ਨਵੀਂ ਦਿੱਲੀ : ਗਲੋਬਲ ਹੰਗਰ ਟਰੈਕਿੰਗ ਮੁਤਾਬਕ ਭਾਰਤ ਦੁਨੀਆ ਦੇ 117 ਵਿਚੋਂ 102ਵੇਂ ਨੰਬਰ 'ਤੇ ਗਿਆ ਹੈ, ਜਿੱਥੇ ਬੱਚਿਆਂ ਦੀ ਲੰਬਾਈ ਮੁਤਾਬਕ ਵਜ਼ਨ ਨਹੀਂ ਹੈ, ਬਾਲ ਮੌਤ ਦਰ ਵੱਧ ਹੈ ਤੇ ਬੱਚੇ ਕੁਪੋਸ਼ਤ ਹਨ। ਗਲੋਬਲ ਹੰਗਰ ਇੰਡੈਕਸ-2019 ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਨੁਕਸਾਨ ਪੁੱਜਣ ਦਾ ਅੰਕੜਾ 20.8 ਫੀਸਦੀ ਹੈ। ਸਭ ਤੋਂ ਖਰਾਬ ਪ੍ਰਦਰਸ਼ਨ ਯਮਨ, ਜ਼ਿਬੂਤੀ ਤੇ ਭਾਰਤ ਦਾ ਰਿਹਾ ਹੈ, ਜਿਨ੍ਹਾਂ ਦਾ ਫੀਸਦੀ 17.9 ਤੋਂ 20.8 ਤੱਕ ਹੈ। ਰਿਪੋਰਟ ਮੁਤਾਬਕ ਭਾਰਤ ਵਿਚ 6 ਤੋਂ 23 ਮਹੀਨੇ ਦੇ ਮਹਿਜ਼ 9.6 ਬੱਚਿਆਂ ਨੂੰ ਹੀ ਘੱਟੋ-ਘੱਟ ਪ੍ਰਵਾਨਤ ਖਾਣਾ ਮਿਲਦਾ ਹੈ। ਰਿਪੋਰਟ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ 2016-18 ਵਿਚ ਕਰਾਏ ਗਏ ਇਕ ਸਰਵੇ ਦੇ ਆਧਾਰ 'ਤੇ ਦੱਸਿਆ ਕਿ ਭਾਰਤ ਵਿਚ 35 ਫੀਸਦੀ ਬੱਚੇ ਛੋਟੇ ਕੱਦ ਦੇ ਹਨ, ਜਦਕਿ 17 ਫੀਸਦੀ ਬੱਚੇ ਕਮਜ਼ੋਰ ਹਨ। ਰਿਪੋਰਟ ਮੁਤਾਬਕ ਭਾਰਤ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਹੈ ਅਤੇ ਇੰਡੈਕਸ ਵਿਚ ਉਸ ਦਾ ਸਥਾਨ ਦੱਖਣੀ ਏਸ਼ੀਆ ਦੇ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਤੇ ਸ੍ਰੀਲੰਕਾ ਤੋਂ ਵੀ ਹੇਠਾਂ ਹੈ, ਜਿਨ੍ਹਾਂ ਦੀ ਰੈਂਕਿੰਗ ਕ੍ਰਮਵਾਰ 94, 88, 73 ਤੇ 66 ਹੈ।