Latest News
ਈਸ਼ਵੰਤੀ ਦੀ ਮੰਜੂ ਰਾਣੀ

Published on 14 Oct, 2019 11:36 AM.


ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਰਿਠਾਲ ਦੀ ਮੰਜੂ ਰਾਣੀ ਦੀ ਕਹਾਣੀ ਵੀ ਉਨ੍ਹਾਂ ਖਿਡਾਰੀਆਂ ਵਰਗੀ ਹੈ, ਜਿਨ੍ਹਾਂ ਤੰਗੀਆਂ-ਤੁਰਸ਼ੀਆਂ ਨੂੰ ਮਾਤ ਦੇ ਕੇ ਬੁਲੰਦੀਆਂ ਸਰ ਕੀਤੀਆਂ। ਮੰਜੂ ਰਾਣੀ ਨੇ ਰੂਸ ਦੇ ਉਲਾਨ-ਉਦੈ ਵਿਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਲਾਈਟ ਫਲਾਈਵੇਟ (48 ਕਿਲੋ) ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਮੰਜੂ ਫਾਈਨਲ ਵਿਚ ਪੁੱਜਣ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਸੀ। 6 ਵਾਰ ਦੀ ਚੈਂਪੀਅਨ ਮੈਰੀਕੌਮ, ਜਮੁਨਾ ਬੋਰੋ ਤੇ ਲਵਲੀਨਾ ਬੋਰਗੋਹੇਨ ਨੂੰ ਕਾਂਸੀ ਦੇ ਤਮਗਿਆਂ ਨਾਲ ਸਬਰ ਕਰਨਾ ਪਿਆ। ਮੰਜੂ ਫਾਈਨਲ ਵਿਚ ਰੂਸ ਦੀ ਏਕਾਤੇਰੀਨਾ ਪਲਸੇਵਾ ਹੱਥੋਂ ਇਕ ਦੇ ਮੁਕਾਬਲੇ ਚਾਰ ਪੁਆਇੰਟਾਂ ਨਾਲ ਹਾਰੀ। ਦਰਜਾਬੰਦੀ ਵਿਚ ਮੰਜੂ ਛੇਵੇਂ ਨੰਬਰ 'ਤੇ ਸੀ ਤੇ ਏਕਾਤੇਰੀਨਾ ਦੂਜੇ ਨੰਬਰ 'ਤੇ। ਏਕਾਤੇਰੀਨਾ ਨੂੰ ਘਰੇਲੂ ਦਰਸ਼ਕਾਂ ਅੱਗੇ ਭਿੜਨ ਦਾ ਵੀ ਫਾਇਦਾ ਸੀ।
ਪਿੰਡ ਵਿਚ ਲੱਡੂ ਵੰਡਦੀ ਮਾਂ ਈਸ਼ਵੰਤੀ ਦੇਵੀ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਪ੍ਰਾਪਤੀ 'ਤੇ ਬਾਗੋਬਾਗ ਹੈ ਤੇ ਇਸ ਦਾ ਅਸਲ ਸਿਹਰਾ ਸਾਹਿਬ ਸਿੰਘ ਨਰਵਾਲ ਹੁਰਾਂ ਨੂੰ ਜਾਂਦਾ ਹੈ, ਜਿਨ੍ਹਾ ਨੇ ਪਿਤਾ ਦੀ ਮੌਤ ਤੋਂ ਬਾਅਦ ਮੰਜੂ ਨੂੰ ਆਪਣੀ ਧੀ ਸਮਝ ਕੇ ਟਰੇਨਿੰਗ ਦਿੱਤੀ। ਦਰਅਸਲ ਪੰਜ ਭੈਣ-ਭਰਾਵਾਂ ਵਿਚੋਂ ਚੌਥੀ ਮੰਜੂ ਦੇ ਪਿਤਾ ਦੀ ਬੀ ਐੱਸ ਐੱਫ ਵਿਚ ਹੈੱਡ ਕਾਂਸਟੇਬਲ ਹੁੰਦਿਆਂ ਕੈਂਸਰ ਨਾਲ 2010 ਵਿਚ ਮੌਤ ਹੋ ਗਈ ਸੀ। ਉਦੋਂ ਮੰਜੂ 11 ਸਾਲ ਦੀ ਸੀ। ਪਤੀ ਦੀ ਪੈਨਸ਼ਨ ਨਾਲ ਗੁਜ਼ਾਰਾ ਨਾ ਚੱਲਦਾ ਦੇਖ ਈਸ਼ਵੰਤੀ ਨੇ ਪਿੰਡ ਵਿਚ ਹੀ ਕਾਸਮੈਟਿਕਸ ਦੀ ਦੁਕਾਨ ਖੋਲ੍ਹੀ। ਈਸ਼ਵੰਤੀ ਦੇ ਦੱਸਣ ਮੁਤਾਬਕ ਸ਼ੁਰੂਆਤੀ ਸਾਲਾਂ ਵਿਚ ਤਾਂ ਮੰਜੂ ਕੋਲ ਖੇਡਣ ਲਈ ਫਲੀਟ ਵੀ ਨਹੀਂ ਹੁੰਦੇ ਸਨ। ਸਾਹਿਬ ਸਿੰਘ ਹਰਿਆਣਾ ਸਰਕਾਰ ਵੱਲੋਂ 2010 ਵਿਚ ਸ਼ੁਰੂ ਕੀਤੀ ਪ੍ਰਤਿਭਾਵਾਂ ਲੱਭਣ ਦੀ ਸਕੀਮ ਤਹਿਤ ਪਿੰਡ ਵਿਚ ਕਬੱਡੀ ਤੇ ਹਾਕੀ ਦੀ ਟਰੇਨਿੰਗ ਦਿੰਦੇ ਹੁੰਦੇ ਸਨ। ਐੱਨ ਆਈ ਐੱਸ ਟਰੇਂਡ ਸੂਬੇ ਸਿੰਘ ਇੰਸਟ੍ਰਕਟਰ ਸਨ ਤੇ ਉਨ੍ਹਾ ਆਪਣੇ ਦੌਰੇ ਦੌਰਾਨ ਟਰੇਨਿੰਗ ਲੈਣ ਵਾਲੇ ਬੱਚਿਆਂ ਦੀਆਂ ਫੁਰਤੀਆਂ ਦੇਖ ਕੇ ਸਾਹਿਬ ਸਿੰਘ ਨੂੰ ਮਸ਼ਵਰਾ ਦਿੱਤਾ ਕਿ ਇਨ੍ਹਾਂ ਨੂੰ ਮੁੱਕੇਬਾਜ਼ੀ ਸਿਖਾਓ। ਸਾਹਿਬ ਸਿੰਘ ਨੇ ਸੂਬੇ ਸਿੰਘ ਤੋਂ ਮੁੱਕੇਬਾਜ਼ੀ ਦੇ ਗੁਰ ਸਿੱਖੇ ਤੇ ਫਿਰ ਮੁੱਕੇਬਾਜ਼ੀ ਦੇ ਮੱਕਾ ਮੰਨੇ ਜਾਂਦੇ ਭਿਵਾਨੀ ਦੀਆਂ ਕਈ ਅਕਾਦਮੀਆਂ ਵਿਚ ਜਾ ਕੇ ਟਰੇਨਿੰਗ ਲਈ, ਤਾਂ ਕਿ ਬੱਚਿਆਂ ਨੂੰ ਸਹੀ ਟਰੇਨਿੰਗ ਦੇ ਸਕਣ। ਕਈਆਂ ਨੇ ਉਨ੍ਹਾ ਨੂੰ ਟਾਂਚਾਂ ਵੀ ਕੀਤੀਆਂ। ਪਿੰਡ ਵਿਚ ਟਰੇਨਿੰਗ ਦੇਣ ਤੋਂ ਬਾਅਦ ਉਨ੍ਹਾ ਆਪਣਾ ਸੈਂਟਰ ਰੋਹਤਕ ਸ਼ਹਿਰ ਲੈ ਆਂਦਾ ਤੇ ਦੇਖਦਿਆਂ ਹੀ ਦੇਖਦਿਆਂ ਉਥੇ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚਿਆਂ ਦੀਆਂ ਰੌਣਕਾਂ ਲੱਗ ਗਈਆਂ। ਮੰਜੂ ਰਾਣੀ ਦੀ ਸਮਰੱਥਾ 'ਤੇ ਸਾਹਿਬ ਸਿੰਘ ਨੂੰ ਬਹੁਤ ਭਰੋਸਾ ਸੀ, ਪਰ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਕੋਚਾਂ ਦੀ ਸਿਆਸਤ ਕਾਰਨ ਮੰਜੂ ਨੂੰ ਹਰਿਆਣਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਸਾਹਿਬ ਸਿੰਘ ਨੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਅਕੈਡਮੀ ਵਿਚ ਭਾਰਤੀ ਜੂਨੀਅਰ ਮਹਿਲਾ ਟੀਮ ਦੀ ਕੋਚ ਅਮਨਪ੍ਰੀਤ ਕੌਰ ਨਾਲ ਸੰਪਰਕ ਕੀਤਾ। ਅਮਨਪ੍ਰੀਤ ਕੌਰ ਨੇ ਮੰਜੂ ਰਾਣੀ ਦੀ ਖੇਡ ਤੋਂ ਪ੍ਰਭਾਵਤ ਹੋ ਕੇ ਉਸ ਨੂੰ ਸਾਈ ਸੈਂਟਰ ਵਿਚ ਦਾਖਲ ਕਰ ਲਿਆ। ਇਸ ਦੇ ਬਾਵਜੂਦ ਮੰਜੂ ਰਾਣੀ ਅੱਗੇ ਨਹੀਂ ਵਧ ਪਾ ਰਹੀ ਸੀ, ਕਿਉਂਕਿ ਸਰਟੀਫਿਕੇਟਾਂ ਵਾਲੇ ਕੋਚਾਂ ਨੂੰ ਬਿਨਾਂ ਸਰਟੀਫਿਕੇਟ ਵਾਲੇ ਕੋਚ ਸਾਹਿਬ ਸਿੰਘ ਦੀ ਬੱਲੇ-ਬੱਲੇ ਰਾਸ ਨਹੀਂ ਆ ਰਹੀ ਸੀ। ਆਖਰ ਅਮਨਪ੍ਰੀਤ ਕੌਰ ਨੇ ਮੰਜੂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਬੀ ਐੱਸ ਸੀ ਵਿਚ ਦਾਖਲਾ ਦਿਵਾ ਦਿੱਤਾ। ਇਥੋਂ ਹੀ ਉਸ ਦੀ ਜ਼ਿੰਦਗੀ ਨੇ ਨਵਾਂ ਮੋੜ ਕੱਟਿਆ ਅਤੇ ਉਹ ਇਸ ਸਾਲ ਜਨਵਰੀ ਵਿਚ ਪੰਜਾਬ ਦੀ ਨੁਮਾਇੰਦਗੀ ਕਰਕੇ 48 ਕਿਲੋ ਭਾਰ ਵਰਗ ਵਿਚ ਕੌਮੀ ਚੈਂਪੀਅਨ ਬਣ ਗਈ। ਫਿਰ ਭਾਰਤੀ ਟੀਮ ਦੀ ਮੈਂਬਰ ਵਜੋਂ ਥਾਈਲੈਂਡ ਵਿਚ ਸਤਰਾਂਜਾ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ। ਇਹ ਜਿੱਤ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਦਿਵਾਉਣ ਵਿਚ ਸਹਾਈ ਹੋਈ ਤੇ ਉਥੇ ਚਾਂਦੀ ਦਾ ਤਮਗਾ ਜਿੱਤ ਕੇ ਉਸ ਨੇ ਦਿਖਾ ਦਿੱਤਾ ਕਿ ਪ੍ਰਤਿਭਾ ਨੂੰ ਬਹੁਤਾ ਚਿਰ ਦਬਾਇਆ ਨਹੀਂ ਜਾ ਸਕਦਾ।
ਅਗਲੇ ਸਾਲ ਟੋਕੀਓ ਉਲੰਪਿਕ ਲਈ ਟੀਮ ਵਿਚ ਥਾਂ ਪੱਕੀ ਕਰਨ ਲਈ ਮੰਜੂ ਰਾਣੀ ਨੂੰ ਸਖਤ ਮਿਹਨਤ ਦੇ ਨਾਲ-ਨਾਲ ਇਕ ਦਿਲਚਸਪ ਪੜਾਅ ਵਿਚੋਂ ਲੰਘਣਾ ਪੈਣਾ ਹੈ। ਉਲੰਪਿਕ ਵਿਚ ਮਹਿਲਾਵਾਂ ਦਾ 48 ਕਿਲੋ ਭਾਰ ਵਰਗ ਦਾ ਮੁਕਾਬਲਾ ਨਹੀਂ ਹੋਣਾ। ਉਥੇ ਸ਼ੁਰੂਆਤ ਹੀ 51 ਕਿਲੋ ਤੋਂ ਹੋਣੀ ਹੈ। ਮੈਰੀਕੌਮ ਵੀ 51 ਕਿਲੋ ਭਾਰ ਵਰਗ ਵਿਚ ਹਿੱਸਾ ਲੈਂਦੀ ਹੈ। ਇਸ ਤਰ੍ਹਾਂ ਮੰਜੂ ਨੂੰ ਉਲੰਪਿਕ ਤੋਂ ਪਹਿਲਾਂ ਟਰਾਇਲਾਂ ਵਿਚ ਦੁਨੀਆ ਦੀ ਮਹਾਨ ਮੁੱਕੇਬਾਜ਼ ਮੈਰੀਕੌਮ ਨੂੰ ਹਰਾਉਣਾ ਪੈਣਾ ਹੈ। ਮੰਜੂ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਹ ਅਜੇ 20 ਵਰ੍ਹਿਆਂ ਦੀ ਹੈ ਤੇ ਤਿੰਨ ਬੱਚਿਆਂ ਦੀ ਮਾਂ ਮੈਰੀਕੌਮ 37 ਵਰ੍ਹਿਆਂ ਦੀ।

824 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper