Latest News
ਵਧਦੀ ਤਰੇੜ

Published on 02 Oct, 2019 09:25 AM.


ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਵਿਚ ਤਰੇੜ ਵਧਦੀ ਹੀ ਜਾ ਰਹੀ ਹੈ। ਮੁਲਕ ਵਿਚ ਮੋਦੀ ਲਹਿਰ ਤੇ ਪੰਜਾਬ ਵਿਚ ਸਾਂਝੀ ਸਰਕਾਰ ਹੋਣ ਦੇ ਬਾਵਜੂਦ ਪਿਛਲੀਆਂ ਅਸੰਬਲੀ ਚੋਣਾਂ ਵਿਚ ਤਿੰਨ ਸੀਟਾਂ ਹੀ ਪੱਲੇ ਪੈਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹਦੇ ਨਾਲੋਂ ਤਾਂ ਇਕੱਲੇ ਲੜ ਕੇ ਆਪਣੀ ਹੈਸੀਅਤ ਦੀ ਪਰਖ ਕਰ ਲੈਂਦੇ। ਲੋਕ ਸਭਾ ਚੋਣਾਂ ਦੌਰਾਨ ਵੀ ਕੁਝ ਆਗੂ ਇਕੱਲੇ ਲੜਨ ਦੀਆਂ ਸੁਰਾਂ ਕੱਢਦੇ ਰਹੇ, ਪਰ ਮਰਹੂਮ ਅਰੁਣ ਜੇਤਲੀ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਕਾਰਨ ਇਹ ਸੰਭਵ ਨਹੀਂ ਹੋਇਆ। ਜੇਤਲੀ ਦੇ ਤੁਰ ਜਾਣ ਤੋਂ ਬਾਅਦ ਅਕਾਲੀ ਦਲ (ਬਾਦਲ) ਤੇ ਭਾਜਪਾ ਵਿਚਾਲੇ ਰਿਸ਼ਤੇ ਪਹਿਲਾਂ ਵਰਗੇ ਨਜ਼ਰ ਨਹੀਂ ਆ ਰਹੇ। ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰਿਆਣਾ ਵਿਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੇ ਵੀ ਦੋਵਾਂ ਪਾਰਟੀਆਂ ਵਿਚਾਲੇ ਦੂਰੀਆਂ ਵਧਾਉਣ ਦਾ ਕੰਮ ਕੀਤਾ ਹੈ। ਚੌਟਾਲਿਆਂ ਨਾਲ ਮਿਲ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਦੇ ਹਰਿਆਣਾ ਵਿਚ ਦਖਲ ਨੂੰ ਭਾਜਪਾ ਨੇ ਚੰਗਾ ਨਹੀਂ ਸਮਝਿਆ। ਹਾਲਾਂਕਿ ਅਕਾਲੀ ਦਲ ਭਾਜਪਾ ਨਾਲ ਮਿਲ ਕੇ ਲੜਨ ਦੀਆਂ ਗੱਲਾਂ ਕਰ ਰਿਹਾ ਸੀ, ਪਰ ਇਨੈਲੋ ਦੀ ਟਿਕਟ 'ਤੇ ਕਾਲਾਂਵਾਲੀ ਤੋਂ ਜਿੱਤਿਆ ਉਸ ਦਾ ਵਿਧਾਇਕ ਬਲਕੌਰ ਸਿੰਘ ਭਾਜਪਾ ਵਿਚ ਚਲੇ ਗਿਆ ਤਾਂ ਅਕਾਲੀ ਦਲ ਨੇ ਕਿਹਾ ਕਿ ਭਾਜਪਾ ਨੇ ਰਿਸ਼ਤਿਆਂ ਦੀ ਮਰਿਆਦਾ ਤੋੜੀ ਹੈ। ਭਾਜਪਾ ਨੇ ਵੀ ਮੋੜਵਾਂ ਜਵਾਬ ਦਿੱਤਾ ਕਿ ਉਸ ਦਾ ਹਰਿਆਣਾ ਵਿਚ ਅਕਾਲੀ ਦਲ ਨਾਲ ਨਾ ਕਦੇ ਗਠਜੋੜ ਰਿਹਾ ਤੇ ਨਾ ਹੈ। ਹੁਣ ਅਕਾਲੀ ਦਲ ਨੇ ਭਾਜਪਾ ਦੇ ਕਾਲਾਂਵਾਲੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਦੇਸੂ ਜੋਧਾ ਨੂੰ ਆਪਣੇ ਵਿਚ ਸ਼ਾਮਲ ਕਰਕੇ ਉਥੋਂ ਉਮੀਦਵਾਰ ਐਲਾਨ ਦਿੱਤਾ ਹੈ। ਉਹ 2014 ਵਿਚ ਇਸ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜਿਆ ਸੀ। 90 ਵਿਚੋਂ 30 ਸੀਟਾਂ 'ਤੇ ਅਸਰ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਹਮਖਿਆਲ ਪਾਰਟੀਆਂ ਨਾਲ ਗਠਜੋੜ ਕਰਕੇ ਕਈ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਅਕਾਲੀ ਦਲ ਨੇ ਏਨੀ ਵੱਡੀ ਪੱਧਰ 'ਤੇ ਹਰਿਆਣਾ ਵਿਚ ਸਰਗਰਮੀਆਂ ਪੰਜਾਬ ਵਿਚ ਭਾਜਪਾ ਵੱਲੋਂ ਆਪਣੀ ਮੈਂਬਰਸ਼ਿਪ ਵਧਾਉਣ ਲਈ ਵੱਡੀ ਪੱਧਰ 'ਤੇ ਚਲਾਈ ਗਈ ਮੁਹਿੰਮ ਤੋਂ ਬਾਅਦ ਸ਼ੁਰੂ ਕੀਤੀਆਂ ਹਨ। ਭਾਜਪਾ ਨੇ ਤਾਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਚ ਵੀ ਮੈਂਬਰਸ਼ਿਪ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦਾ ਅਕਾਲੀ ਦਲ ਦੇ ਹਲਕੇ ਦੇ ਆਗੂਆਂ ਨੇ ਵਿਰੋਧ ਵੀ ਕੀਤਾ ਸੀ। ਭਾਜਪਾ ਹਰਿਆਣਾ ਵਿਚ ਸੱਤਾ ਦਿਵਾਉਣ ਵਾਲਾ ਫਾਰਮੂਲਾ ਪੰਜਾਬ 'ਚ ਵੀ ਅਮਲ ਵਿਚ ਲਿਆਉਣ ਲਈ ਸਰਗਰਮ ਹੈ। ਉਸ ਦੀ ਨਜ਼ਰ ਕੈਪਟਨ ਸਰਕਾਰ ਤੋਂ ਨਾਰਾਜ਼ ਕਾਂਗਰਸੀ ਆਗੂਆਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਆਗੂਆਂ 'ਤੇ ਹੈ। ਨਾਰਾਜ਼ਾਂ, ਖਾਸਕਰ ਦਾਗੀਆਂ ਦਾ ਭਾਜਪਾ ਦਾ ਪੱਲਾ ਫੜਨ ਦਾ ਤਾਂ ਅੱਜਕੱਲ੍ਹ ਰਿਵਾਜ ਹੀ ਚੱਲਿਆ ਹੋਇਆ ਹੈ। ਅਕਾਲੀਆਂ ਦੀ ਵਜ੍ਹਾ ਨਾਲ ਹਰਿਆਣਾ ਜਾਂ ਪੰਜਾਬ ਦੀ ਫਗਵਾੜਾ ਸੀਟ 'ਤੇ ਭਾਜਪਾ ਨੂੰ ਹੋਣ ਵਾਲਾ ਨੁਕਸਾਨ ਦੋਹਾਂ ਪਾਰਟੀਆਂ ਵਿਚਾਲੇ ਤੋੜ-ਵਿਛੋੜੇ ਦੇ ਅਮਲ ਨੂੰ ਹੋਰ ਤੇਜ਼ ਕਰ ਸਕਦਾ ਹੈ।
ਵਾਜਪਾਈ-ਅਡਵਾਨੀ ਦੀ ਜੋੜੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਵਿਚ ਅਕਾਲੀ-ਭਾਜਪਾ ਗਠਜੋੜ ਨਿੱਕੇ-ਮੋਟੇ ਰੋਸਿਆਂ ਦੇ ਬਾਵਜੂਦ ਸਫਲਤਾ ਨਾਲ ਚਲਦਾ ਆਇਆ, ਪਰ ਸੁਖਬੀਰ ਸਿੰਘ ਬਾਦਲ ਦਾ ਸਰਕਾਰ ਵਿਚ ਦਬਦਬਾ ਵਧਣ ਤੋਂ ਬਾਅਦ ਰੋਸੇ ਗੁੱਸੇ ਵਿਚ ਬਦਲਣ ਲੱਗ ਪਏ। ਮਾਸਟਰ ਮੋਹਨ ਲਾਲ ਵਰਗੇ ਮੰਤਰੀ ਨੇ ਤਾਂ ਜਨਤਕ ਤੌਰ 'ਤੇ ਕਹਿ ਦਿੱਤਾ ਸੀ ਕਿ ਅਫਸਰ ਉਨ੍ਹਾ ਨੂੰ ਟਿੱਚ ਸਮਝਦੇ ਹਨ। ਭਾਜਪਾ ਵਰਕਰ ਵੀ ਆਪਣੀ ਹੀ ਸਰਕਾਰ ਵਿਚ ਸੁਣਵਾਈ ਨਾ ਹੋਣ ਦਾ ਰੋਣਾ ਰੋਂਦੇ ਰਹੇ ਹਨ। ਹੁਣ ਭਾਜਪਾ ਵਰਕਰ ਬਾਕੀ ਮੁਲਕ ਵਾਂਗ ਮੋਦੀ-ਸ਼ਾਹ ਦੀ ਜੋੜੀ ਦੀ ਚੜ੍ਹਤ ਪੰਜਾਬ ਵਿਚ ਵੀ ਦੇਖਣਾ ਚਾਹੁੰਦੇ ਹਨ। ਉਹ ਅਕਾਲੀ ਦਲ ਦੇ ਥੱਲੇ ਲੱਗ ਕੇ ਚੱਲਣ ਲਈ ਤਿਆਰ ਨਹੀਂ। ਸੀਨੀਅਰ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਮਦਨ ਮੋਹਨ ਮਿੱਤਲ ਨੇ ਇਹ ਕਹਿ ਕੇ ਭਾਜਪਾ ਵਰਕਰਾਂ ਦਾ ਹੌਸਲਾ ਬੁਲੰਦ ਕਰ ਦਿੱਤਾ ਹੈ ਕਿ ਅਕਾਲੀ ਦਲ ਹੁਣ ਵੱਡਾ ਭਰਾ ਨਹੀਂ ਰਿਹਾ, ਛੋਟਾ ਭਰਾ ਬਣ ਗਿਆ ਹੈ। ਅਗਲੀਆਂ ਅਸੰਬਲੀ ਚੋਣਾਂ ਵਿਚ 117 ਵਿਚੋਂ 59 ਸੀਟਾਂ ਉਸ ਨੂੰ ਭਾਜਪਾ ਲਈ ਛੱਡਣੀਆਂ ਪੈਣਗੀਆਂ। ਹਾਲਾਂਕਿ ਮੋਦੀ ਪ੍ਰਕਾਸ਼ ਸਿੰਘ ਬਾਦਲ ਨੂੰ ਆਜ਼ਾਦ ਭਾਰਤ ਦੇ ਨੈਲਸਨ ਮੰਡੇਲਾ ਦਾ ਖਿਤਾਬ ਦੇ ਚੁੱਕੇ ਹਨ, ਪਰ ਭਾਜਪਾ ਦਾ ਰਾਜ ਪੰਜਾਬ ਤੱਕ ਵਧਾਉਣ ਲਈ ਮੋਦੀ-ਸ਼ਾਹ ਜੋੜੀ ਕੁਝ ਵੀ ਕਰ ਸਕਦੀ ਹੈ। ਉਨ੍ਹਾਂ ਤਾਂ ਐੱਲ ਕੇ ਅਡਵਾਨੀ ਤੇ ਡਾ. ਮੁਰਲੀ ਮਨੋਹਰ ਜੋਸ਼ੀ ਵਰਗੇ ਆਪਣੇ ਬਜ਼ੁਰਗ ਆਗੂਆਂ ਨੂੰ ਵੀ ਖੁੱਡੇ ਲਾਈਨ ਲਾ ਦਿੱਤਾ ਸੀ। ਦੋਹਾਂ ਪਾਰਟੀਆਂ ਵਿਚਾਲੇ ਦੂਰੀਆਂ ਵਧਦੀਆਂ ਹਨ ਤੇ ਤੋੜ-ਵਿਛੋੜਾ ਹੁੰਦਾ ਹੈ ਤਾਂ ਸੁਖਬੀਰ ਬਾਦਲ ਹੀ ਨਹੀਂ, ਵੱਡੇ ਬਾਦਲ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਆਪਣੀ ਸਲਤਨਤ ਬਰਕਰਾਰ ਰੱਖਣ ਲਈ ਸੂਬੇ ਵਿਚ ਆਰ ਐੱਸ ਐੱਸ ਨੂੰ ਖੁੱਲ੍ਹ ਕੇ ਸਰਗਰਮੀਆਂ ਕਰਨ ਦਿੱਤੀਆਂ ਤੇ ਸ਼ਾਖਾਵਾਂ ਦੀ ਗਿਣਤੀ ਵਧਾਉਣ ਦਿੱਤੀ। ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਣ ਵਾਲੀ ਆਰ ਅੱੈਸ ਐੱਸ ਲੀਡਰਸ਼ਿਪ ਸੂਬੇ ਵਿਚ ਭਾਜਪਾ ਦਾ ਰਾਜ ਲਿਆਉਣ ਲਈ ਹਰ ਤਰ੍ਹਾਂ ਦੀਆਂ ਗੋਂਦਾਂ ਗੁੰਦ ਰਹੀ ਹੈ।

726 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper