Latest News
ਝੂਠ ਨੂੰ ਸੱਚ ਦਾ ਤੜਕਾ

Published on 04 Oct, 2019 11:34 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਵਿੱਚ ਐਲਾਨ ਕੀਤਾ ਕਿ ਪੇਂਡੂ ਭਾਰਤ ਨੇ ਪਿੰਡਾਂ ਨੂੰ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤ ਕਰ ਦਿੱਤਾ ਹੈ। ਇਸ ਤਰ੍ਹਾਂ ਸਾਬਰਮਤੀ ਦੀ ਇਹ ਪ੍ਰੇਰਣਾਦਾਇਕ ਧਰਤੀ ਸਵੱਛਤਾ ਦੀ ਇੱਕ ਵੱਡੀ ਸਫ਼ਲਤਾ ਦੀ ਗਵਾਹ ਬਣ ਗਈ ਹੈ। ਸਵੈ-ਪ੍ਰੇਰਨਾ ਨਾਲ ਜਨਤਕ ਹਿੱਸੇਦਾਰੀ ਰਾਹੀਂ ਚੱਲ ਰਹੇ ਸਵੱਛ ਭਾਰਤ ਮਿਸ਼ਨ ਦੀ ਇਹ ਤਾਕਤ ਤੇ ਸਫ਼ਲਤਾ ਦਾ ਸੋਮਾ ਹੈ, ਜਿਸ ਨੂੰ ਦੇਖ ਕੇ ਦੁਨੀਆ ਹੈਰਾਨ ਹੈ।
ਭਾਰਤ ਸਰਕਾਰ ਦੇ ਸਵੱਛਤਾ ਮੰਤਰਾਲੇ ਦੀ ਸਵੱਛ ਭਾਰਤ ਮਿਸ਼ਨ ਦੀ ਵੈੱਬਸਾਈਟ ਅਨੁਸਾਰ 2 ਅਕਤੂਬਰ 2014 ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 10 ਕਰੋੜ ਤੋਂ ਵੱਧ ਲੈਟਰੀਨਾਂ ਬਣਾਈਆਂ ਗਈਆਂ ਹਨ। ਇਨ੍ਹਾਂ ਕਾਰਨ ਭਾਰਤ ਨੂੰ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ 100 ਫ਼ੀਸਦੀ ਮੁਕਤ ਐਲਾਨ ਦਿੱਤਾ ਗਿਆ ਹੈ। ਇਸ ਵੈੱਬਸਾਈਟ ਮੁਤਾਬਕ ਪਿਛਲੇ ਸਾਲ ਫਰਵਰੀ ਵਿੱਚ ਹੀ ਸਿੱਕਮ, ਕੇਰਲਾ, ਮੇਘਾਲਿਆ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ 11 ਰਾਜਾਂ ਨੂੰ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤ ਐਲਾਨ ਦਿੱਤਾ ਗਿਆ ਸੀ। ਇਨ੍ਹਾਂ 11 ਰਾਜਾਂ ਵਿੱਚੋਂ ਹਰਿਆਣਾ ਅਜਿਹਾ ਸੂਬਾ ਹੈ, ਜਿਸ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਕਹਿ ਚੁੱਕੇ ਹਨ ਕਿ ਉਨ੍ਹਾ ਦੇ ਸੂਬੇ ਦੇ ਸਭ ਪਿੰਡਾਂ ਨੂੰ ਇਸ ਬੁਰਾਈ ਤੋਂ ਮੁਕਤ ਕਰ ਦਿੱਤਾ ਗਿਆ ਹੈ ਤੇ ਹੁਣ ਹਰਿਆਣਾ ਅਗਲੇ ਪੜਾਅ ਯਾਨਿ ਤਰਲ ਗੰਦਗੀ ਦੇ ਪ੍ਰਬੰਧ ਦੀ ਵਿਵਸਥਾ ਕਰਨ ਵੱਲ ਵਧ ਰਿਹਾ ਹੈ।
ਮਹਾਤਮਾ ਗਾਂਧੀ ਨੂੰ ਅਸੀਂ ਸਿਰਫ਼ ਇਸ ਲਈ ਹੀ ਨਹੀਂ ਯਾਦ ਕਰਦੇ ਕਿ ਉਹ ਸਾਫ਼-ਸਫ਼ਾਈ ਦੇ ਹਾਮੀ ਸਨ। ਉਨ੍ਹਾ ਨੇ ਭਾਰਤੀ ਜਨਮਾਨਸ ਨੂੰ ਸੱਚ ਤੇ ਅਹਿੰਸਾ ਦਾ ਵੀ ਪਾਠ ਪੜ੍ਹਾਇਆ ਸੀ। ਸੱਚ ਇਹ ਹੈ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਲਈ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਦੀ ਲਾਹਨਤ ਨੂੰ ਦੂਰ ਕਰਨ ਲਈ ਲੰਮਾ ਸਮਾਂ ਲੱਗੇਗਾ। ਅਸਲ ਵਿੱਚ ਇਹ ਮਸਲਾ ਗਰੀਬੀ ਤੇ ਅਨਪੜ੍ਹਤਾ ਨਾਲ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੈ। ਦੇਸ਼ ਵਿੱਚ ਸ਼ਾਇਦ ਹੀ ਕੋਈ ਰਾਜ ਹੋਵੇ, ਜਿੱਥੇ ਲੋਕ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਲਈ ਮਜਬੂਰ ਨਾ ਹੋਣ। ਸਾਡੇ ਪੰਜਾਬ ਨੂੰ ਹੀ ਲੈ ਲਓ। ਜਲੰਧਰ, ਅੰਮ੍ਰਿਤਸਰ, ਲੁਧਿਆਣਾ ਸਮੇਤ ਸੂਬੇ ਦੇ ਸਭ ਸ਼ਹਿਰਾਂ ਵਿੱਚੋਂ ਲੰਘਦੀਆਂ ਰੇਲਵੇ ਲਾਈਨਾਂ ਦੇ ਦੋਹੀਂ ਪਾਸੇ ਸਵੇਰੇ-ਸਵੇਰੇ ਗਰੀਬ-ਗੁਰਬੇ ਲਾਈਨਾਂ ਲਗਾ ਕੇ ਰਫ਼ਾ ਹਾਜ਼ਤ ਲਈ ਬੈਠੇ ਆਮ ਦੇਖੇ ਜਾ ਸਕਦੇ ਹਨ। ਰਾਜਧਾਨੀ ਦਿੱਲੀ ਵਿੱਚ ਵੀ ਇਹੋ ਨਜ਼ਾਰਾ ਦੇਖਣ ਨੂੰ ਆਮ ਮਿਲ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਆਏ ਲੱਖਾਂ ਵਿਅਕਤੀ, ਜਿਹੜੇ ਪੁੱਟਪਾਥਾਂ ਉੱਤੇ ਸੌਂਦੇ ਹਨ, ਲਈ ਤਾਂ ਰੇਲਵੇ ਲਾਈਨਾਂ ਦੁਆਲੇ ਉੱਗੇ ਸਰਕੰਡੇ ਹੀ ਟਾਇਲਟਾਂ ਹਨ। ਯੂ ਪੀ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਤਾਂ ਸਥਿਤੀ ਹੋਰ ਵੀ ਮਾੜੀ ਹੈ।
ਇਸ ਲਈ ਸੱਚ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਉਨ੍ਹਾ ਦੀ ਕਰਮਭੂਮੀ ਉੱਤੇ ਨਰਿੰਦਰ ਮੋਦੀ ਵੱਲੋਂ ਬੋਲਿਆ ਗਿਆ ਇਹ ਵੱਡਾ ਝੂਠ ਹੈ ਕਿ ਸਮੁੱਚਾ ਦੇਸ਼ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤ ਹੋ ਗਿਆ ਹੈ।
ਇਸ ਸੰਬੰਧੀ ਸੱਚਾਈ ਜਾਨਣ ਲਈ ਬੀ ਬੀ ਸੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪਿੰਡ ਜਾ ਕੇ ਪੜਤਾਲ ਕਰਨ ਦਾ ਫ਼ੈਸਲਾ ਕੀਤਾ। ਖੱਟਰ ਦਾ ਪਿੰਡ ਬਨਿਆਨੀ ਰੋਹਤਕ ਜ਼ਿਲ੍ਹੇ ਦੇ ਕਲਾਨੌਰ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। ਟੀਮ ਨੇ ਦੇਖਿਆ ਕਿ ਇਸ ਪਿੰਡ ਵਿੱਚ ਰੋਜ਼ਾਨਾ 200 ਤੋਂ ਵੱਧ ਵਿਅਕਤੀ ਸ਼ਮਸ਼ਾਨਘਾਟ ਨਾਲ ਲਗਦੇ ਖਾਲੀ ਖੇਤਾਂ ਵਿੱਚ ਜੰਗਲ-ਪਾਣੀ ਜਾਂਦੇ ਹਨ। ਇਨ੍ਹਾਂ ਵਿੱਚ ਕੁਝ ਤਾਂ ਆਦਤਨ ਜਾਂਦੇ ਹਨ ਤੇ ਕਈਆਂ ਦੇ ਘਰਾਂ ਵਿੱਚ ਲੈਟਰੀਨਾਂ ਨਹੀਂ ਬਣੀਆਂ ਹਨ। ਟੀਮ ਨੇ ਖੁੱਲ੍ਹੇ ਵਿੱਚ ਜੰਗਲ-ਪਾਣੀ ਆਏ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਖੁੱਲ੍ਹੇ ਵਿੱਚ ਜੰਗਲ-ਪਾਣੀ ਸਿਰਫ਼ ਮਰਦ ਹੀ ਨਹੀਂ, ਔਰਤਾਂ ਤੇ ਬੱਚੇ ਵੀ ਜਾਂਦੇ ਹਨ। ਪਿੰਡ ਦੀ ਸਰਪੰਚ ਰੀਮਾ ਵਿੱਜ ਨੇ ਪੱਤਰਕਾਰਾਂ ਕੋਲ ਭਾਵੇਂ ਇਹ ਦਾਅਵਾ ਕੀਤਾ ਕਿ ਪਿੰਡ ਦੇ ਹਰ ਘਰ ਵਿੱਚ ਲੈਟਰੀਨ ਬਣ ਚੁੱਕੀ ਹੈ, ਪਰ ਇਹ ਸੱਚ ਨਹੀਂ ਸੀ।
ਸਰਕਾਰੀ ਸਕੂਲ ਸਾਹਮਣੇ ਆਪਣੇ ਪਰਵਾਰ ਨਾਲ ਇੱਕ ਕਮਰੇ ਵਿੱਚ ਰਹਿਣ ਵਾਲੀ 27 ਸਾਲਾ ਰੇਖਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਵਿੱਚ ਚਾਰ ਵਾਰ ਲੈਟਰੀਨ ਬਣਾਉਣ ਲਈ ਫਾਰਮ ਭਰ ਚੁੱਕੀ ਹੈ, ਪ੍ਰੰਤੂ ਹਾਲੇ ਤੱਕ ਲੈਟਰੀਨ ਨਹੀਂ ਬਣ ਸਕੀ। ਉਸ ਨੇ ਟੀਮ ਨੂੰ ਇਹ ਵੀ ਦੱਸਿਆ ਕਿ ਉਨ੍ਹਾ ਦੇ ਮਹੱਲੇ ਵਿੱਚ 80 ਤੋਂ ਵੱਧ ਵਿਅਕਤੀ ਰਹਿੰਦੇ ਹਨ, ਪਰ ਸਿਰਫ਼ ਤਿੰਨ ਘਰਾਂ ਵਿੱਚ ਲੈਟਰੀਨਾਂ ਹਨ।
ਚੰਦਰਪਤੀ 65 ਸਾਲ ਦੀ ਬੁੱਢੀ ਔਰਤ ਹੈ। ਉਸ ਨੇ ਦੱਸਿਆ ਕਿ ਬੁੱਢੀ ਹਾਂ, ਨਜ਼ਰ ਕਮਜ਼ੋਰ ਹੈ, ਰਾਤ ਨੂੰ ਖੇਤਾਂ ਵਿੱਚ ਜਾਣ ਤੋਂ ਡਰ ਲੱਗਦਾ ਹੈ, ਇਸ ਲਈ ਰਾਤ ਨੂੰ ਘਰ ਵਿੱਚ ਲੈਟਰੀਨ ਕਰਕੇ, ਸਵੇਰੇ ਉੱਠ ਕੇ ਖੇਤਾਂ ਵਿੱਚ ਸੁੱਟ ਦਿੰਦੀ ਹਾਂ। ਉਸ ਨੇ ਕਿਹਾ ਕਿ ਅਸੀਂ ਸੈਂਸੀ ਜਾਤ ਦੇ ਬੇਜ਼ਮੀਨੇ ਲੋਕ ਹਾਂ, ਸਾਡੇ ਘਰ ਵਿੱਚ ਲੈਟਰੀਨਾਂ ਨਹੀਂ, ਜਿਸ ਲਈ ਖੇਤਾਂ ਵਿੱਚ ਜਾਣਾ ਪੈਂਦਾ ਹੈ। ਜਿਨ੍ਹਾਂ ਦੀਆਂ ਜ਼ਮੀਨਾਂ ਹਨ, ਉਹ ਸਾਨੂੰ ਖੇਤਾਂ ਵਿੱਚੋਂ ਭਜਾ ਦਿੰਦੇ ਹਨ। ਅਸੀਂ ਲੈਟਰੀਨਾਂ ਲਈ ਫਾਰਮ ਭਰੇ, ਪਰ ਲੈਟਰੀਨਾਂ ਨਹੀਂ ਬਣੀਆਂ।
ਟੀਮ ਨੇ ਜਦੋਂ ਉਕਤ ਹਕੀਕਤ ਦੱਸ ਕੇ ਰੋਹਤਕ ਦੇ ਏ ਡੀ ਸੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ 2017-18 ਵਿੱਚ ਜ਼ਿਲ੍ਹੇ ਦੀਆਂ 139 ਪੰਚਾਇਤਾਂ ਨੂੰ ਖੁੱਲ੍ਹੇ 'ਚ ਜੰਗਲ-ਪਾਣੀ ਜਾਣ ਤੋਂ ਮੁਕਤ ਕੀਤੇ ਜਾਣ ਦੇ ਸਰਟੀਫਿਕੇਟ ਦਿੱਤੇ ਗਏ ਸਨ। ਉਹ ਉਕਤ ਸੱਚਾਈ ਮੰਨਣ ਤੋਂ ਇਨਕਾਰੀ ਸੀ। ਸ਼ਾਇਦ ਉਹ ਆਪਣੇ ਉਪਰਲੇ ਆਕਾਵਾਂ ਦੇ ਝੂਠ ਉੱਤੇ ਹੀ ਪਰਦਾ ਪਾ ਰਿਹਾ ਸੀ।
ਉਂਜ ਦੇਖਿਆ ਜਾਵੇ ਤਾਂ ਸਾਡੇ ਹੁਕਮਰਾਨ ਝੂਠ ਨੂੰ ਸੱਚ ਬਣਾਉਣ ਦੇ ਬੜੇ ਮਾਹਰ ਹਨ। ਸਾਡੀ ਮੌਜੂਦਾ ਨੇਤਾਵਾਂ ਨੂੰ ਅਪੀਲ ਹੈ ਕਿ ਮਹਾਤਮਾ ਗਾਂਧੀ ਨੂੰ ਸਿਰਫ਼ ਸਫ਼ਾਈ ਕਰਮਚਾਰੀ ਤੱਕ ਹੀ ਸੀਮਤ ਨਾ ਕਰ ਦਿਓ, ਉਸ ਦੇ ਸੱਚ ਤੇ ਅਹਿੰਸਾ ਦੇ ਰਾਹ ਉੱਤੇ ਵੀ ਚੱਲਣ ਦੀ ਵੀ ਕੋਸ਼ਿਸ਼ ਕਰੋ।

883 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper