Latest News
ਪੰਜਾਬੀਆਂ ਨੇ ਕਸ਼ਮੀਰੀਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ

Published on 16 Oct, 2019 11:59 AM.ਜਲੰਧਰ, (ਗਿਆਨ ਸੈਦਪੁਰੀ, ਕੇਸਰ, ਰਾਜੇਸ਼ ਥਾਪਾ)
ਇੱਥੇ ਬੁੱਧਵਾਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ (ਐੱਮ ਐੱਲ) ਐੱਨ ਡੀ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ ਪੰਜਾਬ, ਇਨਕਲਾਬੀ ਲੋਕ ਮੋਰਚਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੇ ਅਧਾਰਤ ਬਣਾਏ ਗਏ 'ਕਸ਼ਮੀਰੀ ਲੋਕਾਂ 'ਤੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਵੱਲੋਂ ਕੀਤੀ ਸਿਆਸੀ ਕਾਨਫ਼ਰੰਸ ਵਿੱਚ ਬੁਲਾਰਿਆਂ ਦੀ ਸੁਰ ਤੋਂ ਜਿੱਥੇ ਕਸ਼ਮੀਰੀਆਂ ਨਾਲ ਪੰਜਾਬ ਦੇ ਲੋਕਾਂ ਦੀ ਇੱਕਜੁਟਤਾ ਦਾ ਬੱਝਵਾਂ ਪ੍ਰਭਾਵ ਸਾਹਮਣੇ ਆਇਆ, ਉੱਥੇ ਖੱਬੀਆਂ ਧਿਰਾਂ ਅਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਦੇ ਏਕੇ ਵੱਲ ਨੂੰ ਜਾਂਦੇ ਰਾਹ ਦੀ ਪਛਾਣ ਹੁੰਦੀ ਵੀ ਨਜ਼ਰ ਆਈ। ਕਸ਼ਮੀਰੀ ਲੋਕਾਂ ਦੀ ਪਛਾਣ ਨੂੰ ਹਾਕਮਾਂ ਵੱਲੋਂ ਖ਼ਤਮ ਕਰਨ ਦੀ ਕੋਸ਼ਿਸ਼ ਨੂੰ ਗ਼ੈਰ ਸੰਵਿਧਾਨਕ ਦੱਸਣ ਵੇਲੇ ਕਮਿਊਨਿਸਟ ਆਗੂਆਂ ਨੇ ਮੋਦੀ-ਅਮਿਤ ਸ਼ਾਹ ਜੋੜੀ ਨੂੰ ਹਿਟਲਰ-ਮੁਸੋਲਿਨੀ ਨਾਲ ਤੁਲਨਾ ਕੀਤੀ। ਬੁਲਾਰਿਆਂ ਨੇ ਦੇਸ਼ ਦੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਪੰਜਾਬ ਵਾਂਗ ਉਹ ਵੀ ਕਸ਼ਮੀਰ ਅਤੇ ਕਸ਼ਮੀਰੀਅਤ ਲਈ ਹਾਅ ਦਾ ਨਾਹਰਾ ਮਾਰਨ ਲਈ ਅੱਗੇ ਆਉਣ।
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰੋਗਰੈਸਿਵ ਮਹਿਲਾ ਸੰਗਠਨ ਦਿੱਲੀ ਦੀ ਆਗੂ ਐਡਵੋਕੇਟ ਪੂਨਮ ਕੌਸ਼ਿਕ ਨੇ ਕਿਹਾ ਕਿ ਔਰਤ ਜਥੇਬੰਦੀਆਂ ਦੇ ਵਫ਼ਦ ਨੇ ਕਸ਼ਮੀਰ ਦੌਰੇ ਦੌਰਾਨ ਹਰ ਵਰਗ ਨਾਲ ਸੰਪਰਕ ਸਾਧਿਆ। ਹਰ ਵਰਗ ਦੇ ਹੌਕੇ, ਹਾਵਿਆਂ ਤੋਂ ਮਲੂਮ ਹੋਇਆ ਕਿ ਕਸ਼ਮੀਰ ਵਿੱਚ ਆਰ ਐੱਸ ਐੱਸ ਤੇ ਭਾਜਪਾ ਦੀ ਅਵਾਜ਼ ਤੋਂ ਬਿਨਾਂ ਬਾਕੀ ਸਭ ਦੀ ਸੰਘੀ ਘੁੱਟ ਕੇ ਆਵਾਜ਼ ਨੂੰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਲੋਕਾਂ ਦੀ ਸੰਸਕ੍ਰਿਤੀ ਹੈ ਕਿ ਹਰ ਘਰ ਵਿੱਚ ਛੇ ਮਹੀਨੇ ਤੱਕ ਦਾ ਰਾਸ਼ਨ-ਪਾਣੀ ਜਮ੍ਹਾਂ ਰੱਖਿਆ ਜਾਂਦਾ ਹੈ। ਭਾਰਤੀ ਫ਼ੌਜ ਵੱਲੋਂ ਕਸ਼ਮੀਰੀ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮ ਦਾ ਆਲਮ ਇਹ ਹੈ ਕਿ ਘਰਾਂ 'ਚ ਪਏ ਰਾਸ਼ਨ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਵਕੀਲਾਂ ਨਾਲ ਕੀਤੀ ਗੱਲਬਾਤ ਤੋਂ ਮਹਿਸੂਸ ਹੋਇਆ ਕਿ ਉੱਥੋਂ ਦੀ ਜੁਡੀਸ਼ਰੀ ਨੂੰ ਲਕਵਾ ਮਾਰ ਗਿਆ ਹੈ। ਐਡਵੋਕੇਟ ਪੂਨਮ ਕੌਸ਼ਿਕ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਕਸ਼ਮੀਰ ਦਾ ਨੌਜਵਾਨ ਵਰਗ ਆਪਣੇ ਹੱਕ ਲੈਣ ਲਈ ਦ੍ਰਿੜ੍ਹ ਸੰਕਲਪ ਨਜ਼ਰ ਆਇਆ। ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਬਰਾੜ ਨੇ ਮੋਦੀ-ਸ਼ਾਹ ਜੋੜੀ ਵੱਲੋਂ ਫਜ਼ੂਲ ਦੇ 'ਹੜਦੁੰਗ' ਦਾ ਜ਼ਿਕਰ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਰਾਜਾ ਹਰੀ ਸਿੰਘ ਅਤੇ ਭਾਰਤੀ ਹਾਕਮਾਂ ਦਰਮਿਆਨ ਕਸ਼ਮੀਰ ਦੇ ਸੱਭਿਆਚਾਰ ਤੇ ਪਛਾਣ ਨੂੰ ਲੈ ਕੇ ਕੁਝ ਵਿਸ਼ੇਸ਼ ਅਧਿਕਾਰਾਂ ਸੰਬੰਧੀ ਇੱਕ ਸਮਝੌਤਾ ਹੋਇਆ ਸੀ। ਇਹ ਕੋਈ ਅਲੋਕਾਰੀ ਗੱਲ ਨਹੀਂ ਸੀ। ਮੋਦੀ ਸਰਕਾਰ ਨੇ ਧਾਰਾ 370 ਅਤੇ 35 ਏ ਨੂੰ ਤੋੜਨ ਦੀ ਆੜ ਵਿੱਚ ਭਾਰਤੀ ਸੰਵਿਧਾਨ ਦੀ ਭਾਵਨਾ ਨੂੰ ਨਸ਼ਟ ਕਰ ਦਿੱਤਾ ਹੈ।
ਆਰ ਐੱਸ ਐੱਸ ਨੂੰ ਮੁੱਢੋਂ-ਸੁੱਢੋਂ ਦੇਸ਼ ਵਿਰੋਧੀ ਦੱਸਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਜਦੋਂ ਸਾਡੇ ਕੌਮੀ ਨਾਇਕਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ 'ਤੇ ਲਟਕਾਇਆ ਜਾ ਰਿਹਾ ਸੀ ਤਾਂ ਆਰ ਐੱਸ ਐੱਸ ਵਾਲੇ ਇਨ੍ਹਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰ ਰਹੇ ਸਨ। ਕਮਿਊਨਿਸਟ ਆਗੂ ਨੇ ਕਿਹਾ ਕਿ ਮੋਦੀਕਿਆਂ ਨੇ ਹਿੰਦੂ ਦੀ ਆਪਣੀ ਨਵੀਂ ਪਰਿਭਾਸ਼ਾ ਸਿਰਜ ਲਈ ਹੈ। ਉਸ ਦੁਰ-ਪ੍ਰੀਭਾਸ਼ਾ ਅਨੁਸਾਰ ਹਿੰਦੂ ਸਿਰਫ਼ ਉਹ ਹੈ, ਜੋ ਮੁਸਲਮਾਨਾਂ ਨੂੰ ਮਾਰੇਗਾ, ਦਲਿਤਾਂ 'ਤੇ ਅੱਤਿਆਚਾਰ ਕਰੇਗਾ ਅਤੇ ਔਰਤਾਂ ਨੂੰ ਮਨੂੰਵਾਦੀ ਸੋਚ ਅਨੁਸਾਰ ਨੀਵਾਂ ਦਰਜਾ ਦੇਵੇਗਾ। ਕਾਮਰੇਡ ਬਰਾੜ ਨੇ ਕਿਹਾ ਕਿ ਆਰ ਐੱਸ ਐੱਸ ਵਾਲੇ ਲੋਕਾਂ ਨੂੰ ਤੋੜਦੇ ਹਨ, ਲਾਲ ਝੰਡੇ ਵਾਲੇ ਜੋੜਦੇ ਹਨ। ਉਨ੍ਹਾਂ ਇਸ ਵਰਤਾਰੇ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕਸ਼ਮੀਰੀਆਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਨਾਲ ਇੱਕਜੁਟਤਾ ਦੇ ਮਾਮਲੇ ਵਿੱਚ ਲਾਲ ਝੰਡੇ ਵਾਲੇ ਇੱਕ ਮੰਚ 'ਤੇ ਇਕੱਠੇ ਹਨ। ਉਨ੍ਹਾਂ ਹੋਰ ਜਮਹੂਰੀਅਤਪਸੰਦ ਲੋਕਾਂ ਨੂੰ ਵੀ ਇਸ ਮੰਚ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ-ਅਮਿਤ ਸ਼ਾਹ ਜੋੜੀ ਨੇ ਕਸ਼ਮੀਰੀਆਂ ਨਾਲ ਹੀ ਨਹੀਂ, ਸਗੋਂ ਪੂਰੇ ਭਾਰਤੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। ਪੰਜਾਬ ਵਿੱਚ ਨਵਾਬ ਮਾਲੇਰਕੋਟਲਾ ਵੱਲੋਂ ਮਾਰੇ ਹਾਅ ਦੇ ਨਾਅਰੇ ਦੇ ਸਮਿਆਂ ਨੂੰ ਚੇਤੇ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਅਸੀਂ ਸਾਰੇ ਕਸ਼ਮੀਰੀਆਂ ਲਈ ਹਾਅ ਦਾ ਨਾਹਰਾ ਮਾਰਨ ਲਈ ਇੱਕ ਮੰਚ 'ਤੇ ਇਕੱਠੇ ਹੋਏ ਹਾਂ। ਕਾਨਫ਼ਰੰਸ ਦੀ ਸਟੇਜ ਦੀ ਕਾਰਵਾਈ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਬਾਖੂਬੀ ਨਿਭਾਈ।
ਕਾਨਫ਼ਰੰਸ ਨੂੰ ਸੀ ਪੀ ਆਈ ਐੱਮ ਐੱਲ (ਐੱਨ ਡੀ) ਦੇ ਆਗੂ ਕਾਮਰੇਡ ਅਜਮੇਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਅਡਾਨੀ-ਅੰਬਾਨੀਆਂ ਵਾਸਤੇ ਕਸ਼ਮੀਰ ਦੀਆਂ ਕੇਸਰ ਕਿਆਰੀਆਂ ਨੂੰ ਲੁੱਟਿਆ ਜਾ ਰਿਹਾ ਹੈ। ਕਾਨਫ਼ਰੰਸ ਨੂੰ ਇਨਕਲਾਬੀ ਕੇਂਦਰ ਦੇ ਸਕੱਤਰ ਕਾਮਰੇਡ ਕੰਵਲਜੀਤ ਖੰਨਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਆਗੂ ਗੁਰਮੀਤ ਸਿੰਘ ਬਖਤੂਪੁਰਾ, ਇਨਕਲਾਬੀ ਏਕਤਾ ਕੇਂਦਰ ਦੇ ਆਗੂ ਕਾਮਰੇਡ ਸਵਰਨਜੀਤ ਸਿੰਘ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਕਾਮਰੇਡ ਤਾਰਾ ਸਿੰਘ, ਕਾਮਰੇਡ ਮੰਗਤ ਰਾਮ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਕਾਨਫ਼ਰੰਸ ਨੂੰ ਐਡਵੋਕੇਟ ਰਜਿੰਦਰ ਮੰਡ, ਕਾਮਰੇਡ ਤਰਸੇਮ ਪੀਟਰ, ਦਰਸ਼ਨ ਨਾਹਰ, ਨਰਿੰਦਰ ਨਿੰਦੀ, ਗੁਲਜ਼ਾਰ ਸਿੰਘ, ਨਿਰੰਜਣ ਸਿੰਘ ਉੱਚਾ, ਅਵਤਾਰ ਸਿੰਘ ਤਾਰੀ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।ਕਾਨਫ਼ਰੰਸ ਦੌਰਾਨ ਕਿਤਾਬਾਂ ਦੇ ਸਟਾਲਾਂ ਤੋਂ ਲੋਕਾਂ ਨੇ ਕਿਤਾਬਾਂ ਵੀ ਖ਼ੂਬ ਖਰੀਦੀਆਂ। ਕਾਨਫ਼ਰੰਸ ਉਪਰੰਤ ਇੱਕ ਵਿਸ਼ਾਲ ਮਾਰਚ ਵੀ ਕੱਢਿਆ ਗਿਆ।

286 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper