Latest News
ਸਾਬਕਾ ਭਾਜਪਾ ਕੇਂਦਰੀ ਮੰਤਰੀ ਚਿਨਮਯਾਨੰਦ ਖਿਲਾਫ ਰੇਪ ਦੀ ਐੱਫ ਆਈ ਆਰ

Published on 09 Sep, 2019 09:39 AM.

ਵੀਂ ਦਿੱਲੀ : ਯੂ ਪੀ ਦੇ ਸ਼ਾਹਜਹਾਂਪੁਰ ਦੀ ਵਿਦਿਆਰਥਣ ਨੇ ਭਾਜਪਾ ਦੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਖਿਲਾਫ ਰੇਪ ਦਾ ਦੋਸ਼ ਲਾਇਆ ਹੈ। ਉਸ ਨੇ ਪ੍ਰੱੈਸ ਕਾਨਫਰੰਸ ਕਰਕੇ ਕਿਹਾ ਕਿ ਸਵਾਮੀ ਨੇ ਉਸ ਨੂੰ ਇਕ ਸਾਲ ਦੁਖੀ ਕੀਤਾ। ਸ਼ਾਹਜਹਾਂਪੁਰ ਦੀ ਪੁਲਸ ਐੱਫ ਆਈ ਆਰ ਦਰਜ ਨਹੀਂ ਕਰ ਰਹੀ ਸੀ, ਇਸ ਕਰਕੇ ਦਿੱਲੀ ਵਿਚ ਜ਼ੀਰੋ ਐੱਫ ਆਈ ਆਰ ਦਰਜ ਕਰਾਈ ਹੈ।
ਸਵਾਮੀ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਉਣ ਵਾਲੀ ਸਵਾਮੀ ਦੇ ਕਾਲਜ ਵਿਚ ਲਾਅ ਦੀ ਵਿਦਿਆਰਥਣ ਪਹਿਲੀ ਵਾਰ ਸੋਮਵਾਰ ਮੀਡੀਆ ਦੇ ਸਾਹਮਣੇ ਆਈ।
ਵਿਦਿਆਰਥਣ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੂੰ ਵੀ ਸਾਰੀਆਂ ਗੱਲਾਂ ਦੱਸ ਚੁੱਕੀ ਹੈ। ਐੱਸ ਆਈ ਟੀ ਨੇ ਐਤਵਾਰ ਉਸ ਤੋਂ ਕਰੀਬ 11 ਘੰਟੇ ਪੁੱਛਗਿੱਛ ਕੀਤੀ। ਉਸ ਨੇ ਐੱਸ ਆਈ ਟੀ ਨੂੰ ਦੱਸਿਆ ਕਿ ਸਵਾਮੀ ਨੇ ਉਸ ਨਾਲ ਰੇਪ ਕੀਤਾ ਤੇ ਇਕ ਸਾਲ ਤੱਕ ਤੰਗ ਕਰਦਾ ਰਿਹਾ। ਉਸ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਧੀ ਰੋਡ ਥਾਣੇ ਵਿਚ ਜ਼ੀਰੋ ਐੱਫ ਆਈ ਆਰ ਦਰਜ ਕਰਕੇ ਸ਼ਾਹਜਹਾਂਪੁਰ ਘੱਲ ਦਿੱਤੀ ਗਈ ਹੈ।
ਉਸ ਨੇ ਕਿਹਾ ਕਿ ਜਾਂਚ ਟੀਮ ਨੂੰ ਸਾਰੀਆਂ ਗੱਲਾਂ ਦੱਸਣ ਦੇ ਬਾਵਜੂਦ ਸਵਾਮੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਉਸ ਦੇ ਪਿਤਾ ਨੇ ਸਵਾਮੀ ਖਿਲਾਫ ਕੇਸ ਦਰਜ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਅਧਿਕਾਰੀ ਨੇ ਸਵਾਮੀ ਦੇ ਰਸੂਖ ਦਾ ਹਵਾਲਾ ਦਿੱਤਾ ਤੇ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਨੂੰ ਕਿਹਾ। ਵਿਦਿਆਰਥਣ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਹਨ। ਉਹ ਕਾਲਜ ਹੋਸਟਲ ਦੇ ਜਿਸ ਕਮਰੇ ਵਿਚ ਰਹਿੰਦੀ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਸ ਨੂੰ ਮੀਡੀਆ ਦੇ ਸਾਹਮਣੇ ਖੋਲ੍ਹਿਆ ਜਾਵੇ। ਸਹੀ ਸਮਾਂ ਆਉਣ 'ਤੇ ਉਹ ਸਬੂਤ ਵਜੋਂ ਵੀਡੀਓ ਕਲਿੱਪ ਵੀ ਪੇਸ਼ ਕਰੇਗੀ।
ਸਵਾਮੀ ਦੇ ਵਕੀਲ ਓਮ ਸਿੰਘ ਵੱਲੋਂ ਉਸ ਵਿਰੁੱਧ ਪੰਜ ਕਰੋੜ ਰੁਪਏ ਮੰਗਣ ਦਾ ਮਾਮਲਾ ਦਰਜ ਕਰਾਉਣ ਸੰਬੰਧੀ ਵਿਦਿਆਰਥਣ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਉਸ ਨਾਲ ਦਿੱਲੀ ਦੇ ਇਕ ਹੋਟਲ ਵਿਚ ਦੇਖਿਆ ਗਿਆ ਸੰਜੇ ਸਿੰਘ ਨਾਂਅ ਦਾ ਨੌਜਵਾਨ ਉਸ ਦਾ ਭਰਾ ਹੈ।
ਵਿਦਿਆਰਥਣ ਨੇ 24 ਅਗਸਤ ਨੂੰ ਵੀਡੀਓ ਵਾਇਰਲ ਕਰਕੇ ਦੋਸ਼ ਲਾਇਆ ਸੀ ਕਿ ਸਵਾਮੀ ਨੇ ਉਸ ਦੀ ਤੇ ਕਈ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਨੇ ਆਪਣੀ ਤੇ ਪਰਵਾਰ ਦੀ ਜਾਨ ਨੂੰ ਸਵਾਮੀ ਤੋਂ ਖਤਰਾ ਵੀ ਦੱਸਿਆ ਸੀ। ਇਸ ਦੇ ਬਾਅਦ ਪੁਲਸ ਨੇ ਸਿਰਫ ਅਗਵਾ ਤੇ ਜਾਨੋਂ ਮਾਰਨ ਦੀ ਧਮਕੀ ਦਾ ਕੇਸ ਦਰਜ ਕੀਤਾ ਸੀ।

528 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper