Latest News
ਕਸ਼ਮੀਰੀਆਂ ਨਾਲ ਇਕਜੁੱਟਤਾ

Published on 17 Oct, 2019 11:08 AM.

ਕਸ਼ਮੀਰ ਘਾਟੀ ਨੂੰ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕੀਤਿਆਂ ਢਾਈ ਮਹੀਨੇ ਦੇ ਕਰੀਬ ਹੋ ਗਏ ਹਨ। ਸਮੁੱਚੇ ਕਸ਼ਮੀਰੀ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਦਿਨ ਗੁਜ਼ਾਰਨ ਲਈ ਮਜਬੂਰ ਹਨ। ਮੋਦੀ ਤੇ ਅਮਿਤ ਸ਼ਾਹ ਕਸ਼ਮੀਰੀਆਂ ਨੂੰ 'ਸਜ਼ਾ' ਦਿੱਤੇ ਜਾਣ ਨੂੰ ਮੁੱਦਾ ਬਣਾ ਕੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਜਿੱਤਣ ਲਈ ਤਰਲੋਮੱਛੀ ਹੋ ਰਹੇ ਹਨ। ਹਾਕਮ ਸ਼ੁਰੂ ਤੋਂ ਹੀ ਇਹ ਦਾਅਵੇ ਕਰਦੇ ਆ ਰਹੇ ਹਨ ਕਿ ਦੇਖੋ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਕਿੰਨੀ ਸ਼ਾਂਤੀ ਹੈ। ਉੱਥੇ ਇੱਕ ਵੀ ਗੋਲੀ ਨਹੀਂ ਚੱਲੀ ਤੇ ਇੱਕ ਵੀ ਬੰਦਾ ਨਹੀਂ ਮਰਿਆ। ਪਰ ਹਾਲਾਤ ਹਾਕਮਾਂ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਰਹੇ ਹਨ। ਵੀਰਵਾਰ ਦੀਆਂ ਅਖ਼ਬਾਰਾਂ ਵਿੱਚ ਛਪੀ ਖ਼ਬਰ ਮੁਤਾਬਕ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਪੰਜਾਬ ਨਾਲ ਸੰਬੰਧਤ ਸੇਬ ਵਪਾਰੀ ਚਰਨਜੀਤ ਸਿੰਘ ਦੀ ਹੱਤਿਆ ਹੋ ਗਈ ਤੇ ਉਸ ਦਾ ਸਾਥੀ ਸੰਜੀਵ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਇੱਕ ਹੋਰ ਹਮਲੇ ਵਿੱਚ ਛੱਤੀਸਗੜ੍ਹ ਦੇ ਇੱਕ ਭੱਠਾ ਮਜ਼ਦੂਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਉਸ ਸਮੇਂ ਹੋਇਆ ਹੈ ਜਦੋਂ ਸਮੁੱਚਾ ਕਸ਼ਮੀਰ ਫ਼ੌਜੀ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ਚੱਪੇ-ਚੱਪੇ ਉੱਤੇ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਹਨ।
ਪਰ ਸਭ ਤੋਂ ਬੁਰੀ ਗੱਲ ਇਹ ਹੈ ਕਿ ਦੇਸ਼ ਦੇ ਬਾਕੀ ਭਾਗਾਂ ਵਿੱਚ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਨਿੱਤਰ ਨਹੀਂ ਸਕਿਆ। ਇਸ ਸੰਬੰਧੀ ਪੰਜਾਬ ਦੀਆਂ ਖੱਬੀਆਂ ਧਿਰਾਂ ਵੱਲੋਂ ਉਠਾਈ ਗਈ ਅਵਾਜ਼ ਲਈ ਉਹ ਵਧਾਈ ਦੀਆਂ ਹੱਕਦਾਰ ਹਨ। ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ (ਐੱਮ ਐੱਲ), ਸੀ ਪੀ ਆਈ ਲਿਬਰੇਸ਼ਨ ਤੇ ਕਈ ਹੋਰ ਖੱਬੇ ਪੱਖੀ ਜਥੇਬੰਦੀਆਂ ਵੱਲੋਂ ਕਸ਼ਮੀਰੀ ਲੋਕਾਂ ਉੱਤੇ ਫਾਸ਼ੀਵਾਦੀ ਹਮਲੇ ਵਿਰੁੱਧ ਪਟਿਆਲਾ, ਮਾਨਸਾ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੱਡੀਆਂ ਰੈਲੀਆਂ ਤੇ ਮੁਜ਼ਾਹਰੇ ਕਰਕੇ ਕਸ਼ਮੀਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਸ਼ਮੀਰੀ ਅੱਤ ਦੀ ਪੀੜਾ ਵਿੱਚ ਹਨ, ਉਨ੍ਹਾ ਨਾਲ ਬਾਕੀ ਭਾਰਤੀਆਂ ਵੱਲੋਂ ਪ੍ਰਗਟਾਈ ਇਕਜੁੱਟਤਾ ਹੀ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਦਾ ਕੰਮ ਕਰ ਸਕਦੀ ਹੈ।

801 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper