Latest News
ਜੇ ਐੱਨ ਯੂ ਸਟੂਡੈਂਟਸ ਯੂਨੀਅਨ ਚੋਣਾਂ 'ਚ ਲੈੱਫਟ ਯੂਨਿਟੀ ਨੇ ਹੂੰਝਾ ਫੇਰਿਆ

Published on 08 Sep, 2019 09:48 AM.

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ ਵਿਚ ਲੈੱਫਟ ਯੂਨਿਟੀ ਨੇ ਚੌਹਾਂ ਅਹੁਦਿਆਂ 'ਤੇ ਹੂੰਝਾ ਫੇਰ ਦਿੱਤਾ ਹੈ। ਹਾਲਾਂਕਿ, ਦਿੱਲੀ ਹਾਈ ਕੋਰਟ ਨੇ 8 ਸਤੰਬਰ ਨੂੰ ਨਿਕਲਣ ਵਾਲੇ ਨਤੀਜਿਆਂ ਦਾ ਐਲਾਨ 17 ਸਤੰਬਰ ਤੱਕ ਲਈ ਰੋਕਿਆ ਹੋਇਆ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ), ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀ ਐੱਸ ਐੱਫ) ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਨੇ ਇਕੱਠਿਆਂ ਹੋ ਕੇ ਲੈੱਫਟ ਯੂਨਿਟੀ ਦੇ ਝੰਡੇ ਥੱਲੇ ਇਹ ਚੋਣਾਂ ਲੜੀਆਂ ਹਨ। ਪਿਛਲੀ ਵਾਰੀ ਵੀ ਲੈੱਫਟ ਯੂਨਿਟੀ ਨੇ ਸਾਰੇ ਚਾਰੇ ਅਹੁਦੇ ਜਿੱਤੇ ਸਨ।
ਕੁਲ 5762 ਵਿਚੋਂ 5050 ਵੋਟਾਂ ਦੀ ਗਿਣਤੀ ਤੱਕ ਪ੍ਰਧਾਨਗੀ ਦੇ ਅਹੁਦੇ ਲਈ ਲੈੱਫਟ ਯੂਨਿਟੀ ਦੇ ਆਈਸ਼ੇ ਘੋਸ਼ 2069 ਵੋਟਾਂ ਹਾਸਲ ਕਰਕੇ ਅੱਗੇ ਸਨ। ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ (ਬਾਪਸਾ) ਦੇ ਜਤਿੰਦਰ ਸੁਨਾ 985, ਭਾਜਪਾ ਦੀ ਏ ਬੀ ਵੀ ਪੀ ਦੇ ਮਨੀਸ਼ ਜਾਂਗੜ 981, ਕਾਂਗਰਸ ਦੀ ਐੱਨ ਐੱਸ ਯੂ ਆਈ ਦੇ ਪ੍ਰਸ਼ਾਂਤ ਕੁਮਾਰ 665, ਛਾਤਰ ਰਾਸ਼ਟਰੀਆ ਜਨਤਾ ਦਲ (ਸੀ ਆਰ ਜੇ ਡੀ) ਦੀ ਪ੍ਰਿਅੰਕ ਭਾਰਤੀ 137 ਤੇ ਅਜ਼ਾਦ ਰਾਘਵਿੰਦਰ ਮਿਸ਼ਰਾ 47 ਵੋਟਾਂ ਨਾਲ ਕਾਫੀ ਪਿੱਛੇ ਸਨ।
ਮੀਤ ਪ੍ਰਧਾਨਗੀ ਲਈ ਲੈੱਫਟ ਉਮੀਦਵਾਰ ਸਾਕੇਤ ਮੂਨ 3028 ਵੋਟਾਂ ਨਾਲ ਅੱਗੇ ਸੀ। ਏ ਬੀ ਵੀ ਪੀ ਦੀ ਸ਼ਰੂਤੀ ਅਗਨੀਹੋਤਰੀ 1165, ਸੀ ਆਰ ਜੇ ਡੀ ਦੇ ਰਿਸ਼ੀ ਰਾਜ ਯਾਦਵ 216 ਨਾਲ ਪਿੱਛੇ ਸਨ। ਨੋਟਾ ਦੇ ਬਟਨ ਵੀ 458 ਨੇ ਦਬਾਏ। ਜਨਰਲ ਸੈਕਟਰੀ ਲਈ ਲੈੱਫਟ ਦੇ ਸਤੀਸ਼ ਚੰਦਰ ਯਾਦਵ 2228 ਵੋਟਾਂ ਨਾਲ ਅੱਗੇ ਸਨ। ਏ ਬੀ ਵੀ ਪੀ ਦੇ ਸਬਰੀਸ਼ ਪੀ ਏ 1182, ਬਾਪਸਾ ਦੇ ਵਸੀਮ ਆਰ ਐੱਸ 1070 ਵੋਟਾਂ ਨਾਲ ਪਿੱਛੇ ਸਨ। ਜਾਇੰਟ ਸੈਕਟਰੀ ਲਈ ਲੈੱਫਟ ਦੇ ਮੁਹੰਮਦ ਦਾਨਿਸ਼ 2938 ਵੋਟਾਂ ਨਾਲ ਅੱਗੇ ਸਨ। ਏ ਬੀ ਵੀ ਪੀ ਦੇ ਸੁਮੰਤਰ ਕੁਮਾਰ ਸਾਹੂ 1310 ਵੋਟਾਂ ਨਾਲ ਦੂਜੇ ਨੰਬਰ 'ਤੇ ਸਨ। ਨੋਟਾ ਦਾ ਬਟਨ ਵੀ 607 ਵੋਟਰਾਂ ਨੇ ਦੱਬ ਦਿੱਤਾ। ਇਨ੍ਹਾਂ ਚੋਣਾਂ ਵਿਚ ਕੁਲ 14 ਉਮੀਦਵਾਰ ਸਨ ਅਤੇ 67.9 ਫੀਸਦੀ ਵੋਟਿੰਗ ਹੋਈ, ਜੋ ਕਿ ਪਿਛਲੇ 7 ਸਾਲਾਂ ਦੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ। ਇਨ੍ਹਾਂ ਚੋਣਾਂ ਦੇ ਸੰਬੰਧ ਵਿਚ ਦਿੱਲੀ ਹਾਈ ਕੋਰਟ ਵਿਚ ਦੋ ਪਟੀਸ਼ਨਾਂ ਦਾਖਲ ਹੋਈਆਂ ਹਨ। ਇਕ ਵਿਚ ਕਿਹਾ ਗਿਆ ਹੈ ਕਿ ਚੋਣਾਂ ਵਿਚ ਲਿੰਗਦੋਹ ਕਮੇਟੀ ਦੀਆਂ ਸਿਫਾਰਸ਼ਾਂ ਦੀ ਉਲੰਘਣਾ ਹੋਈ ਹੈ। ਦੂਜੀ ਪਟੀਸ਼ਨ ਵਿਚ ਪਟੀਸ਼ਨਰ ਨੇ ਕਿਹਾ ਹੈ ਕਿ ਉਸ ਨੇ ਦੋ ਵਾਰ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਤੇ ਦੋਨੋਂ ਵਾਰ ਗਲਤ ਤਰੀਕੇ ਨਾਲ ਖਾਰਜ ਕਰ ਦਿੱਤੇ ਗਏ।

775 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper