Latest News
ਅਰਥ-ਸ਼ਾਸਤਰੀਆਂ ਦੀ ਸੁਣੋ

Published on 16 Oct, 2019 11:47 AM.


ਭਾਰਤ ਦੀ ਅਰਥ-ਵਿਵਸਥਾ ਇਸ ਸਮੇਂ ਘੋਰ ਮੰਦੀ ਦਾ ਸਾਹਮਣਾ ਕਰ ਰਹੀ ਹੈ। ਹਾਕਮ ਧਿਰ ਵੱਲੋਂ ਆਰਥਿਕ ਮੰਦੀ ਨੂੰ ਰੋਕਣ ਲਈ ਹੁਣ ਤੱਕ ਚੁੱਕੇ ਗਏ ਕਦਮ ਕਾਰਗਰ ਸਿੱਧ ਨਹੀਂ ਹੋ ਰਹੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਲੈ ਕੇ ਕਾਨੂੰਨ ਮੰਤਰੀ ਰਵੀਸ਼ੰਕਰ ਤੱਕ ਤਾਂ ਇਹ ਮੰਨਣ ਲਈ ਹੀ ਤਿਆਰ ਨਹੀਂ ਹਨ ਕਿ ਦੇਸ਼ ਦਾ ਅਰਥਚਾਰਾ ਦਿਨੋ-ਦਿਨ ਗਿਰਾਵਟ ਵੱਲ ਜਾ ਰਿਹਾ ਹੈ, ਪ੍ਰੰਤੂ ਦੇਸ਼ ਦੇ ਵੱਡੇ ਅਰਥ-ਸ਼ਾਸਤਰੀ ਲਗਾਤਾਰ ਇਹ ਚਿਤਾਵਨੀਆਂ ਦਿੰਦੇ ਆ ਰਹੇ ਹਨ ਕਿ ਮੋਦੀ ਸਰਕਾਰ ਨੂੰ ਆਪਣੀਆਂ ਆਰਥਿਕ ਨੀਤੀਆਂ ਦੀ ਸਮੀਖਿਆ ਕਰਨ ਦੀ ਲੋੜ ਹੈ, ਤਾਂ ਜੋ ਮੰਦੀ ਦੀ ਸਥਿਤੀ ਵਿੱਚੋਂ ਬਾਹਰ ਨਿਕਲਿਆ ਜਾ ਸਕੇ। ਹੁਣੇ-ਹੁਣੇ ਤਿੰਨ ਅਰਥ-ਸ਼ਾਸਤਰੀਆਂ: ਆਰ ਬੀ ਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ, ਲੰਡਨ ਸਕੂਲ ਆਫ਼ ਇਕਾਨੋਮਿਕਸ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਡਾ. ਪਰਕਲਾ ਪ੍ਰਭਾਕਰ ਤੇ ਨੋਬਲ ਪੁਰਸਕਾਰ ਨਾਲ ਸਨਮਾਨਤ ਅਰਥ-ਸ਼ਾਸਤਰੀ ਅਭਿਜੀਤ ਬੈਨਰਜੀ ਨੇ ਇਸ ਮਸਲੇ ਸੰਬੰਧੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਰਘੂਰਾਮ ਰਾਜਨ ਨੇ ਬੀਤੇ ਸ਼ੁੱਕਰਵਾਰ ਨੂੰ ਇੱਕ ਸੈਮੀਨਾਰ ਵਿੱਚ ਲੈਕਚਰ ਦਿੰਦਿਆਂ ਕਿਹਾ ਕਿ ਉੱਚ ਅਹੁਦਿਆਂ ਉੱਤੇ ਬੈਠੇ ਵਿਅਕਤੀ ਦੇਸ਼ ਦੀ ਆਰਥਿਕਤਾ ਸੰਭਾਲ ਸਕਣ ਵਿੱਚ ਅਸਮਰੱਥ ਸਿੱਧ ਹੋ ਰਹੇ ਹਨ। ਇਸ ਸਰਕਾਰ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਹੋ ਚੁੱਕਾ ਹੈ। ਸਰਕਾਰ ਕੋਲ ਆਰਥਿਕ ਵਿਕਾਸ ਦਾ ਕੋਈ ਮਾਡਲ ਨਹੀਂ। ਸੱਤਾ ਦਾ ਕੇਂਦਰੀਕਰਨ ਸਿਰਫ਼ ਕੇਂਦਰ ਸਰਕਾਰ ਹੀ ਨਹੀਂ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੀ ਹੋ ਚੁੱਕਾ ਹੈ। ਜੋ ਕੰਮ ਹੋ ਰਿਹਾ ਹੈ, ਉਹ ਨੌਕਰਸ਼ਾਹਾਂ ਰਾਹੀਂ ਹੋ ਰਿਹਾ ਹੈ। ਮੰਤਰੀਆਂ ਨੂੰ ਫੈਸਲਿਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਨਰਿੰਦਰ ਮੋਦੀ ਸਰਕਾਰ ਕੋਲ ਆਰਥਿਕ ਦ੍ਰਿਸ਼ਟੀ ਦੀ ਕਮੀ ਹੈ। ਉਨ੍ਹਾਂ ਵੰਡਣ ਵਾਲੇ ਬਹਸੰਖਿਆਵਾਦ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਇਸ ਨਾਲ ਚੋਣਾਂ ਤਾਂ ਜਿੱਤੀਆਂ ਜਾ ਸਕਦੀਆਂ ਹਨ, ਪਰ ਦੇਸ਼ ਨਹੀਂ ਚਲਾਇਆ ਜਾ ਸਕਦਾ।
