Latest News
ਲਿੰਚਿੰਗ 'ਤੇ ਲੋਕਾਂ ਦੀ ਸੰਘੀ ਘੁੱਟਣ ਵਿਰੁੱਧ ਆਵਾਜ਼ ਬੁਲੰਦ ਕਰਨੀ ਜ਼ਰੂਰੀ

Published on 08 Oct, 2019 08:59 AM.


ਨਵੀਂ ਦਿੱਲੀ : ਦੇਸ਼ ਦੀਆਂ 185 ਨਾਮਵਰ ਹਸਤੀਆਂ, ਜਿਨ੍ਹਾਂ ਵਿਚ ਲੇਖਕ, ਕਲਾਕਾਰ, ਇਤਿਹਾਸਕਾਰ ਤੇ ਬੁੱਧੀਜੀਵੀ ਸ਼ਾਮਲ ਹਨ, ਨੇ ਖੁੱਲ੍ਹਾ ਪੱਤਰ ਲਿਖ ਕੇ ਸਰਕਾਰ ਦੇ ਸੱਜ-ਪਿਛਾਖੜੀ ਤਾਕਤਾਂ ਨੂੰ ਵੰਗਾਰਿਆ ਹੈ। ਇਹ ਪੱਤਰ ਦੇਸ਼ ਵਿਚ ਵਧ ਰਹੀਆਂ ਮੌਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਣ ਵਾਲੀਆਂ 49 ਹਸਤੀਆਂ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਵਿਰੁੱਧ ਸਾਹਮਣੇ ਆਇਆ ਹੈ।
7 ਅਕਤੂਬਰ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸੱਭਿਆਚਾਰਕ ਭਾਈਚਾਰੇ ਦੇ ਸਾਡੇ 49 ਸਾਥੀਆਂ 'ਤੇ ਸਿਰਫ ਇਸ ਲਈ ਐੱਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਸਮਾਜ ਦੇ ਇਕ ਜ਼ਿੰਮੇਦਾਰ ਨਾਗਰਿਕ ਹੋਣ ਦੀ ਮਿਸਾਲ ਦਿੱਤੀ ਸੀ। ਉਨ੍ਹਾਂ 23 ਜੁਲਾਈ 2019 ਨੂੰ ਪ੍ਰਧਾਨ ਮੰਤਰੀ ਨੂੰ ਦੇਸ਼ ਵਿਚ ਹਾਵੀ ਹੋ ਰਹੇ ਭੀੜਤੰਤਰ ਤੇ ਮੌਬ ਲਿੰਚਿੰਗ 'ਤੇ ਇਕ ਖੁੱਲ੍ਹਾ ਪੱਤਰ ਲਿਖਿਆ ਸੀ। ਕੀ ਇਹ ਦੇਸ਼ ਧ੍ਰੋਹ ਹੈ ਜਾਂ ਇਕ ਸਾਜ਼ਿਸ਼ ਹੈ, ਅਦਾਲਤਾਂ ਦੀ ਵਰਤੋਂ ਕਰਕੇ ਦੇਸ਼ ਦੇ ਜ਼ਿੰਮੇਦਾਰ ਨਾਗਰਿਕਾਂ ਦੀ ਅਵਾਜ਼ ਦਬਾਉਣ ਦੀ? ਅਸੀਂ ਸਾਰੇ, ਜੋ ਭਾਰਤੀ ਸੱਭਿਆਚਾਰਕ ਭਾਈਚਾਰੇ ਦਾ ਹਿੱਸਾ ਹਾਂ, ਇਕ ਵਿਵੇਕ ਪਸੰਦ ਨਾਗਰਿਕ ਹੋਣ ਦੇ ਨਾਤੇ ਇਸ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਅਸੀਂ ਆਪਣੇ ਸਾਥੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਦੇ ਹਰ ਇਕ ਸ਼ਬਦ ਦੀ ਤਾਈਦ ਕਰਦੇ ਹਾਂ।
ਦੇਸ਼ ਵਾਸੀਆਂ ਦੇ ਨਾਂਅ ਲਿਖੇ ਗਏ ਖੁੱਲ੍ਹੇ ਪੱਤਰ 'ਤੇ ਦਸਤਖਤ ਕਰਨ ਵਾਲੀਆਂ 185 ਹਸਤੀਆਂ ਵਿਚ ਅਸ਼ੋਕ ਵਾਜਪਾਈ, ਆਸ਼ੂਤੋਸ਼ ਕੁਮਾਰ, ਆਤਮਜੀਤ ਸਿੰਘ, ਬਦਰੀ ਰੈਣਾ, ਬਾਲੀ ਸਿੰਘ, ਬਲਵੰਤ ਕੌਰ, ਭਾਸ਼ਾ ਸਿੰਘ, ਚਮਨ ਲਾਲ, ਗੌਹਰ ਰਜ਼ਾ, ਐੱਮ ਏ ਬੇਬੀ, ਨੈਨਾ ਦਿਆਲ, ਨਸੀਰੂਦੀਨ ਸ਼ਾਹ, ਨਯਨਤਾਰਾ ਸਹਿਗਲ, ਰਣਬੀਰ ਕਾਲੇਕਾ, ਮਲਿਕਾ ਸਾਰਾਭਾਈ, ਹਰਸ਼ ਮੰਡੇਰ, ਆਨੰਦ ਪ੍ਰਧਾਨ, ਟੀ ਐੱਮ ਕ੍ਰਿਸ਼ਨਾ ਤੇ ਰੋਮਿਲਾ ਥਾਪਰ ਵੀ ਸ਼ਾਮਲ ਹਨ। ਉਨ੍ਹਾਂ ਸੱਭਿਆਚਾਰਕ, ਵਿਦਿਅਕ ਤੇ ਕਾਨੂੰਨਦਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਵਾਜ਼ ਬੁਲੰਦ ਕਰਨ, ਕਿਉਂਕਿ ਅਵਾਜ਼ ਉਠਾਉਣਾ ਜ਼ਰੂਰੀ ਹੈ। ਇਨ੍ਹਾਂ ਨੇ ਪੱਤਰ ਵਿਚ ਕਿਹਾ ਹੈ ਕਿ ਲਿੰਚਿੰਗ ਵਿਰੁੱਧ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨ ਲਈ ਅਦਾਲਤਾਂ ਦੀ ਦੁਰਵਰਤੋਂ ਵਿਰੁੱਧ ਤੇ ਲੋਕਾਂ ਦੀ ਸੰਘੀ ਘੁੱਟਣ ਵਿਰੁੱਧ ਉਹ ਬੋਲਣਾ ਜਾਰੀ ਰੱਖਣਗੇ। ਸਾਡੇ ਵਰਗੇ ਹੋਰ ਲੋਕ ਇਸ ਵਿਰੁੱਧ ਰੋਜ਼ ਬੋਲਣਗੇ।

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper