Latest News
ਮੋਹਨ ਭਾਗਵਤ ਦਾ 'ਫਰਮਾਨ'

Published on 10 Oct, 2019 11:43 AM.


ਦੁਸਹਿਰੇ ਦੇ ਮੌਕੇ ਨੂੰ ਆਰ ਐੱਸ ਐੱਸ ਆਪਣੇ ਸਥਾਪਨਾ ਦਿਵਸ ਵਜੋਂ ਵੀ ਮਨਾਉਂਦਾ ਹੈ। ਇਸ ਦਿਨ ਆਰ ਐੱਸ ਐੱਸ ਦੇ ਸਰਸੰਘ ਚਾਲਕ ਦੇ ਭਾਸ਼ਣ ਦੀ ਪੁਰਾਣੀ ਰਵਾਇਤ ਹੈ। ਇਸ ਦਿਨ ਉਹ ਹਿੰਦੂ ਸਮਾਜ ਦੇ ਵਰਤਮਾਨ ਹਾਲਤਾਂ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਇਸ ਵਾਰ ਦਾ ਦੁਸਹਿਰਾ ਸਥਾਪਨਾ ਦਿਵਸ ਸੰਘ ਲਈ ਇਸ ਲਈ ਅਹਿਮ ਸੀ ਕਿ ਇਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮਨਾਇਆ ਜਾਣ ਵਾਲਾ ਪਹਿਲਾ ਸਥਾਪਨਾ ਦਿਵਸ ਸੀ। ਇਸੇ ਲਈ ਇਸ ਵਾਰ ਸਰਸੰਘ ਚਾਲਕ ਮੋਹਨ ਭਾਗਵਤ ਦੇ ਭਾਸ਼ਣ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿੱਚ ਪਹਿਲੀ ਵਾਰ ਸਿੱਧੇ ਤੌਰ ਉੱਤੇ ਕਿਹਾ ਕਿ ਹਿੰਦੋਸਤਾਨ 'ਇੱਕ ਹਿੰਦੂ ਰਾਸ਼ਟਰ' ਹੈ ਅਤੇ ਇਸਲਾਮ ਇੱਕ ਹਮਲਾਵਰ ਦੇ ਤੌਰ ਉੱਤੇ ਭਾਰਤ ਵਿੱਚ ਆਇਆ ਸੀ। ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾ ਲਿੰਚਿੰਗ (ਭੀੜਤੰਤਰੀ ਹੱਤਿਆਵਾਂ) ਦੇ ਬਹਾਨੇ ਸਿੱਧੇ ਤੌਰ ਉੱਤੇ ਮੁਸਲਮਾਨਾਂ ਤੇ ਈਸਾਈਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾ ਕਿਹਾ ਕਿ ਲਿੰਚਿੰਗ ਇੱਕ ਪੱਛਮੀ ਵਰਤਾਰਾ ਹੈ ਤੇ ਇਹ ਬਾਹਰੋਂ ਆਉਣ ਵਾਲੇ ਧਾਰਮਿਕ ਗਰੰਥਾਂ ਵਿੱਚੋਂ ਨਿਕਲਦਾ ਹੈ। ਇਸ ਸੰਬੰਧੀ ਉਨ੍ਹਾ ਈਸਾ ਮਸੀਹ ਦਾ ਹਵਾਲਾ ਵੀ ਦਿੱਤਾ। ਇਸ ਤੋਂ ਸਾਫ਼ ਹੈ ਕਿ ਉਨ੍ਹਾ ਲਿੰਚਿੰਗ ਲਈ ਕ੍ਰਿਸਚੀਅਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾ ਇਹ ਵੀ ਕਹਿ ਦਿੱਤਾ ਕਿ ਇਹ ਧਰਮ ਭਾਰਤ ਦੇ ਨਹੀਂ, ਬਾਹਰ ਦੇ ਹਨ।
ਪਿਛਲੇ ਛੇ ਸਾਲਾਂ ਦੌਰਾਨ ਭੀੜਤੰਤਰੀ ਹੱਤਿਆਵਾਂ (ਲਿੰਚਿੰਗ) ਦਾ ਸਭ ਤੋਂ ਵੱਧ ਸ਼ਿਕਾਰ ਮੁਸਲਮਾਨ ਤੇ ਦਲਿਤ ਹੋਏ ਹਨ। ਹੁਣ ਜਦੋਂ ਸੰਘ ਮੁਖੀ ਭਾਗਵਤ ਨੇ ਲਿੰਚਿੰਗ ਦਾ ਦੋਸ਼ ਕ੍ਰਿਸਚੀਅਨਾਂ 'ਤੇ ਵੀ ਮੜ੍ਹ ਦਿੱਤਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਅਗਲਾ ਨਿਸ਼ਾਨਾ ਭਾਰਤੀ ਈਸਾਈ ਹੋਣਗੇ। ਆਰ ਐੱਸ ਐੱਸ ਦੀਆਂ ਸੈਂਕੜੇ ਫਰੰਟਲ ਜਥੇਬੰਦੀਆਂ ਹਨ। ਇਨ੍ਹਾਂ ਵਿੱਚ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਮੁਕਤੀ ਵਾਹਿਨੀ, ਗਊ ਰਕਸ਼ਕ ਦਲ ਆਦਿ-ਆਦਿ। ਇਹ ਸਭ ਜਥੇਬੰਦੀਆਂ ਮੋਹਨ ਭਾਗਵਤ ਦੇ ਇਸ਼ਾਰੇ ਉੱਤੇ ਕੰਮ ਕਰਦੀਆਂ ਹਨ। ਉਨ੍ਹਾ ਆਪਣੇ ਭਾਸ਼ਣ ਵਿੱਚ ਇਸ਼ਾਰਾ ਕਰ ਦਿੱਤਾ ਹੈ।
ਮੋਹਨ ਭਾਗਵਤ ਦੇ ਭਾਸ਼ਣ ਦਾ ਦੂਜਾ ਮੁੱਦਾ ਭਾਰਤੀ ਆਰਥਿਕਤਾ ਸੀ। ਉਨ੍ਹਾ ਆਰਥਿਕਤਾ ਵਿੱਚ ਆਈ ਮੰਦੀ ਦੇ ਮਸਲੇ ਨੂੰ ਠੰਢਾ ਕਰਨ ਲਈ ਕਿਹਾ ਕਿ ਆਰਥਿਕ ਮੰਦੀ ਤੇ ਵਿਕਾਸ ਦਰ ਵਿੱਚ ਗਿਰਾਵਟ ਆਉਂਦੀ ਜਾਂਦੀ ਰਹਿੰਦੀ ਹੈ, ਇਸ ਲਈ ਇਸ ਉੱਤੇ ਬਹੁਤੀ ਚਰਚਾ ਕਰਕੇ ਨਿਰਾਸ਼ਾ ਦਾ ਮਾਹੌਲ ਬਣਾਉਣ ਦੀ ਜ਼ਰੂਰਤ ਨਹੀਂ। ਇਸ ਸੰਬੰਧੀ ਉਨ੍ਹਾ ਸਵਦੇਸ਼ੀ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਜੋ ਚੀਜ਼ਾਂ ਭਾਰਤ ਵਿੱਚ ਪੈਦਾ ਹੁੰਦੀਆਂ ਹਨ, ਉਹ ਬਾਹਰ ਤੋਂ ਨਹੀਂ ਮੰਗਵਾਉਣੀਆਂ ਚਾਹੀਦੀਆਂ। ਅਸਲ ਵਿੱਚ ਆਰਥਿਕਤਾ ਬਾਰੇ ਉਤਲੀਆਂ-ਪੇਤਲੀਆਂ ਗੱਲਾਂ ਕਰਕੇ ਸੰਘ ਮੁਖੀ ਦੇਸ਼ ਦੀ ਜਨਤਾ ਨੂੰ ਹਕੀਕਤ ਤੋਂ ਬੇਮੁੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਹਕੀਕਤ ਤਾਂ ਹਕੀਕਤ ਹੁੰਦੀ ਹੈ। ਮੋਹਨ ਭਾਗਵਤ ਵੱਲੋਂ ਦਿੱਤੇ ਭਾਸ਼ਣ ਬਾਰੇ ਚਰਚਾਵਾਂ ਸ਼ੁਰੂ ਹੋਈਆਂ ਸਨ ਕਿ ਵਿਸ਼ਵ ਆਰਥਿਕ ਮੰਚ ਦੇ ਸਾਲਾਨਾ ਅੰਕੜੇ ਜਾਰੀ ਹੋ ਗਏ। ਇਨ੍ਹਾਂ ਮੁਤਾਬਕ ਪਿਛਲੇ ਸਮੇਂ ਵਿੱਚ ਭਾਰਤ ਬ੍ਰਿਕਸ ਦੇਸ਼ਾਂ ਵਿੱਚੋਂ ਸਭ ਤੋਂ ਬੁਰੇ ਪ੍ਰਦਰਸ਼ਨ ਵਾਲੀ ਆਰਥਿਕਤਾ ਸਿੱਧ ਹੋਇਆ ਹੈ। ਜਾਰੀ ਅੰਕੜਿਆਂ ਅਨੁਸਾਰ ਭਾਰਤ ਪਿਛਲੇ ਸਾਲ ਦੀ ਤੁਲਨਾ ਵਿੱਚ 10 ਅੰਕ ਹੇਠਾਂ ਡਿੱਗ ਕੇ 68ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਭਾਰਤ ਪਿਛਲੇ ਸਾਲ 58ਵੇਂ ਸਥਾਨ ਉੱਤੇ ਸੀ। ਇਸ ਰਿਪੋਰਟ ਮੁਤਾਬਕ ਭਾਵੇਂ ਭਾਰਤ ਦੀ ਕਾਰਗੁਜ਼ਾਰੀ ਕੁਝ ਖੇਤਰਾਂ ਵਿੱਚ ਚੰਗੀ ਰਹੀ, ਪਰ ਸੂਚਨਾ, ਸੰਚਾਰ ਤੇ ਤਕਨਾਲੋਜੀ ਨੂੰ ਅਪਣਾਉਣ ਵਿੱਚ ਖ਼ਰਾਬ ਪ੍ਰਦਰਸ਼ਨ, ਸਿਹਤ ਤੇ ਚਕਿਤਸਾ ਖੇਤਰ ਦੀ ਖ਼ਰਾਬ ਸਥਿਤੀ ਅਤੇ ਸਿਹਤਮੰਦ ਜੀਵਨ ਦੀ ਸੰਭਾਵਨਾ ਦੀ ਘਟੀਆ ਦਰ ਨੇ ਸਭ ਉੱਤੇ ਪਾਣੀ ਫੇਰ ਦਿੱਤਾ।
ਸਿਹਤਮੰਦ ਜੀਵਨ ਦੀ ਸੰਭਾਵਨਾ ਦੇ ਮਾਮਲੇ ਵਿੱਚ ਭਾਰਤ 109ਵੇਂ ਨੰਬਰ ਉੱਤੇ ਹੈ। ਇਹ ਅਫ਼ਰੀਕੀ ਦੇਸਾਂ ਨੂੰ ਛੱਡ ਕੇ ਸਭ ਤੋਂ ਮਾੜੀ ਹਾਲਤ ਵਿੱਚ ਹੈ। ਸੱਤਾਧਾਰੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਦੇਸ਼ ਓਨਾ ਚਿਰ ਤੱਕ ਤਰੱਕੀ ਨਹੀਂ ਕਰ ਸਕਦਾ, ਜਿੰਨਾ ਚਿਰ ਤੱਕ ਸਮਾਜ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰੇ ਦੀ ਭਾਵਨਾ ਪ੍ਰਫੁੱਲਤ ਨਾ ਹੋਵੇ। ਦਹਿਸ਼ਤ ਦੇ ਪ੍ਰਛਾਵੇਂ ਹੇਠ ਰਹਿ ਕੇ ਕਦੇ ਵੀ ਕਿਸੇ ਸਮਾਜ ਨੇ ਤਰੱਕੀ ਨਹੀਂ ਕੀਤੀ। ਫਿਰਕੂ ਨਫ਼ਰਤ ਫੈਲਾ ਕੇ ਗੱਦੀ ਤਾਂ ਸਾਂਭੀ ਜਾ ਸਕਦੀ ਹੈ, ਪਰ ਦੇਸ਼ ਨਹੀਂ ਚਲਾਇਆ ਜਾ ਸਕਦਾ। ਇਸ ਲਈ ਸੱਤਾਧਾਰੀਆਂ ਨੂੰ ਸਮਝ ਤੋਂ ਕੰਮ ਲੈਂਦਿਆਂ ਆਪਣੇ ਵਿਹਾਰ ਨੂੰ ਬਦਲ ਲੈਣਾ ਚਾਹੀਦਾ ਹੈ।

843 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper