ਗੁਜਰਾਤ ਦੇ ਵਿਕਾਸ ਮਾਡਲ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕਰਨ ਦੇ ਨਾਂਅ ਉੱਤੇ ਸੱਤਾ ਵਿੱਚ ਆਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਭਾਰਤ ਹਰ ਖੇਤਰ ਵਿੱਚ ਪੱਛੜਦਾ ਆ ਰਿਹਾ ਹੈ। ਉਹ ਭਾਵੇਂ ਸਿਹਤ ਸੇਵਾਵਾਂ ਦੀ ਪ੍ਰਾਪਤੀ ਦਾ ਮਸਲਾ ਹੋਵੇ, ਘੋਰ ਗਰੀਬੀ ਵਿੱਚ ਰਹਿੰਦੇ ਲੋਕਾਂ ਦੇ ਜੀਵਨ ਸੁਧਾਰ ਦਾ ਮੁੱਦਾ ਹੋਵੇ ਜਾਂ ਫਿਰ ਸਿੱਖਿਆ ਦੇ ਅਧਿਕਾਰ ਦੀ ਪਹੁੰਚ ਦਾ ਸਵਾਲ ਹੋਵੇ, ਭਾਰਤ ਦੀ ਸਥਿਤੀ ਲਗਾਤਾਰ ਹੇਠਾਂ ਨੂੰ ਜਾ ਰਹੀ ਲੱਭਦੀ ਹੈ।
ਹੁਣੇ-ਹੁਣੇ ਜਾਰੀ ਹੋਏ ਗਲੋਬਲ ਹੰਗਰ ਇੰਡੈਕਸ ਯਾਨੀ (ਸੰਸਾਰ ਭੁੱਖਮਰੀ ਅੰਕੜਾ) ਵਿੱਚ ਭਾਰਤ ਦੀ ਸਥਿਤੀ ਆਪਣੇ ਸਭ ਗੁਆਂਢੀ ਦੇਸ਼ਾਂ ਤੋਂ ਵੀ ਮਾੜੀ ਹੈ। ਆਇਰਲੈਂਡ ਦੀ 'ਕੰਨਸਰਨ ਵਰਲਡ ਵਾਈਡ' ਏਜੰਸੀ ਤੇ ਜਰਮਨੀ ਦੀ 'ਵੈਲਟ ਹੰਗਰ ਹਿਲਫ਼ੇ' ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤੀ ਰਿਪੋਰਟ ਅਨੁਸਾਰ ਭਾਰਤ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੈ, ਜਿੱਥੇ ਭੁੱਖਮਰੀ ਦੀ ਹਾਲਤ ਅਤੀ ਗੰਭੀਰ ਹੈ। ਭਾਰਤ 119 ਦੇਸ਼ਾਂ ਵਿੱਚੋਂ ਇਸ ਸੂਚੀ ਵਿੱਚ 102ਵੇਂ ਸਥਾਨ ਉੱਤੇ ਪੁੱਜ ਚੁੱਕਾ ਹੈ। 2003 ਵਿੱਚ ਭਾਰਤ 83ਵੇਂ ਸਥਾਨ ਉੱਤੇ ਸੀ।
ਰਿਪੋਰਟ ਮੁਤਾਬਕ ਜਿਨ੍ਹਾਂ ਦੇਸ਼ਾਂ ਦੀ ਹਾਲਤ ਸਭ ਤੋਂ ਵਧੀਆ ਹੈ, ਉਨ੍ਹਾਂ ਵਿੱਚ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਹਨ, ਜਿਨ੍ਹਾਂ ਦੀ ਉਪਰਲੇ 5 ਸਥਾਨਾਂ 'ਤੇ ਰਹਿੰਦਿਆਂ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ। ਗਲੋਬਲ ਹੰਗਰ ਇੰਡੈਕਸ ਦੀ ਗਣਨਾ 4 ਅਧਾਰਾਂ ਉੱਤੇ ਕੀਤੀ ਜਾਂਦੀ ਹੈ। ਕੁਪੋਸ਼ਣ, ਬੱਚਿਆਂ ਦਾ ਕੱਦ ਮੁਤਾਬਕ ਘੱਟ ਭਾਰ, ਬੱਚਿਆਂ ਦਾ ਭਾਰ ਮੁਤਾਬਕ ਘੱਟ ਕੱਦ ਤੇ ਬੱਚਿਆਂ ਵਿੱਚ ਮੌਤ ਦਰ।
ਰਿਪੋਰਟ ਮੁਤਾਬਕ ਭਾਰਤ ਵਿੱਚ ਕੱਦ ਦੇ ਹਿਸਾਬ ਘੱਟ ਭਾਰ ਹੋਣ ਦੀ ਹਾਲਤ 2008-12 ਵਿੱਚ 16.5 ਫ਼ੀਸਦੀ ਤੋਂ ਵਧ ਕੇ ਹੁਣ 20.8 ਫ਼ੀਸਦੀ ਹੋ ਚੁੱਕੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 6 ਤੋਂ 23 ਮਹੀਨਿਆਂ ਦੇ ਸਭ ਬੱਚਿਆਂ ਵਿੱਚੋਂ ਸਿਰਫ਼ 9.6 ਫੀਸਦੀ ਨੂੰ ਹੀ ਘੱਟੋ-ਘੱਟ ਲੋੜੀਂਦੀ ਖੁਰਾਕ ਮਿਲਦੀ ਹੈ। ਕੱਦ ਦੇ ਮੁਤਾਬਕ ਘੱਟ ਭਾਰ ਹੋਣ ਦੇ ਮੁੱਦੇ ਉੱਤੇ ਸਾਡਾ ਦੇਸ਼ ਸਭ ਤੋਂ ਫਾਡੀ ਹੈ। ਇਸ ਮੁੱਦੇ ਉੱਤੇ ਘਰੋਗੀ ਜੰਗ ਵਿੱਚ ਫਸਿਆ ਯਮਨ ਵੀ ਸਾਥੋਂ ਬਿਹਤਰ ਸਥਿਤੀ ਵਿੱਚ ਹੈ। ਜਿੱਥੋਂ ਤੱਕ ਸਾਡੇ ਗੁਆਂਢੀ ਦੇਸ਼ਾਂ ਦਾ ਸਵਾਲ ਹੈ, ਨੇਪਾਲ 73ਵੇਂ, ਸ੍ਰੀਲੰਕਾ 66ਵੇਂ, ਬੰਗਲਾਦੇਸ਼ 88ਵੇਂ, ਮਿਆਂਮਾਰ 69ਵੇਂ ਤੇ ਪਾਕਿਸਤਾਨ 94ਵੇਂ ਸਥਾਨ ਉੱਤੇ ਰਹਿ ਕੇ ਸਾਥੋਂ ਵਧੀਆ ਸਥਿਤੀ ਵਿੱਚ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦੇਸ਼ ਦੇ ਬਚਪਨ ਦੀ ਹਾਲਤ ਏਨੇ ਨਿਘਾਰ ਦੀ ਸਥਿਤੀ ਵਿੱਚ ਪੁੱਜ ਚੁੱਕੀ ਹੋਵੇ, ਉੱਥੋਂ ਦੀ ਅਗਲੀ ਪੀੜ੍ਹੀ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਨਰੋਆ ਬਚਪਨ ਹੀ ਨਰੋਏ ਸਮਾਜ ਨੂੰ ਪੈਦਾ ਕਰਦਾ ਹੈ। ਹਾਲਤ ਚਿੰਤਾਜਨਕ ਹੈ, ਪਰ ਦੇਸ਼ ਦੇ ਹਾਕਮਾਂ ਨੂੰ ਹਿੰਦੂ-ਮੁਸਲਿਮ, ਹਿੰਦੋਸਤਾਨ-ਪਾਕਿਸਤਾਨ ਦੀ ਮੁਹਾਰਨੀ ਤੋਂ ਵਿਹਲ ਮਿਲੇ ਤਦ ਹੀ ਉਹ ਇਸ ਬਾਰੇ ਸੋਚਣ।