ਇਸੇ ਦੌਰਾਨ ਵਿੱਤ ਮੰਦਰੀ ਦੇ ਪਤੀ ਡਾ. ਪਰਕਲਾ ਪ੍ਰਭਾਕਰ ਨੇ 'ਦੀ ਹਿੰਦੂ' ਅਖ਼ਬਾਰ ਵਿੱਚ ਲਿਖੇ ਇੱਕ ਲੰਮੇ ਲੇਖ ਰਾਹੀਂ ਕਿਹਾ ਹੈ ਕਿ ਇਸ ਸਮੇਂ ਦੇਸ਼ ਦੀ ਆਰਥਿਕਤਾ ਦੀ ਹਾਲਤ ਕਾਫ਼ੀ ਖਰਾਬ ਹੈ। ਇਸ ਨੂੰ ਸੁਧਾਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ਹੈ, ਪ੍ਰੰਤੂ ਸਰਕਾਰ ਇਸ ਸੰਕਟ ਵਿੱਚੋਂ ਦੇਸ਼ ਨੂੰ ਕੱਢਣ ਲਈ ਕੋਈ ਰੋਡਮੈਪ ਪੇਸ਼ ਨਹੀਂ ਕਰ ਸਕੀ। ਉਨ੍ਹਾ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਇਸ ਸੰਕਟ ਵਿੱਚੋਂ ਨਿਕਲਣਾ ਚਾਹੁੰਦੀ ਹੈ ਤਾਂ ਉਸ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਮਾਡਲ ਨੂੰ ਅਪਨਾਉਣਾ ਪਵੇਗਾ। ਉਨ੍ਹਾ ਕਿਹਾ ਕਿ ਭਾਵੇਂ ਸਰਕਾਰ ਆਰਥਿਕ ਸੰਕਟ ਤੋਂ ਇਨਕਾਰ ਕਰ ਰਹੀ ਹੈ, ਪਰ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਦੱਸਦੇ ਹਨ ਕਿ ਇੱਕ ਸੈਕਟਰ ਤੋਂ ਬਾਅਦ ਦੂਜਾ ਸੈਕਟਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਭਾਜਪਾ ਦੀ ਇੱਕ ਮੁਸ਼ਕਲ ਹੈ ਕਿ ਕੋਈ ਵੀ ਹਕੀਕਤ ਨੂੰ ਮੰਨਣ ਲਈ ਤਿਆਰ ਨਹੀਂ।
ਹੁਣੇ-ਹੁਣੇ ਨੋਬਲ ਪੁਰਸਕਾਰ ਨਾਲ ਸਨਮਾਨਤ ਅਰਥ-ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਇਸ ਸਮੇਂ ਭਾਰਤੀ ਅਰਥ-ਵਿਵਸਥਾ ਲੜਖੜਾ ਚੁੱਕੀ ਹੈ। ਸਾਹਮਣੇ ਆ ਚੁੱਕੇ ਅੰਕੜੇ ਇਹ ਭਰੋਸਾ ਨਹੀਂ ਬੰਨ੍ਹਾਉਂਦੇ ਕਿ ਇਸ ਵਿੱਚ ਛੇਤੀ ਸੁਧਾਰ ਆ ਜਾਵੇਗਾ। ਉਨ੍ਹਾ ਕਿਹਾ ਕਿ ਕਈ ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਬਹੁਤ ਵੱਡੀ ਚੇਤਾਵਨੀ ਦਾ ਸੰਕੇਤ ਹੈ। ਭਾਰਤ ਵਿੱਚ ਆਰਥਿਕ ਹਾਲਤ ਨੂੰ ਸੁਧਾਰਨ ਬਾਰੇ ਨਹੀਂ, ਸਗੋਂ ਅੰਕੜਿਆਂ ਬਾਰੇ ਬਹਿਸ ਚੱਲ ਰਹੀ ਹੈ। ਸਰਕਾਰ ਲਈ ਉਹ ਸਾਰੇ ਅੰਕੜੇ ਗਲਤ ਹਨ, ਜਿਹੜੇ ਉਸ ਨੂੰ ਨਾ-ਪਸੰਦ ਹਨ।
ਉਪਰੋਕਤ ਸਭ ਵਿਅਕਤੀ ਸੰਸਾਰ ਪੱਧਰ ਦੇ ਅਰਥ-ਸ਼ਾਸਤਰੀ ਹਨ। ਉਨ੍ਹਾਂ ਦਾ ਭਾਜਪਾ ਵਿਰੋਧੀ ਪਾਰਟੀਆਂ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਤੋਲਣਾ ਚਾਹੀਦਾ। ਦੇਸ਼ ਦਾ ਹਿੱਤ ਇਹੋ ਮੰਗ ਕਰਦਾ ਹੈ ਕਿ ਸੱਤਾਧਾਰੀ ਆਪਣੀ ਹੈਂਕੜ ਨੂੰ ਤਿਆਗ ਕੇ ਆਰਥਿਕ ਸਥਿਤੀ ਨੂੰ ਪੈਰਾਂ ਸਿਰ ਕਰਨ ਲਈ ਸਹੀ ਦਿਸ਼ਾ ਵਿੱਚ ਕਦਮ ਚੁੱਕਣ।

943 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper