Latest News
ਬਦਲਦਾ ਰੁਝਾਨ

Published on 15 Oct, 2019 11:05 AM.


ਹਰਿਆਣਾ ਦੀ ਅਬਾਦੀ ਦੇਸ਼ ਦੀ ਕੁਲ ਅਬਾਦੀ ਦਾ ਦੋ ਕੁ ਫੀਸਦੀ ਬਣਦੀ ਹੈ, ਪਰ ਹਥਿਆਰਬੰਦ ਬਲਾਂ ਵਿਚ ਇਸ ਦਾ ਹਿੱਸਾ ਕਰੀਬ 10 ਫੀਸਦੀ ਹੈ। ਸੂਬੇ ਵਿਚ ਸੱਤਾਧਾਰੀ ਭਾਜਪਾ ਲਗਾਤਾਰ ਦੂਜੀ ਵਾਰ ਅਸੰਬਲੀ ਚੋਣਾਂ ਜਿੱਤਣ ਲਈ ਰੁਜ਼ਗਾਰ ਤੇ ਵਿਕਾਸ ਦੇ ਮਾਮਲੇ ਵਿਚ ਆਪਣੀ ਕਾਰਗੁਜ਼ਾਰੀ ਦਾ ਜ਼ਿਕਰ ਕਰਨ ਦੀ ਥਾਂ ਪਾਕਿਸਤਾਨ 'ਤੇ ਸ਼ਬਦੀ ਗੋਲਾਬਾਰੀ ਤੋਂ ਇਲਾਵਾ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਦੇ ਨਾਂਅ 'ਤੇ ਵੋਟਾਂ ਬਟੋਰਨ ਲਈ ਜ਼ਿਆਦਾ ਜ਼ੋਰ ਲਾ ਰਹੀ ਹੈ। ਇਸ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਤਾਂ ਅਸੰਬਲੀ ਚੋਣਾਂ ਦੇ ਨਤੀਜਿਆਂ ਨੂੰ ਕਸ਼ਮੀਰ ਬਾਰੇ ਸਰਕਾਰ ਦੇ ਫੈਸਲੇ 'ਤੇ ਰੈਫਰੰਡਮ ਦਾ ਨਾਂਅ ਦਿੱਤਾ ਹੋਇਆ ਹੈ। ਉਨ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਸੂਬਾਈ ਆਗੂ ਵੀ ਇਹੀ ਤਵਾ ਵਜਾ ਰਹੇ ਹਨ।
ਲੋਕ ਸਭਾ ਚੋਣਾਂ ਵਿਚ ਪਾਕਿਸਤਾਨ ਖਿਲਾਫ ਬਾਲਾਕੋਟ ਏਅਰ ਸਟਰਾਈਕ ਨਾਲ ਪੈਦਾ ਕੀਤੀ 'ਕੌਮਪ੍ਰਸਤੀ' ਭਾਜਪਾ ਨੂੰ ਵਾਹਵਾ ਫਾਇਦਾ ਪਹੁੰਚਾ ਗਈ ਸੀ, ਪਰ ਅਸੰਬਲੀ ਚੋਣਾਂ ਵਿਚ ਉਸ ਤਰ੍ਹਾਂ ਦੇ ਹਾਲਾਤ ਨਹੀਂ ਲੱਗ ਰਹੇ। ਇਸ ਦੀ ਝਲਕ ਚਰਖੀ ਦਾਦਰੀ ਜ਼ਿਲ੍ਹੇ ਵਿਚ ਪੈਂਦੇ ਪਿੰਡ ਚੰਦੇਨੀ ਦੇ ਵਾਸੀਆਂ ਦੀ ਸੋਚ ਤੋਂ ਮਿਲਦੀ ਹੈ। 600 ਘਰਾਂ ਵਾਲੇ ਪਿੰਡ ਦੀ ਅਬਾਦੀ ਕਰੀਬ ਤਿੰਨ ਹਜ਼ਾਰ ਹੈ, ਜਿਨ੍ਹਾਂ ਵਿਚੋਂ ਕਰੀਬ 2300 ਵੋਟਰ ਹਨ। ਇਸ ਵੇਲੇ ਪਿੰਡ ਦੇ 600 ਜਵਾਨ ਹਥਿਆਰਬੰਦ ਬਲਾਂ ਵਿਚ ਸੇਵਾ ਕਰ ਰਹੇ ਹਨ ਤੇ ਕਰੀਬ 300 ਪੈਨਸ਼ਨਰ ਹਨ ਅਤੇ ਏਨੀਆਂ ਹੀ ਵਿਧਵਾਵਾਂ ਪੈਨਸ਼ਨ ਲੈ ਰਹੀਆਂ ਹਨ। ਦੇਸ਼ ਦੀ ਰਾਖੀ ਲਈ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਇਸ ਪਿੰਡ ਨੇ ਸੂਬੇ ਦੇ ਕਿਸੇ ਹੋਰ ਪਿੰਡ ਨਾਲੋਂ ਵੱਧ ਜਵਾਨ ਹਥਿਆਰਬੰਦ ਫੌਜਾਂ ਨੂੰ ਦਿੱਤੇ ਹਨ। ਸੁਭਾਵਕ ਹੀ ਪਿੰਡ ਵਾਲੇ ਪਾਕਿਸਤਾਨ ਤੇ ਕਸ਼ਮੀਰ ਬਾਰੇ ਵਧੇਰੇ ਦਿਲਚਸਪੀ ਰੱਖਣਗੇ, ਪਰ ਅਸੰਬਲੀ ਚੋਣਾਂ ਵਿਚ ਉਨ੍ਹਾਂ ਵੋਟਾਂ ਬੁਨਿਆਦੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਪਾਉਣ ਦਾ ਮਨ ਬਣਾਇਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਟਿਊਬਵੈੱਲ ਪਿੰਡ ਦੀ ਪਾਣੀ ਦੀ ਲੋੜ ਪੂਰੀ ਨਹੀਂ ਕਰ ਰਹੇ। ਉਹ ਹਰ ਮਹੀਨੇ ਨਿੱਜੀ ਠੇਕੇਦਾਰਾਂ ਤੋਂ ਸਾਢੇ ਤਿੰਨ ਸੌ ਰੁਪਏ ਦਾ ਪਾਣੀ ਖਰੀਦਣ ਲਈ ਮਜਬੂਰ ਹਨ ਤੇ ਉਹ ਵੀ ਪੀਣ ਲਾਇਕ ਨਹੀਂ ਹੁੰਦਾ। ਸਕੂਲ ਵਿਚ ਸਾਇੰਸ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ। ਡਾਕਖਾਨਾ ਵੀ ਨਹੀਂ ਹੈ। ਜਵਾਨਾਂ ਦੀ ਪਨੀਰੀ ਵਾਲੇ ਪਿੰਡ ਨੂੰ ਆਦਰਸ਼ ਪਿੰਡ ਐਲਾਨਣ ਦੀ ਥਾਂ ਸਰਕਾਰ ਨੇ ਪਿੰਡ 'ਚ ਸ਼ਰਾਬ ਦਾ ਠੇਕਾ ਜ਼ਰੂਰ ਖੋਲ੍ਹ ਦਿੱਤਾ ਹੈ। ਪਿੰਡ ਦੇ ਸਭ ਤੋਂ ਬਜ਼ੁਰਗ ਪੈਨਸ਼ਨਰ ਸੂਬੇਦਾਰ ਧਰਮ ਚੰਦ (93), ਜਿਨ੍ਹਾ 1948 ਦੀ ਜੰਮੂ-ਕਸ਼ਮੀਰ, 1965 ਤੇ 71 ਦੀ ਹਿੰਦ-ਪਾਕਿ ਅਤੇ 1962 ਦੀ ਚੀਨ ਨਾਲ ਲੜਾਈ ਵਿਚ ਹਿੱਸਾ ਲਿਆ, ਦਾ ਕਹਿਣਾ ਹੈ ਕਿ ਧਾਰਾ 370 ਖਤਮ ਕਰਨਾ ਸਿਆਸੀ ਫੈਸਲਾ ਹੈ। ਫੌਜੀ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਚਲਦੇ ਹਨ। ਚੋਣਾਂ ਵਿਚ ਇਸ ਤਰ੍ਹਾਂ ਦੇ ਮੁੱਦੇ ਨਹੀਂ ਵਰਤਣੇ ਚਾਹੀਦੇ। ਸਰਹੱਦਾਂ 'ਤੇ ਡਿਊਟੀ ਦੇਣ ਵਾਲੇ ਜਵਾਨ ਤਦ ਹੀ ਖੁਸ਼ ਹੋਣਗੇ, ਜੇ ਉਨ੍ਹਾਂ ਦੇ ਪਰਵਾਰਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਮੁਲਕ ਵਿਚ ਚੱਲ ਰਹੀ ਅੰਧਰਾਸ਼ਟਰਵਾਦ ਦੀ ਹਨੇਰੀ ਦਰਮਿਆਨ ਫੌਜੀਆਂ ਦੇ ਪਿੰਡ ਚੰਦੇਨੀ ਦੇ ਸਿਆਣਿਆਂ ਦੀ ਸੋਚ ਤੋਂ ਸਾਫ ਹੈ ਕਿ ਸਿਰਫ ਜੰਮੂ-ਕਸ਼ਮੀਰ ਸੰਬੰਧੀ ਕਾਰਵਾਈ ਦੇ ਨਾਂਅ 'ਤੇ ਭਾਜਪਾ ਨੂੰ ਐਤਕੀਂ ਖਾਸ ਫਾਇਦਾ ਨਹੀਂ ਹੋਣਾ। ਸੂਬੇ ਦੇ ਫੌਜ ਤੇ ਨੀਮ ਫੌਜਾਂ ਵਿਚ ਕਰੀਬ ਇਕ ਲੱਖ ਵੋਟਰ ਹਨ, ਜਿਨ੍ਹਾਂ ਡਾਕ ਰਾਹੀਂ ਵੋਟ ਪਾਉਣੀ ਹੈ। ਕਰੀਬ 2 ਲੱਖ 84 ਹਜ਼ਾਰ ਰਿਟਾਇਰਡ ਫੌਜੀ ਹਨ ਤੇ ਕਰੀਬ 86 ਹਜ਼ਾਰ ਫੌਜੀ ਵਿਧਵਾਵਾਂ ਹਨ। ਰੋਹਤਕ, ਝੱਜਰ, ਚਰਖੀ-ਦਾਦਰੀ, ਭਿਵਾਨੀ, ਰਿਵਾੜੀ ਤੇ ਗੁਰੂਗਰਾਮ ਵਿਚ ਤਾਂ ਇਨ੍ਹਾਂ ਦੀ ਕਾਫੀ ਵੋਟ ਹੈ। ਹੋਰਨਾਂ ਪਿੰਡਾਂ ਦੇ ਫੌਜੀ ਵੀ ਘੱਟੋ-ਵੱਧ ਚੰਦੇਨੀ ਦੇ ਫੌਜੀਆਂ ਵਰਗੀ ਸੋਚ ਰੱਖਦੇ ਹੋਣਗੇ ਤਾਂ 90 ਵਿੱਚੋਂ 75 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ ਲਈ ਅਣਕਿਆਸੇ ਨਤੀਜੇ ਸਾਹਮਣੇ ਆ ਸਕਦੇ ਹਨ।

922 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper