Latest News
ਕਸ਼ਮੀਰ ਮੁੱਦੇ 'ਤੇ ਪਾਕਿ ਦੇ ਬੁਨਿਆਦੀ ਹਿੱਤਾਂ ਦੀ ਹਮਾਇਤ ਕਰਾਂਗੇ : ਜਿਨਪਿੰਗ

Published on 09 Oct, 2019 11:37 AM.


ਬੀਜਿੰਗ : ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਬੁੱਧਵਾਰ ਕਿਹਾ ਕਿ ਉਹ ਕਸ਼ਮੀਰ ਦੀ ਸਥਿਤੀ ਨੂੰ ਵਾਚ ਰਹੇ ਹਨ ਅਤੇ ਪਾਕਿਸਤਾਨ ਦੇ ਬੁਨਿਆਦੀ ਹਿੱਤਾਂ ਨਾਲ ਸੰਬੰਧਤ ਮੁੱਦਿਆਂ ਦੀ ਹਮਾਇਤ ਕਰਨਗੇ। ਸਰਕਾਰੀ ਚੀਨੀ ਖਬਰ ਏਜੰਸੀ ਸਿਨਹੂਆ ਮੁਤਾਬਕ ਜਿਨਪਿੰਗ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੀਟਿੰਗ ਵਿਚ ਕਿਹਾ ਕਿ ਸਥਿਤੀ ਦਾ ਸਹੀ ਤੇ ਗਲਤ ਸਪੱਸ਼ਟ ਹੈ। ਦੋਵਾਂ ਧਿਰਾਂ ਨੂੰ ਪੁਰਅਮਨ ਗੱਲਬਾਤ ਨਾਲ ਝਗੜਾ ਹੱਲ ਕਰਨਾ ਚਾਹੀਦਾ ਹੈ।
ਜਿਨਪਿੰਗ ਨੇ ਸਰਕਾਰੀ ਗੈੱਸਟ ਹਾਊਸ ਵਿਚ ਇਮਰਾਨ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਕਿ ਕੌਮਾਂਤਰੀ ਤੇ ਇਲਾਕਾਈ ਹਾਲਾਤ 'ਚ ਬਦਲਾਅ ਆਉਣ ਦੇ ਬਾਵਜੂਦ ਚੀਨ ਤੇ ਪਾਕਿਸਤਾਨ ਦੀ ਦੋਸਤੀ ਅਟੁੱਟ ਤੇ ਚੱਟਾਨ ਵਰਗੀ ਮਜ਼ਬੂਤ ਹੈ।
ਇਮਰਾਨ ਖਾਨ ਪਿਛਲੇ ਸਾਲ ਅਗਸਤ ਵਿਚ ਪ੍ਰਧਾਨ ਮੰਤਰੀ ਬਣੇ ਸਨ ਤੇ ਇਹ ਉਨ੍ਹਾ ਦਾ ਤੀਜਾ ਚੀਨ ਦੌਰਾ ਹੈ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਕਸ਼ਮੀਰ ਮੁੱਦੇ 'ਤੇ ਕਿਹਾ ਸੀ ਕਿ ਅਜਿਹੀ ਕੋਈ ਇਕਤਰਫਾ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਯਥਾਸਥਿਤੀ ਵਿਚ ਪਰਿਵਰਤਣ ਆਉਂਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਕਸ਼ਮੀਰ ਮਸਲੇ ਦਾ ਹੱਲ ਆਪਸੀ ਗੱਲਬਾਤ ਨਾਲ ਕਰਨ।
ਜਿਨਪਿੰਗ 11 ਤੇ 12 ਅਕਤੂਬਰ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ। ਉਹ ਚੇਨਈ ਨੇੜੇ ਤੱਟ ਵਰਤੀ ਸ਼ਹਿਰ ਮਮੱਲਾਪੁਰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੈਰ-ਰਸਮੀ ਗੱਲਬਾਤ ਕਰਨਗੇ। ਉਸ ਤੋਂ ਬਾਅਦ 13 ਅਕਤੂਬਰ ਨੂੰ ਨੇਪਾਲ ਜਾਣਗੇ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper