Latest News
ਹਿੰਦੂ ਵੋਟਾਂ ਦੇ ਧਰੁਵੀਕਰਨ ਲਈ ਭਾਜਪਾ ਦੀ ਨਵੀਂ ਰਣਨੀਤੀ

Published on 08 Oct, 2019 08:47 AM.


ਇਸ ਸਮੇਂ ਦੇਸ਼ ਦੇ ਦੋ ਅਹਿਮ ਰਾਜਾਂ ਵਿੱਚ ਚੋਣ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਦੋਵਾਂ ਰਾਜਾਂ, ਮਹਾਰਾਸ਼ਟਰ ਤੇ ਹਰਿਆਣਾ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਸਮੁੱਚੇ ਦੇਸ਼ ਦੇ ਹਰ ਆਰਥਿਕ ਖੇਤਰ ਵਿੱਚ ਮੰਦੀ ਛਾਈ ਹੋਈ ਹੈ। ਹਰ ਰੋਜ਼ ਰੁਜ਼ਗਾਰ-ਪ੍ਰਾਪਤ ਲੋਕਾਂ ਦੀ ਛਾਂਟੀ ਦੀਆਂ ਖ਼ਬਰਾਂ ਆ ਰਹੀਆਂ ਹਨ। ਬੇਰੁਜ਼ਗਾਰਾਂ ਦਾ ਅੰਕੜਾ ਦਿਨੋ-ਦਿਨ ਵਧੀ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਸਿਖ਼ਰਾਂ ਛੋਹ ਰਹੀ ਹੈ। ਵਿਕਾਸ ਨੂੰ ਬਰੇਕਾਂ ਲੱਗ ਚੁੱਕੀਆਂ ਹਨ, ਪਰ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਮੁੱਦੇ ਗਾਇਬ ਹਨ। ਭਾਜਪਾ ਦੇ ਮੁੱਖ ਨੀਤੀ ਘਾੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਹਰ ਭਾਸ਼ਣ ਵਿੱਚ ਇੱਕੋ ਰਟ ਲਾ ਰਹੇ ਹਨ ਕਿ ਨੈਸ਼ਨਲ ਸਿਟੀਜ਼ਨ ਰਜਿਸਟਰ (ਐੱਨ ਆਰ ਸੀ) ਦੀ ਯੋਜਨਾ ਅਸਾਮ ਤੋਂ ਬਾਅਦ ਸਾਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇਗੀ। ਇਸ ਨਾਅਰੇ ਰਾਹੀਂ ਉਹ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਕੇ ਉਨ੍ਹਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਾਉਣ ਦੀ ਚਾਲ ਚੱਲ ਰਹੇ ਹਨ। ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਸ਼ਰਨਾਰਥੀ ਬੰਗਲਾਦੇਸ਼, ਨੇਪਾਲ, ਤਿੱਬਤ, ਸ੍ਰੀਲੰਕਾ ਅਤੇ ਮਿਆਂਮਾਰ ਦੇ ਹਨ। ਕੁਝ ਗਿਣਤੀ ਦੇ ਅਫ਼ਗਾਨਿਸਤਾਨੀ ਤੇ ਪਾਕਿਸਤਾਨੀ ਵੀ ਹਨ। ਬੰਗਲਾਦੇਸ਼ ਤੋਂ ਆਉਣ ਵਾਲੇ ਮਜ਼ਦੂਰ ਬਹੁਤੇ ਮੁਸਲਮਾਨ ਹਨ। ਨੇਪਾਲ, ਤਿੱਬਤ ਤੇ ਸ੍ਰੀਲੰਕਾ ਤੋਂ ਆਉਣ ਵਾਲੇ ਬੋਧੀ ਤੇ ਹਿੰਦੂ ਹਨ। ਮਿਆਂਮਾਰ, ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਹੋਏ ਬਹੁਤੇ ਮੁਸਲਮਾਨ ਅਤੇ ਕੁਝ ਹਿੰਦੂ ਤੇ ਸਿੱਖ ਵੀ ਹਨ। ਇਹ ਗਿਣਤੀ ਪੱਖੋਂ ਆਟੇ ਵਿੱਚ ਲੂਣ ਬਰਾਬਰ ਹਨ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਵਿਦੇਸ਼ੀ ਸ਼ਰਨਾਰਥੀਆਂ ਵਿੱਚ ਹਿੰਦੂ, ਸਿੱਖ, ਧਰਮ ਬਦਲੀ ਕਰਕੇ ਬਣੇ ਈਸਾਈ ਤੇ ਬੋਧੀ ਆਦਿ ਦਾ ਵਿਰਸਾ ਧਾਰਮਿਕ ਤੌਰ ਉੱਤੇ ਭਾਰਤ ਨਾਲ ਹੀ ਜੁੜਦਾ ਹੈ। ਇਸ ਸਥਿਤੀ ਵਿੱਚ ਤਾਂ ਐੱਨ ਆਰ ਸੀ ਲਾਗੂ ਕਰਨ ਨਾਲ ਭਾਜਪਾ ਦਾ ਹੀ ਨੁਕਸਾਨ ਹੋਵੇਗਾ। ਇਹ ਸਥਿਤੀ ਅਸਾਮ ਵਿੱਚ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ, ਜਿੱਥੇ 19 ਲੱਖ ਲੋਕਾਂ ਦੀ ਨਾਗਰਿਕਤਾ ਖੋਹ ਲਈ ਗਈ, ਜਿਨ੍ਹਾਂ ਵਿੱਚ ਬਹੁਤੇ ਹਿੰਦੂ ਹਨ। ਇਸ ਸਥਿਤੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਾਲੀਆ ਬਿਆਨ ਸਭ ਕੁਝ ਸਪੱਸ਼ਟ ਕਰ ਦਿੰਦਾ ਹੈ। ਉਸ ਨੇ ਇੱਕ ਰਾਜਨੀਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਹਿੰਦੂ, ਸਿੱਖ, ਬੋਧੀ, ਜੈਨੀ ਤੇ ਈਸਾਈ ਸ਼ਰਨਾਰਥੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਦੇਸ਼ ਛੱਡਣ ਲਈ ਨਹੀਂ ਕਿਹਾ ਜਾਵੇਗਾ। ਅਫ਼ਵਾਹਾਂ ਤੋਂ ਸੁਚੇਤ ਰਹੋ। ਉਨ੍ਹਾ ਦੀ ਸਰਕਾਰ ਨਵਾਂ ਨਾਗਰਿਕ ਸੋਧ ਬਿੱਲ ਲਿਆਵੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇ। ਇਸ ਬਿਆਨ ਦਾ ਸਿੱਧਾ ਮਤਲਬ ਹੈ ਕਿ ਭਾਰਤ ਹਰ ਸ਼ਰਨਾਰਥੀ ਦਾ ਸਵਾਗਤ ਕਰੇਗਾ, ਬਸ਼ਰਤੇ ਕਿ ਉਹ ਮੁਸਲਮਾਨ ਨਾ ਹੋਵੇ।
ਅਮਿਤ ਸ਼ਾਹ ਦਾ ਇਹ ਬਿਆਨ ਸਿੱਧੇ ਤੌਰ ਉੱਤੇ ਸਾਡੇ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ, ਜਿਹੜੀ ਨਸਲ, ਰੰਗ ਤੇ ਧਾਰਮਿਕ ਵਿਤਕਰੇ ਦੀ ਮਨਾਹੀ ਕਰਦੀ ਹੈ।
ਅਸਲ ਵਿੱਚ ਐੱਨ ਆਰ ਸੀ ਦੀ ਚੋਣਾਂ ਸਮੇਂ ਚਰਚਾ ਵੱਖ-ਵੱਖ ਫਿਰਕਿਆਂ ਨੂੰ ਵੱਖੋ-ਵੱਖਰੇ ਸੰਦੇਸ਼ ਦੇਣ ਲਈ ਹੀ ਕੀਤੀ ਜਾ ਰਹੀ ਹੈ। ਇਹ ਭਾਰਤੀ ਨਾਗਰਿਕਾਂ ਨੂੰ ਧਰਮ ਦੇ ਆਧਾਰ ਉੱਤੇ ਵੰਡਣ ਦੀ ਮੋਦੀ ਸਰਕਾਰ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਇਸ ਰਣਨੀਤੀ ਰਾਹੀਂ ਇੱਕ ਪਾਸੇ ਮੁਸਲਮਾਨ ਨਾਗਰਿਕਾਂ ਅੰਦਰ ਇਹ ਭਾਵਨਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਹੀ ਦੇਸ਼ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਦੂਜੇ ਦਰਜੇ ਦੇ ਨਾਗਰਿਕ ਹੋਣਾ ਪ੍ਰਵਾਨ ਕਰ ਲੈਣ। ਇਸ ਰਾਹੀਂ ਹਿੰਦੂਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲ ਵਿੱਚ ਇਹ ਦੇਸ਼ ਤੁਹਾਡਾ ਹੈ ਅਤੇ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਲਈ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਰਣਨੀਤੀ ਸਿਰਫ਼ ਸੰਵਿਧਾਨ ਅਤੇ ਉਸ ਦੀ ਰੂਹ ਦੇ ਹੀ ਖ਼ਿਲਾਫ਼ ਨਹੀਂ, ਸਗੋਂ ਦੇਸ਼ ਦੇ ਇੱਕ ਖ਼ਤਰਨਾਕ ਮੋੜ ਵੱਲ ਮੁੜ ਜਾਣ ਦੇ ਖਦਸ਼ੇ ਪ੍ਰਗਟ ਕਰਦੀ ਹੈ।
ਸੰਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਵੇਂ ਗੁਜਰਾਤ ਮਾਡਲ ਦੇ ਵਿਕਾਸ ਦਾ ਬੜਾ ਢੰਡੋਰਾ ਪਿੱਟਿਆ ਗਿਆ, ਪਰ ਵਿਕਾਸ ਕਦੇ ਵੀ ਭਾਜਪਾ ਦੇ ਏਜੰਡੇ ਉੱਤੇ ਨਹੀਂ ਰਿਹਾ। ਉਸ ਤੋਂ ਬਾਅਦ ਕੋਈ ਇੱਕ ਚੋਣ ਵੀ ਨਹੀਂ, ਜਿਸ ਵਿੱਚ ਵਿਕਾਸ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਪ੍ਰਮੁੱਖਤਾ ਹਾਸਲ ਕਰ ਸਕਿਆ ਹੋਵੇ। ਅਸਲ ਵਿੱਚ ਭਾਜਪਾ ਦੀ ਵਿਚਾਰਧਾਰਾ ਹੀ ਵਿਕਾਸ ਤੇ ਵਿਗਿਆਨ ਵਿਰੋਧੀ ਹੈ। ਉਸ ਦੀ ਸਿਆਸਤ ਹੀ ਦੇਸ਼ ਨੂੰ ਮੱਧ ਯੁੱਗ ਵੱਲ ਮੋੜਨ ਦੀ ਹੈ। ਉਹ ਜਾਤ-ਪਾਤ ਕਾਇਮ ਰੱਖਣਾ ਚਾਹੁੰਦੀ ਹੈ। ਜੋਤਿਸ਼ ਨੂੰ ਸਿੱਖਿਆ ਦਾ ਵਿਸ਼ਾ ਬਣਾਉਣਾ ਚਾਹੁੰਦੀ ਹੈ। ਬੰਦੇ ਦੇ ਹਾਥੀ ਦਾ ਸਿਰ ਲਾਉਣ ਦੀ ਤਕਨੀਕ (ਮੰਤਰ) ਤੇ ਪੁਸ਼ਪਕ ਵਿਮਾਨ ਸਦੀਆਂ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਕੋਲ ਮੌਜੂਦ ਸਨ। ਹਰ ਸਮੱਸਿਆ ਦਾ ਹੱਲ ਉਹ ਵਿਗਿਆਨ ਨਹੀਂ, ਹਵਨ-ਯੱਗ ਵਿੱਚ ਲੱਭਦੀ ਹੈ। ਇਹ ਸਭ ਧਾਰਨਾਵਾਂ ਵਿਕਾਸ ਵਿਰੋਧੀ ਹਨ। ਉਸ ਦਾ ਇੱਕੋ-ਇੱਕ ਨਿਸ਼ਾਨਾ ਦੇਸ਼ ਵਿੱਚ ਹਿੰਦੂਤਵੀ ਸਾਮਰਾਜ ਦੀ ਸਥਾਪਨਾ ਕਰਨਾ ਹੈ। ਇਸ ਲਈ ਫਿਰਕੂ ਪਾੜਾ ਉਸ ਦਾ ਮੁੱਖ ਹਥਿਆਰ ਹੈ।

814 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper