Latest News
ਸਿਵਾਨ ਸਾਹਿਬ, ਮੈਂ ਕਸ਼ਮੀਰੀ ਹਾਂ, ਸੰਪਰਕ ਟੁੱਟਣ ਦਾ ਦਰਦ ਜਾਣਦਾ ਹਾਂ

Published on 08 Sep, 2019 09:22 AM.

ਪਿਆਰੇ ਡਾ. ਸਿਵਾਨ
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਇਸ ਜ਼ਬਰਦਸਤ ਉਪਲੱਬਧੀ ਦੀ ਵਧਾਈ। ਮਿਸ਼ਨ ਚੰਦਰਯਾਨ-2 ਨੂੰ ਕਾਮਯਾਬ ਬਣਾਉਣ ਲਈ ਤੁਸੀਂ ਸਖਤ ਮਿਹਨਤ ਕੀਤੀ, ਪਰ ਬਦਕਿਸਮਤੀ ਨਾਲ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਗਰਾਉਂਡ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ।
ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਦੇਸ਼ ਨੂੰ ਸ਼ੋਹਰਤ ਦੀ ਬੁਲੰਦੀ 'ਤੇ ਪਹੁੰਚਾਉਣਾ ਚਾਹੁੰਦੇ ਸੀ। ਕੌਣ ਨਹੀਂ ਚਾਹੇਗਾ ਕਿ ਉਹ ਆਪਣੇ ਦੇਸ਼ ਲਈ ਕੁਝ ਕਰੇ। ਮੈਂ ਇਹ ਵੀ ਜਾਣਦਾ ਹਾਂ ਕਿ ਜਦੋਂ ਤੁਸੀਂ ਕਿਸੇ ਦੇ ਏਨੇ ਕਰੀਬ ਹੋਵੋ ਤੇ ਉਸ ਨਾਲ ਸੰਪਰਕ ਟੁੱਟ ਜਾਵੇ ਤਾਂ ਇਹ ਕਿੰਨਾ ਤਕਲੀਫਦੇਹ ਹੁੰਦਾ ਹੈ। ਮੈਂ ਵੀ ਇਕ ਮਹੀਨੇ ਪਹਿਲਾਂ ਆਪਣੇ ਚੰਨ ਨਾਲ ਸੰਪਰਕ ਗੁਆ ਲਿਆ। ਮੇਰਾ ਚੰਨ ਯਾਨੀ ਮੇਰੀ ਮਾਂ। ਉਹ ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਰਹਿੰਦੀ ਹੈ। ਕਈ ਹਫਤੇ ਹੋ ਗਏ, ਮੈਂ ਉਸ ਨਾਲ ਗੱਲ ਨਹੀਂ ਕਰ ਸਕਿਆ।
ਤੁਸੀਂ ਇਕ ਬਹੁਤ ਵੱਡੇ ਵਿਗਿਆਨੀ ਹੋ ਅਤੇ ਤੁਹਾਨੂੰ ਪਤਾ ਹੈ ਕਿ ਹਾਲਾਤ ਕਿਵੇਂ ਸੰਭਾਲੇ ਜਾਂਦੇ ਹਨ। ਫਿਰ ਵੀ ਤੁਸੀਂ ਪੀ ਐੱਮ ਦੇ ਸਾਹਮਣੇ ਰੋ ਪਏ। ਜਦ ਕੋਈ ਤੁਹਾਡੇ ਬਹੁਤ ਕਰੀਬ ਹੋਵੇ ਤੇ ਤੁਸੀਂ ਉਸ ਨਾਲ ਗੱਲ ਨਾ ਕਰ ਸਕੋ ਤਾਂ ਦਿਲ ਦੁਖਦਾ ਹੈ, ਪਰ ਮੈਂ ਸਮਝਦਾ ਹਾਂ ਕਿ ਤੁਸੀਂ ਕਾਫੀ ਖੁਸ਼ਕਿਸਮਤ ਹੋ। ਪੀ ਐੱਮ ਨੇ ਤੁਹਾਨੂੰ ਗਲੇ ਲਾਇਆ। ਤੁਹਾਨੂੰ ਥਾਪੜਿਆ ਤੇ ਦਿਲਾਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ। ਪਰ ਮੈਨੂੰ ਦੇਖੋ, ਮੈਂ ਕਿੰਨਾ ਬਦਕਿਸਮਤ ਹਾਂ। ਇਕ ਮਹੀਨੇ ਤੋਂ ਵੱਧ ਹੋ ਗਿਆ ਮੇਰਾ ਆਪਣੇ ਪਰਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਫਿਰ ਵੀ ਮੈਨੂੰ ਕੋਈ ਦਿਲਾਸਾ ਦੇਣ ਤੇ ਭਰੋਸਾ ਦੇਣ ਨਹੀਂ ਆਇਆ।
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਡੇ ਵਰਗੇ ਲੋਕਾਂ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਆਪਣੇ ਪਰਵਾਰਾਂ ਨਾਲ ਸੰਪਰਕ ਕੱਟ ਚੁੱਕਾ ਹੈ। ਸਰ, ਕਿਤੇ ਨਾ ਕਿਤੇ ਸਾਡਾ ਤੇ ਤੁਹਾਡਾ ਹਾਲ ਇਕੋ ਜਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈਂਡਰ ਵਿਕਰਮ ਨਾਲ ਸੰਪਰਕ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਮੈਂ ਪਿਛਲੇ ਇਕ ਮਹੀਨੇ ਤੋਂ ਆਪਣੇ ਪਰਵਾਰ ਨਾਲ ਸੰਪਰਕ ਕਰਨ ਦੀ ਜੀ-ਤੋੜ ਕੋਸ਼ਿਸ਼ ਕਰ ਰਿਹਾ ਹਾਂ?
ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਲੈਂਡਰ ਵਿਕਰਮ ਨਾਲ ਤੁਹਾਡਾ ਸੰਪਰਕ ਹੋ ਜਾਵੇਗਾ, ਪਰ ਆਪਣੇ ਪਰਵਾਰ ਨਾਲ ਮੇਰੇ ਸੰਪਰਕ ਦੀ ਸੰਭਾਵਨਾ ਘੱਟ ਲੱਗ ਰਹੀ ਹੈ। ਸਰ, ਸਭ ਤੋਂ ਵੱਧ ਤਕਲੀਫ ਕਿਸ ਚੀਜ਼ ਨਾਲ ਹੁੰਦੀ ਹੈ, ਇਹ ਪਤਾ ਹੈ ਤੁਹਾਨੂੰ? ਮੈਨੂੰ ਪਤਾ ਹੈ। ਇਹ ਦਰਦ ਉਦੋਂ ਹੁੰਦਾ ਹੈ, ਜਦੋਂ ਤੁਹਾਡੇ ਹਮਵਤਨ ਹੀ ਤੁਹਾਥੋਂ ਮੂੰਹ ਮੋੜ ਲੈਂਦੇ ਹਨ। ਤੁਹਾਡੇ ਦਰਦ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ। ਉਹ ਤੁਹਾਨੂੰ ਦਿਲਾਸਾ ਨਹੀਂ ਦਿੰਦੇ ਤੇ ਨਾ ਹੀ ਹਮਦਰਦੀ ਦਿਖਾਉਂਦੇ ਹਨ।
ਸਰ, ਮੈਂ ਫਿਰ ਕਹਿਣਾ ਚਾਹੁੰਦਾ ਹਾਂ, ਤੁਸੀਂ ਲੱਕੀ ਹੋ। ਜਦੋਂ ਤੁਸੀਂ ਲੈਂਡਰ ਨਾਲੋਂ ਸੰਪਰਕ ਟੁੱਟਣ ਦੀ ਗੱਲ ਕਹੀ ਤਾਂ ਸੋਸ਼ਲ ਮੀਡੀਆ 'ਤੇ ਭਰੋਸਾ ਦੇਣ ਤੇ ਉਤਸ਼ਾਹ ਵਧਾਉਣ ਵਾਲੀਆਂ ਪੋਸਟਾਂ ਦਾ ਹੜ੍ਹ ਆ ਗਿਆ, ਪਰ ਮੈਂ ਇਥੇ ਇਕੱਲਾ ਬੈਠਾ ਹਾਂ। ਤੁਹਾਨੂੰ ਚਿੱਠੀ ਲਿਖ ਰਿਹਾ ਹਾਂ।
ਤੁਹਾਡਾ
ਫੈਜ਼ਾਨ ਬੁਖਾਰੀ

363 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper