ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੋਣ ਕਮਿਸ਼ਨ ਵੱਲੋਂ ਅੱਜ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਦੇ ਨਾਲ ਹੀ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਐਲਾਨ ਵੀ ਕੀਤਾ ਗਿਆ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਪੰਜਾਬ ਦੀਆਂ ਚਾਰੇ ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਉਨ੍ਹਾ ਦੱਸਿਆ ਕਿ ਪੰਜਾਬ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ (1), ਆਸਾਮ (4), ਬਿਹਾਰ (1), ਛੱਤੀਸਗੜ੍ਹ (1), ਗੁਜਰਾਤ (4), ਹਿਮਾਚਲ ਪ੍ਰਦੇਸ਼ (2), ਕਰਨਾਟਕ (15), ਕੇਰਲ (5), ਮੱਧ ਪ੍ਰਦੇਸ਼ (1), ਮੇਘਾਲਿਆ (1), ਓਡੀਸ਼ਾ (1), ਪੁਡੂਚੇਰੀ (1), ਰਾਜਸਥਾਨ (2), ਸਿੱਕਮ (3), ਤਾਮਿਲਨਾਡੂ (2), ਤੇਲੰਗਾਨਾ (1) ਅਤੇ ਉੱਤਰ ਪ੍ਰਦੇਸ਼ (11) ਦੀਆਂ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੀ ਹੋਣਗੀਆਂ। ਇਸ ਦੌਰਾਨ ਚੋਣ ਨਤੀਜਿਆਂ ਦਾ ਐਲਾਨ 24 ਅਕਤੂਬਰ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਜਲਾਲਾਬਾਦ ਸੀਟ ਸੁਖਬੀਰ ਸਿੰਘ ਬਾਦਲ ਦੇ ਐੱਮ ਪੀ ਬਣਨ ਤੋਂ ਬਾਅਦ ਖਾਲੀ ਹੋਈ ਹੈ, ਜਦਕਿ ਫਗਵਾੜਾ ਸੀਟ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਐੱਮ ਪੀ ਬਣਨ ਤੋਂ ਬਾਅਦ ਖਾਲੀ ਹੋਈ ਹੈ। ਲੁਧਿਆਣਾ ਦੀ ਦਾਖਾ ਸੀਟ ਆਪ ਆਗੂ ਐੱਚ ਐੱਸ ਫੂਲਕਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਇਲਾਵਾ ਮੁਕੇਰੀਆਂ ਸੀਟ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਮਗਰੋਂ ਖਾਲੀ ਹੋਈ ਹੈ।
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ 'ਚ 21 ਅਕਤੂਬਰ ਨੂੰ ਇੱਕੋ ਹੀ ਗੇੜ 'ਚ ਵੋਟਿੰਗ ਹੋਵੇਗੀ, ਜਦਕਿ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਸੂਬਿਆਂ 'ਚ 27 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। 4 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਦੇ ਹਨ ਅਤੇ 7 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ ਅਤੇ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ 'ਤੇ ਉਪ ਚੋਣ ਵੀ 21 ਅਕਤੂਬਰ ਨੂੰ ਹੋਵੇਗੀ।
288 ਵਿਧਾਨ ਸਭਾ ਸੀਟਾਂ ਵਾਲੇ ਮਹਾਰਾਸ਼ਟਰ 'ਚ ਅਤੇ 90 ਸੀਟਾਂ ਵਾਲੇ ਹਰਿਆਣਾ 'ਚ ਇੱਕ ਹੀ ਗੇੜ 'ਚ ਵੋਟਿੰਗ ਹੋਵੇਗੀ। ਚੋਣ ਸ਼ਡਿਊਲ ਦੇ ਐਲਾਨ ਦੇ ਨਾਲ ਹੀ ਦੋਵਾਂ ਸੂਬਿਆਂ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਹੁਣ ਦੋਵਾਂ ਸੂਬਿਆਂ 'ਚ ਕੋਈ ਨਵਾਂ ਐਲਾਨ ਨਹੀਂ ਕੀਤਾ ਜਾ ਸਕੇਗਾ। ਮਹਾਰਾਸ਼ਟਰ 'ਚ 8.9 ਕਰੋੜ ਵੋਟਰ ਅਤੇ ਹਰਿਆਣਾ 'ਚ 1 ਕਰੋੜ 28 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।
ਮਹਾਰਾਸ਼ਟਰ 'ਚ ਵੋਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਲਈ 1.8 ਲੱਖ ਈ ਵੀ ਐੱਮ ਦਾ ਇਸਤੇਮਾਲ ਹੋਵੇਗਾ, ਜਦਕਿ ਹਰਿਆਣਾ 'ਚ 1.3 ਲੱਖ ਈ ਵੀ ਐੱਮ ਦਾ ਇਸਤੇਮਾਲ ਹੋਵੇਗਾ। ਹਰਿਆਣਾ 'ਚ 2 ਨਵੰਬਰ ਨੂੰ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ, ਜਦਕਿ ਮਹਾਰਾਸ਼ਟਰ 'ਚ 9 ਨਵੰਬਰ ਨੂੰ ਕਾਰਜਕਾਲ ਸਮਾਪਤ ਹੋਵੇਗਾ। ਫਿਲਹਾਲ ਦੋਵਾਂ ਹੀ ਸੂਬਿਆਂ 'ਚ ਭਾਜਪਾ ਸੱਤਾ 'ਚ ਹੈ। ਮਹਾਰਾਸ਼ਟਰ 'ਚ ਭਾਜਪਾ ਸ਼ਿਵ ਸੈਨਾ ਦੇ ਨਾਲ ਗਠਜੋੜ ਸਰਕਾਰ ਚਲਾ ਰਹੀ ਹੈ, ਜਦਕਿ ਹਰਿਆਣਾ 'ਚ ਉਹ ਬਹੁਮਤ ਦੇ ਨਾਲ ਸ਼ਾਸਨ 'ਚ ਹੈ।
ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਅਪਰਾਧਕ ਰਿਕਾਰਡ ਦੀ ਜਾਣਕਾਰੀ ਨਾ ਦੇਣ ਵਾਲੇ ਉਮੀਦਵਾਰਾਂ ਦਾ ਪਰਚਾ ਰੱਦ ਹੋਵੇਗਾ। ਕਮਿਸ਼ਨ ਨੇ ਉਮੀਦਵਾਰਾਂ ਲਈ ਖਰਚ ਦੀ ਹੱਦ 28 ਲੱਖ ਰੁਪਏ ਨਿਰਧਾਰਤ ਕੀਤੀ ਹੈ।