਲ੍ਹੀ ਹੋਈ ਸੀ, ਜਦੋਂ ਪ੍ਰਦਰਸ਼ਕਾਰੀਆਂ ਨੇ ਦੁਕਾਨ ਬੰਦ ਕਰਵਾਉਣ ਲਈ ਕਿਹਾ ਤਾਂ ਉਸ ਨੇ ਅੱਗਿਓਂ ਗੋਲੀ ਚਲਾ ਦਿੱਤੀ, ਜੋ ਪਿੰਡ ਖੁਸਰੋਪੁਰ ਦੇ ਇੱਕ ਨੌਜੁਆਨ ਗੋਪੀ ਦੇ ਲੱਗੀ, ਜਿਸ ਨੂੰ ਤੁਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਵਾਲਮੀਕ ਭਾਈਚਾਰੇ ਦੇ ਆਗੂ ਚੰਦਨ ਗਰੇਵਾਲ ਪਹੁੰਚੇ। ਉਨ੍ਹਾ ਜਲੰਧਰ ਦੇ ਏ ਡੀ ਸੀ ਪੀ ਪਰਮਿੰਦਰ ਸਿੰਘ ਭੰਡਾਲ ਨਾਲ ਗੱਲ ਕੀਤੀ, ਜਿਨ੍ਹਾ ਭਰੋਸਾ ਦੁਆਇਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨਕੋਦਰ ਵਿਖੇ ਪੁਲਸ ਨੇ ਗੋਲੀ ਚਲਾਉਣ ਵਾਲੇ ਦੁਕਾਨਦਾਰ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ।

517 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper