Latest News
ਗਾਰਡ ਕਾਲਜ 'ਚੋਂ ਜਬਰੀ ਚੁੱਕ ਕੇ ਸਵਾਮੀ ਦੇ ਕਮਰੇ 'ਚ ਸੁੱਟ ਜਾਂਦੇ ਸਨ ਤੇ ਉਹ ਜਾਨਵਰਾਂ ਵਾਂਗ ਟੁੱਟ ਪੈਂਦਾ ਸੀ

Published on 23 Sep, 2019 09:55 AM.

ਨਵੀਂ ਦਿੱਲੀ : ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਯੂ ਪੀ ਦੇ ਸੀਨੀਅਰ ਭਾਜਪਾ ਆਗੂ ਸਵਾਮੀ ਚਿਨਮਯਾਨੰਦ 'ਤੇ ਰੇਪ ਦਾ ਦੋਸ਼ ਲਾਉਣ ਵਾਲੀ ਵਿਦਿਆਰਥਣ ਨੇ ਸਨਸਨੀਖੇਜ ਖੁਲਾਸੇ ਕੀਤੇ ਹਨ। ਸਵਾਮੀ ਦੇ ਕਾਲਜ ਵਿਚ ਲਾਅ ਦੀ ਵਿਦਿਆਰਥਣ ਨੇ 'ਦੀ ਪ੍ਰਿੰਟ' ਨੂੰ ਦਿੱਤੀ ਇੰਟਰਵਿਊ ਵਿਚ ਦੱਸਿਆ ਕਿ ਚਿਨਮਯਾਨੰਦ ਦੇ ਬੰਦੂਕਧਾਰੀ ਗਾਰਡ ਉਸ ਨੂੰ ਕਾਲਜ 'ਚੋਂ ਜਬਰੀ ਚੁੱਕ ਲਿਆਉਂਦੇ ਸਨ ਤੇ ਸਵਾਮੀ ਦੇ ਕਮਰੇ ਵਿਚ ਧੱਕ ਦਿੰਦੇ ਸਨ। ਉਸ ਨੇ ਕਈ ਵਾਰ ਮਾਹਵਾਰੀ ਤੇ ਪੇਸ਼ਾਬ ਦੇ ਰਾਹ 'ਚ ਇਨਫੈਕਸ਼ਨ ਦਾ ਬਹਾਨਾ ਬਣਾ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਨਾਕਾਮ ਰਹੀ। ਸਵਾਮੀ ਕਈ ਵਾਰ ਜਾਨਵਰਾਂ ਦੀ ਤਰ੍ਹਾਂ ਜਿਨਸੀ ਸ਼ੋਸ਼ਣ ਕਰਦਾ ਸੀ।
22 ਸਾਲਾ ਪੀੜਤਾ ਨੇ ਦੱਸਿਆ, 'ਸਵੇਰੇ 6 ਵਜੇ ਨਗਨ ਮਾਲਸ਼ ਤੇ ਬਾਅਦ ਦੁਪਹਿਰ ਢਾਈ ਵਜੇ ਜਬਰਨ ਸੈਕਸ ਦਾ ਸਮਾਂ ਨਿਰਧਾਰਤ ਸੀ। ਮਨ੍ਹਾਂ ਕਰਨ 'ਤੇ ਸਵਾਮੀ ਨੇ ਕਈ ਵਾਰ ਉਸ ਨੂੰ ਧਮਕਾਇਆ ਤੇ ਕੁੱਟਿਆ। ਸਵਾਮੀ ਜਦ ਵੀ ਆਸ਼ਰਮ ਵਿਚ ਹੁੰਦਾ, ਮੈਂ ਪ੍ਰੇਸ਼ਾਨ ਹੋ ਜਾਂਦੀ ਤੇ ਮੇਰਾ ਦਿਲ ਘਬਰਾਉਣ ਲਗਦਾ।'
ਪੀੜਤਾ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿਚ ਸਵਾਮੀ ਨੇ ਪਹਿਲੀ ਵਾਰ ਗੱਲਬਾਤ ਕਰਨ ਲਈ ਸੱਦਿਆ ਸੀ। ਉਸ ਦੇ ਗਾਰਡ ਉਸ ਨੂੰ ਇਕੱਲੀ ਛੱਡ ਗਏ। ਸਵਾਮੀ ਨੇ ਸਾਹਮਣੇ ਬਿਠਾਇਆ ਤੇ ਆਪਣਾ ਫੋਨ ਦਿਖਾਇਆ। ਉਸ ਵਿਚ ਉਸ ਦੀ ਨਹਾਉਂਦੀ ਦੀ ਕਲਿਪਿੰਗ ਸੀ। ਉਹ ਘਬਰਾ ਗਈ। ਸਵਾਮੀ ਨੇ ਧਮਕੀ ਦਿੱਤੀ ਕਿ ਉਸ ਨੂੰ ਹੋਸਟਲ ਵਿਚ ਹੀ ਰਹਿਣਾ ਪਵੇਗਾ ਅਤੇ ਉਹ ਜੋ ਕਹੇਗਾ ਕਰਨਾ ਪਵੇਗਾ, ਨਹੀਂ ਤਾਂ ਵੀਡੀਓ ਵਾਇਰਲ ਕਰ ਦੇਵੇਗਾ। ਸਵਾਮੀ ਨੇ ਉਸ ਦੇ ਘਰ ਵਾਲਿਆਂ ਨੂੰ ਮਰਵਾਉਣ ਦੀ ਧਮਕੀ ਵੀ ਦਿੱਤੀ। ਯੂ ਪੀ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਸਵਾਮੀ ਨੂੰ ਰੇਪ ਦੇ ਕੇਸ ਵਿਚ ਗ੍ਰਿਫਤਾਰ ਕਰ ਚੁੱਕੀ ਹੈ ਤੇ ਉਹ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਹੈ। ਪੁਲਸ ਵਿਦਿਆਰਥਣ ਦੇ ਖਿਲਾਫ ਵੀ ਜਾਂਚ ਕਰ ਰਹੀ ਹੈ। ਉਸ 'ਤੇ ਸਵਾਮੀ ਦੇ ਵਕੀਲ ਨੇ ਪੈਸੇ ਵਸੂਲਣ ਦਾ ਦੋਸ਼ ਲਾਇਆ ਹੈ। ਪੰਜ ਕਰੋੜ ਮੰਗਣ ਦੇ ਸੰਬੰਧ ਵਿਚ ਉਸ ਦੇ ਦੋ ਚਚੇਰੇ ਭਰਾ ਤੇ ਇਕ ਦੋਸਤ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਪ੍ਰਗਤੀ ਰਿਪੋਰਟ ਸੋਮਵਾਰ ਇਲਾਹਾਬਾਦ ਹਾਈ ਕੋਰਟ ਵਿਚ ਪੇਸ਼ ਕੀਤੀ ਗਈ। ਰਿਪੋਰਟ ਦੇਖਣ ਦੇ ਬਾਅਦ ਕੋਰਟ ਨੇ ਅਗਲੀ ਤਰੀਕ 22 ਅਕਤੂਬਰ ਪਾ ਦਿੱਤੀ। ਵਿਦਿਆਰਥਣ ਨੇ ਆਪਣੇ ਵਿਰੁੱਧ ਕੇਸ ਵਿਚ ਗ੍ਰਿਫਤਾਰੀ 'ਤੇ ਰੋਕ ਲਾਉਣ ਤੇ ਧਾਰਾ 164 ਤਹਿਤ ਬਿਆਨ ਦਰਜ ਕਰਾਉਣ ਲਈ ਕੋਰਟ ਵਿਚ ਅਰਜ਼ੀ ਦਿੱਤੀ। ਹਾਈ ਕੋਰਟ ਨੇ ਉਸ 'ਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਹੇਠਲੀ ਕੋਰਟ ਵਿਚ ਜਾਣ ਦੀ ਸਲਾਹ ਦਿੱਤੀ। ਇਸੇ ਦੌਰਾਨ ਸ਼ਾਹਜਹਾਂਪੁਰ ਜੇਲ੍ਹ ਵਿਚ ਤਬੀਅਤ ਵਿਗੜਨ 'ਤੇ ਡਾਕਟਰਾਂ ਨੇ ਸਵਾਮੀ ਨੂੰ ਲਖਨਊ ਦੇ ਕੇ ਜੀ ਐੱਮ ਸੀ 'ਚ ਰੈਫਰ ਕਰ ਦਿੱਤਾ ਹੈ।

378 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper