Latest News
ਤੁਰਕੀ ਦੇ ਸੀਰੀਆ 'ਤੇ ਹਵਾਈ ਹਮਲੇ 'ਤੇ ਭਾਰਤ ਨੇ ਜਤਾਈ ਡੂੰਘੀ ਚਿੰਤਾ

Published on 10 Oct, 2019 11:54 AM.


ਨਵੀਂ ਦਿੱਲੀ : ਅਮਰੀਕਾ ਵੱਲੋਂ ਫੌਜਾਂ ਕੱਢ ਲੈਣ ਦੇ ਤੁਰੰਤ ਬਾਅਦ ਤੁਰਕੀ ਨੇ ਗਵਾਂਢੀ ਸੀਰੀਆ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਤੁਰਕੀ ਦਾ ਦਾਅਵਾ ਹੈ ਕਿ ਉਹ ਕੁਰਦ ਮਿਲੀਟੈਂਟਾਂ ਤੇ ਇਸਲਾਮਿਕ ਸਟੇਟ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ। ਤੁਰਕੀ ਕੁਰਦ ਲੜਾਕਿਆਂ ਨੂੰ ਦਹਿਸ਼ਤਗਰਦ ਮੰਨਦਾ ਹੈ। ਤੁਰਕੀ ਦੇ ਇਕਤਰਫਾ ਫੈਸਲੇ 'ਤੇ ਭਾਰਤ ਨੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਉਸ ਨੂੰ ਸੀਰੀਆ ਦੀ ਖੇਤਰੀ ਅਖੰਡਤਾ ਦਾ ਆਦਰ ਕਰਨ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ, 'ਅਸੀਂ ਉੱਤਰ-ਪੂਰਬੀ ਸੀਰੀਆ ਵਿਚ ਤੁਰਕੀ ਦੇ ਇਕਤਰਫਾ ਫੌਜੀ ਹਮਲੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ। ਤੁਰਕੀ ਦਾ ਕਦਮ ਖਿੱਤੇ ਦੀ ਸਥਿਰਤਾ ਤੇ ਦਹਿਸ਼ਤਗਰਦੀ ਵਿਰੁੱਧ ਲੜਾਈ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਕਦਮ ਨਾਲ ਮਾਨਵੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ। ਅਸੀਂ ਤੁਰਕੀ ਨੂੰ ਅਪੀਲ ਕਰਦੇ ਹਾਂ ਕਿ ਉਹ ਸੀਰੀਆ ਦੀ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਆਦਰ ਕਰੇ ਅਤੇ ਸੰਜਮ ਵਰਤੇ। ਅਸੀਂ ਗੱਲਬਾਤ ਨਾਲ ਮੁੱਦੇ ਦੇ ਪੁਰਅਮਨ ਹੱਲ ਦੀ ਅਪੀਲ ਕਰਦੇ ਹਾਂ।'
ਹਾਲ ਹੀ ਵਿਚ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਆਨ ਨੇ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਦੀ ਹਮਾਇਤ ਕੀਤੀ ਸੀ। ਉਨ੍ਹਾ ਕਸ਼ਮੀਰ ਦੀ ਤੁਲਨਾ ਫਲਸਤੀਨ ਨਾਲ ਕਰ ਦਿੱਤੀ ਸੀ। ਤੁਰਕੀ ਪਾਕਿਸਤਾਨ ਲਈ ਜੰਗੀ ਬੇੜਾ ਵੀ ਬਣਾ ਰਿਹਾ ਹੈ। ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ-ਤੁਰਕੀ ਸਰਹੱਦ ਤੋਂ ਆਪਣੇ ਫੌਜੀ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਤੁਰਕੀ ਆਪਣੀ ਸਮੱਸਿਆ ਦਾ ਹੱਲ ਖੁਦ ਕਰੇ। ਜਦੋਂ ਐਰਦੋਆਨ ਨੇ ਸੀਰੀਆ 'ਤੇ ਹਵਾਈ ਹਮਲੇ ਦਾ ਐਲਾਨ ਕੀਤਾ ਤਾਂ ਟਰੰਪ ਨੇ ਖਬਰਦਾਰ ਕੀਤਾ ਸੀ ਕਿ ਤੁਰਕੀ ਜੇ ਹੱਦ ਪਾਰ ਕਰੇਗਾ ਤਾਂ ਅਮਰੀਕਾ ਉਸ ਦੀ ਅਰਥ-ਵਿਵਸਥਾ ਤਬਾਹ ਕਰ ਦੇਵੇਗਾ।

159 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper