ਅੰਮ੍ਰਿਤਸਰ/ਛੇਹਰਟਾ
(ਜਸਬੀਰ ਸਿੰਘ ਪੱਟੀ, ਭੂੱਟੋ ਬਮਰਾਹ)
''ਇੱਕ ਕੰਮ ਦਾ ਪੰਦਰਾਂ ਲੈ ਕੇ ਰਹਿਣਾ, ਜ਼ੁਲਮ ਕਿਸੇ ਦਾ ਨਹੀਂ ਸਹਿਣਾ'' ਦੇ ਨਾਅਰਿਆਂ ਤੇ ''ਮਜ਼ਦੂਰ ਏਕਤਾ ਜ਼ਿੰਦਾਬਾਦ'' ਦੇ ਜੈਕਾਰਿਆਂ ਦੀ ਗੂੰਜ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਮਜ਼ਦੂਰਾਂ ਦੀ ਜਥੇਬੰਦੀ ਏਟਕ ਦੀ ਅਗਵਾਈ ਹੇਠ ਬਣੀ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਹੋਈ ਕੌਮੀ ਪੱਧਰ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਸੰਘਰਸ਼ ਤੋਂ ਬਿਨਾਂ ਕੋਈ ਵੀ ਪ੍ਰਾਪਤੀ ਨਹੀਂ ਹੋ ਸਕਦੀ। ਘਰੇਲੂ ਮਜ਼ਦੂਰਾਂ ਲਈ ਪੈਨਸ਼ਨ ਅਤੇ ਜਣੇਪੇ ਦੌਰਾਨ ਘਰੇਲੂ ਮਹਿਲਾਵਾਂ ਨੂੰ ਸਰਕਾਰ ਤਨਖਾਹ ਦੇਵੇ ਅਤੇ ਉਸ ਦਾ ਸਾਰਾ ਮੈਡੀਕਲ ਦਾ ਖਰਚਾ ਵੀ ਸਰਕਾਰ ਕਰੇ।
ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਅੱਜ ਘਰੇਲੂ ਮਜ਼ਦੂਰਾਂ ਦੇ ਹੱਕਾਂ ਦੇ ਸੰਬੰਧ ਵਿੱਚ 14 ਰਾਜਾਂ ਵਿੱਚ ਜਥੇਬੰਦੀਆਂ ਬਣ ਚੁੱਕੀਆਂ ਹਨ ਤੇ ਬਾਕੀ ਰਾਜਾਂ ਵਿੱਚ ਵੀ ਜਲਦੀ ਹੀ ਜਥੇਬੰਦੀਆਂ ਬਣ ਜਾਣਗੀਆਂ, ਪਰ ਪੰਜਾਬ ਵਿੱਚ ਜਿਹੜੀ ਕਾਮਯਾਬ ਜਥੇਬੰਦੀ ਕੰਮ ਕਰ ਰਹੀ ਹੈ, ਉਸ ਦਾ ਕੋਈ ਸਾਨੀ ਨਹੀਂ। ਨੋਟਬੰਦੀ ਤੇ ਜੀ ਐੱਸ ਟੀ ਦੇ ਲਾਗੂ ਹੋਣ ਉਪਰੰਤ ਬਹੁਤ ਸਾਰੀਆਂ ਫੈਕਟਰੀਆਂ ਤੇ ਵਪਾਰਕ ਅਦਾਰੇ ਬੰਦ ਹੋ ਚੁੱਕੇ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਭੁੱਖੇ ਮਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਘਰੇਲੂ ਮਜ਼ਦੂਰਾਂ 'ਤੇ ਵੀ ਇਸ ਦਾ ਕਾਫੀ ਅਸਰ ਪੈ ਰਿਹਾ ਹੈ, ਜਿਸ ਕਾਰਨ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ।
ਏਟਕ ਦੀ ਸਕੱਤਰ ਤੇ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਕੌਮੀ ਆਗੂ ਕਾਮਰੇਡ ਬੱਬਲੀ ਰਾਵਤ ਨੇ ਕਿਹਾ ਕਿ ਦੇਸ਼ ਵਿੱਚ ਅੱਜ ਛੇ ਕਰੋੜ ਘਰੇਲੂ ਮਜ਼ਦੂਰ ਕੰਮ ਕਰ ਰਹੇ ਹਨ, ਜਿਹਨਾਂ ਵਿੱਚ ਵਧੇਰੇ ਕਰਕੇ ਔਰਤਾਂ ਸ਼ਾਮਲ ਹਨ। ਜਿਸ ਘਰ ਵਿੱਚ ਘਰੇਲੂ ਮਜ਼ਦੂਰ ਕੰਮ ਕਰਦਾ ਹੈ, ਉਸ ਘਰ ਵਿੱਚ ਚੋਰੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਸ਼ੱਕ ਘਰੇਲੂ ਮਜ਼ਦੂਰ 'ਤੇ ਹੀ ਕੀਤਾ ਜਾਂਦਾ ਹੈ, ਜਦ ਕਿ ਉਹ ਇਮਾਨਦਾਰੀ ਨਾਲ ਕੰਮ ਕਰਦਾ ਹੈ। ਆਮ ਤੌਰ 'ਤੇ ਅਜਿਹੀਆਂ ਚੋਰੀਆਂ ਵਿੱਚ ਘਰੇਲੂ ਮਜ਼ਦੂਰ ਨਹੀਂ ਸਗੋਂ ਘਰ ਦਾ ਹੀ ਕੋਈ ਮੈਂਬਰ ਸ਼ਾਮਲ ਹੁੰਦਾ ਹੈ। ਉਹਨਾਂ ਕਿਹਾ ਕਿ ਘਰੇਲੂ ਮਜ਼ਦੂਰ ਨੂੰ ਉਜਰਤ ਉਸ ਦੀ ਮਿਹਨਤ ਤੋਂ ਘੱਟ ਦਿੱਤੀ ਜਾਂਦੀ ਹੈ, ਇਸ ਲਈ ਸਰਕਾਰ ਘਰੇਲੂ ਮਜ਼ਦੂਰ ਲਈ ਘੱਟੋ-ਘੱਟ ਉਜਰਤ ਦਾ ਕਾਨੂੰਨ ਵੀ ਬਣਾਏ, ਜਦ ਕਿ ਉਸ ਉਪਰ ਆਮ ਮਜ਼ਦੂਰ ਵਾਲਾ ਕਾਨੂੰਨ ਲਾਗੂ ਤਾਂ ਹੁੰਦਾ ਹੈ, ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਘਰੇਲੂ ਮਜ਼ਦੂਰ ਜਵਾਨੀ ਅਵਸਥਾ ਵਿੱਚ ਕੰਮ ਕਰਦਾ ਹੈ ਤੇ ਕਈ ਵਾਰੀ ਮਹਿਲਾ ਮਜ਼ਦੂਰਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ, ਪਰ ਉਹ ਇਸ ਕਰਕੇ ਬਾਹਰ ਨਹੀਂ ਦੱਸਦੀਆਂ, ਕਿਉਂਕਿ ਇੱਕ ਤਾਂ ਬੇਇੱਜ਼ਤੀ ਤੋਂ ਡਰਦੀਆਂ ਹਨ ਤੇ ਦੂਜਾ ਰੁਜ਼ਗਾਰ ਖੁੱਸ ਜਾਣ ਦਾ ਡਰ ਰਹਿੰਦਾ ਹੈ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਘਰੇਲੂ ਮਜ਼ਦੂਰਾਂ ਲਈ ਪੈਨਸ਼ਨ ਦੀ ਮੱਦ ਵੀ ਹੋਣੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਇਸ ਨੂੰ ਬਿਨਾਂ ਕਿਸੇ ਦੇਰੀ ਤਂੋ ਅਮਲੀ ਜਾਮਾ ਪਹਿਨਾਏ।
ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਘਰੇਲੂ ਮਜ਼ਦੂਰਾਂ ਨੂੰ ਉਜਰਤ ਬਹੁਤ ਘੱਟ ਮਿਲਦੀ ਹੈ, ਜਿਸ ਬਾਰੇ ਸਰਕਾਰ ਨੂੰ ਕੋਈ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨਾਲੋਂ ਬਾਕੀ ਸੂਬਿਆਂ ਵਿੱਚ ਉਜਰਤ ਵਧੇਰੇ ਮਿਲਦੀ ਹੈ। ਉਹਨਾਂ ਕਿਹਾ ਕਿ ਘਰੇਲੂ ਮਜ਼ਦੂਰਾਂ ਦੇ ਬੱਚੇ ਵਿੱਦਿਆ ਤੇ ਸਿਹਤ ਸੇਵਾਵਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ, ਉਹਨਾਂ ਲਈ ਸਰਕਾਰ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ।
ਪੰਜਾਬ ਸਰਕਾਰ ਵੱਲਂੋ ਸਮਾਗਮ ਵਿੱਚ ਸ਼ਾਮਲ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਵੀ ਮਜ਼ਦੂਰ ਮਾਂ ਦਾ ਪੁੱਤਰ ਹੈ, ਜਿਸ ਨੇ ਸਿਰ 'ਤੇ ਮੈਲੇ ਦੀ ਟੋਕਰੀ ਚੁੱਕ ਕੇ ਪ੍ਰਵਾਨ ਚੜ੍ਹਾਇਆ ਤੇ ਇਹਨਾਂ ਬੀਬੀਆਂ ਵਿੱਚੋਂ ਮੈਨੂੰ ਮੇਰੀ ਮਾਂ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਵੀ ਕਿਹਾ ਸੀ ਕਿ ਜੇਕਰ ਕੁਝ ਸਰਕਾਰਾਂ ਤਂੋ ਹਾਸਲ ਕਰਨਾ ਚਾਹੁੰਦੇ ਹੋ ਤਾਂ ਜਥੇਬੰਦ ਹੋਏ ਬਿਨਾਂ ਕੁਝ ਨਹੀਂ ਮਿਲਣਾ। ਡਾ. ਸਾਹਿਬ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਹਨਾਂ ਕਿਹਾ ਕਿ ਪੜ੍ਹੋ-ਲਿਖੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ। ਜੇਕਰ ਬਾਬਾ ਸਾਹਿਬ ਦੇ ਤਿੰਨ ਮੂਲ ਮੰਤਰ 'ਤੇ ਪਹਿਰਾ ਦਿੱਤਾ ਜਾਵੇ ਤਾਂ ਏਕਤਾ ਅੱਗੇ ਹਰੇਕ ਸ਼ਕਤੀ ਨੂੰ ਝੁਕਣਾ ਪਿਆ ਹੈ। ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ 70 ਸਾਲ ਅਜ਼ਾਦੀ ਦੇ ਬੀਤ ਜਾਣ ਦੇ ਬਾਵਜੂਦ ਅੱਜ ਵੀ ਔਰਤਾਂ ਨੂੰ ਗੁਲਾਮੀ ਵਿੱਚੋਂ ਕੱਢਿਆ ਨਹੀਂ ਜਾ ਸਕਿਆ। ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਅੱਜ ਘਰੇਲੂ ਮਜ਼ਦੂਰਾਂ ਦਾ ਇਕੱਠ ਸਾਬਤ ਕਰਦਾ ਹੈ ਕਿ ਨਵਾਂ ਇਨਕਲਾਬ ਹੋਣ ਵਾਲਾ ਹੈ। ਇਸ ਰੈਲੀ ਵਿੱਚ ਕਾਮਰੇਡ ਬਲਦੇਵ ਸਿੰਘ ਵੇਰਕਾ, ਵਿਜੈ ਕੁਮਾਰ ਛੇਹਰਟਾ, ਗਿਆਨੀ ਗੁਰਦੀਪ ਸਿੰਘ ਛੇਹਰਟਾ, ਜੋਗਿੰਦਰ ਲਾਲ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਲਖਬੀਰ ਸਿੰਘ ਨਿਜਾਮਪੁਰਾ, ਪਰਮਜੀਤ ਸਿੰਘ ਸੀ ਪੀ ਡਬਲਯੂ ਡੀ, ਨਰਿੰਦਰ ਕੌਰ ਸੋਹਲ, ਗੁਰਨਾਮ ਕੌਰ, ਵਿਜੈ ਕਪੂਰ,ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਆਦਿ ਵੀ ਹਾਜ਼ਰ ਸਨ, ਜਦ ਕਿ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਆਗੂ ਕਾਮਰੇਡ ਦਸਵਿੰਦਰ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
ਬੀਬੀ ਦਸਵਿੰਦਰ ਕੌਰ ਨੇ ਕਿਹਾ ਕਿ ਘਰੇਲੂ ਮਜ਼ਦੂਰਾਂ ਦੀ ਲੜਾਈ ਵਿੱਚ ਇੱਕ ਕੰਮ ਦਾ 1500 ਰੁਪਏ ਲਏ ਜਾਣਗੇ ਅਤੇ ਇਹ ਲੈ ਕੇ ਰਹਾਂਗੇ। ਇਸ ਰੈਲੀ ਵਿੱਚ ਪੂਰੇ ਪੰਜਾਬ ਵਿੱਚੋਂ ਘਰੇਲੂ ਮਜ਼ਦੂਰ ਔਰਤਾਂ ਸ਼ਾਮਲ ਹੋਈਆਂ ਤੇ ਬਾਹਰਲੇ ਸੂਬਿਆਂ ਤੋਂ ਕਈ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਇਹ ਡੈਲੀਗੇਟ ਅਜਲਾਸ ਕੱਲ੍ਹ ਤੱਕ ਜਾਰੀ ਰਹੇਗਾ।