Latest News
ਬੇਰੁਜ਼ਗਾਰ ਟੀਚਰਾਂ 'ਤੇ ਵਰ੍ਹਾਈਆਂ ਡਾਂਗਾਂ

Published on 22 Sep, 2019 10:04 AM.

ਸੰਗਰੂਰ (ਪ੍ਰਵੀਨ ਸਿੰਘ)
ਸੰਗਰੂਰ ਦੇ ਸੁਨਾਮ ਰੋਡ 'ਤੇ ਟੈਂਕੀ 'ਤੇ ਬੈਠੇ ਪੰਜ ਸਾਥੀ ਤੇ ਹੇਠਾਂ ਭੁੱਖ ਹੜਤਾਲ ਤੇ ਧਰਨਾ ਦੇ ਰਹੇ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਜੁਝਾਰੂ ਨੌਜਵਾਨ ਮੁੰਡੇ-ਕੁੜੀਆਂ ਨੌਕਰੀ ਦੀ ਮੰਗ ਕਰਦੇ ਹੋਏ ਧਰਨੇ/ਪ੍ਰਦਰਸਨ ਕਰਦੇ ਆ ਰਹੇ ਹਨ। ਐਤਵਾਰ ਉਹਨਾਂ ਨੇ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਸਥਾਨਕ ਵਿਧਾਇਕ ਵਿਜੇ ਇੰਦਰ ਸਿੰਗਲਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਦੌਰਾਨ ਉਥੇ ਤਾਇਨਾਤ ਪੁਲਸ ਨੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਪਾਣੀ ਦੇ ਪ੍ਰੈਸ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਇਹਨਾਂ ਨੌਜਵਾਨ ਬੇਰੁਜ਼ਗਾਰਾਂ ਨੂੰ ਖਦੇੜਨ ਲਈ ਬੇਕਿਰਕੀ ਨਾਲ ਲਾਠੀਆਂ, ਡੰਡਿਆਂ ਨਾਲ ਛੱਲੀਆਂ ਵਾਂਗ ਕੁੱਟ ਸੁੱਟਿਆ। ਪੁਲਿਸ ਦੀ ਕਰੋਪੀ ਦਾ ਸ਼ਿਕਾਰ ਹੋਏ ਕੋਈ ਅੱਧੀ ਦਰਜਨ ਬੇਰੁਜ਼ਗਾਰ ਅਧਿਆਪਕ ਮੁੰਡੇ-ਕੁੜੀਆਂ ਗੰਭੀਰ ਰੂਪ ਵਿਚ ਫੱਟੜ ਹੋ ਗਏ, ਜਿਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਉਹਨਾਂ ਦੇ ਸਾਥੀਆਂ ਵੱਲੋਂ ਦਾਖਲ ਕਰਾਇਆ ਗਿਆ। ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਣ ਵਾਲਿਆਂ ਵਿਚ ਗੁਰਪ੍ਰੀਤ ਕੰਬੋਜ, ਸੁਖਦੇਵ ਮਨੀ, ਹਰਪ੍ਰੀਤ ਪਟਿਆਲਾ, ਦੇਸ ਰਾਜ ਜਲੰਧਰ, ਗੁਰਮਿਨਤ ਸੰਗਰੂਰ, ਓਮੇਸ਼ ਕੋਟਕਪੂਰਾ, ਰਾਜਵੀਰ ਕੌਰ ਮੁਕਤਸਰ ਤੇ ਸੁਰਜੀਤ ਕੌਰ ਲੁਧਿਆਣਾ ਸ਼ਾਮਲ ਹਨ।
ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ, ਰਣਦੀਪ ਦੀਪ ਤੇ ਰਾਜ ਕੁਮਾਰ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਾਡੇ ਸਾਥੀਆਂ 'ਤੇ ਪੁਲਸ ਨੇ ਤਸ਼ੱਦਦ ਕੀਤਾ। ਉਹਨਾਂ ਕਿਹਾ ਕਿ ਸਾਡੇ ਪੰਜ ਸਾਥੀ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਲ ਹਨ, ਟੈਂਕੀ 'ਤੇ ਲਗਾਤਾਰ ਧਰਨਾ ਦੇ ਰਹੇ ਹਨ। ਹੋਰ ਸਾਥੀ ਹੇਠਾਂ ਧਰਨੇ 'ਤੇ ਭੁੱਖ ਹੜਤਾਲ 'ਤੇ ਬੈਠੇ ਹਨ। ਪੁਲਸ ਸਾਡੇ ਦੋ ਸਾਥੀਆਂ ਨੂੰ ਪਹਿਲਾਂ ਜਬਰਦਸਤੀ ਚੁੱਕ ਕੇ ਲੈ ਗਈ ਤੇ ਉਹਨਾਂ ਨੂੰ ਜਬਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਾ ਕੇ ਉਥੇ ਗੁਲੂਕੋਜ਼ ਲਾਇਆ ਜਾ ਰਿਹਾ ਹੈ, ਪਰ ਸਾਡੇ ਸਾਥੀ ਉਥੇ ਵੀ ਭੁੱਖ ਹੜਤਾਲ 'ਤੇ ਬੈਠੇ ਹਨ। ਉਹਨਾਂ ਕਿਹਾ ਕਿ ਅਜੇ ਵੀ ਸਾਡਾ ਸਾਥੀ ਟੈਂਟ ਵਿਚ ਭੁੱਖ ਹੜਤਾਲ 'ਤੇ ਬੈਠਾ ਹੈ। ਸਰਕਾਰ ਆਪਣਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰੇ, ਅਸੀਂ ਨੌਕਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ, ਸਰਕਾਰ ਸਾਨੂੰ ਨੌਕਰੀ ਦੇਵੇ। ਉਹਨਾਂ ਦੱਸਿਆ ਕਿ ਸਰਕਾਰ ਨੇ ਹੁਣ ਉਹਨਾਂ ਨੂੰ ਪੈਨਲ ਮੀਟਿੰਗ ਲਈ 30 ਸਤੰਬਰ ਦਾ ਸਮਾਂ ਦਿੱਤਾ ਹੈ। ਸੰਗਰੂਰ ਪੁਲਸ ਵੱਲੋਂ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦੀ ਵੱਖ-ਵੱਖ ਜਥੇਬੰਦੀਆਂ ਤੇ ਆਗੂਆਂ ਵੱਲੋਂ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ, ਡੀ ਟੀ ਐੱਫ ਦੇ ਆਗੂਆਂ, ਸੀ ਪੀ ਆਈ (ਐੱਮ) ਦੇ ਆਗੂ ਭੂਪ ਚੰਦ ਚੰਨੋ, ਸੀ ਪੀ ਆਈ ਦੇ ਆਗੂ ਸੁਖਦੇਵ ਸ਼ਰਮਾ ਵੱਲੋਂ ਵੀ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

237 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper