Latest News
ਪੰਜਾਬ ਸਰਕਾਰ ਵੱਲੋਂ ਡਾਕਟਰ ਓਬਰਾਏ ਸਨਮਾਨਤ 

Published on 17 Oct, 2019 11:10 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ ਸਮਾਗਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਸਥਿਤ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ 'ਚ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਲਈ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐੱਸ ਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ: ਐੱਸ ਪੀ ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਬਾਬੇ ਨਾਨਕ ਵੱਲੋਂ ਰੁਸ਼ਨਾਏ ਗਏ ਮਨੁੱਖਤਾ ਦੀ ਸੇਵਾ ਦੇ ਰਾਹ 'ਤੇ ਤੁਰਦਿਆਂ ਹੁਣ ਤੱਕ ਦੇਸ਼-ਵਿਦੇਸ਼ ਅੰਦਰ ਕੁਦਰਤੀ ਤੇ ਗੈਰ-ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਣ ਵਾਲੇ ਹਰੇਕ ਵਰਗ ਤੇ ਧਰਮ ਦੇ ਲੱਖਾਂ ਹੀ ਲੋਕਾਂ ਦੀ ਮਦਦ ਲਈ ਅਨੇਕਾਂ ਹੀ ਸਮਾਜ ਭਲਾਈ ਦੇ ਜ਼ਿਕਰਯੋਗ ਕਾਰਜ ਕਰਦਿਆਂ ਇੱਕ ਵੱਖਰੀ ਛਾਪ ਛੱਡੀ ਹੈ । ਉਥੇ ਹਾਲ ਹੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੇ ਮੁੱਖ ਦੁਆਰ ਉੱਤੇ ਇੱਕ ਓਂਕਾਰ ਅਤੇ ਰਬਾਬ ਦਾ ਸਿਲਾਲੇਖ ਸਥਾਪਤ ਕਰਨ, ਕਰਤਾਰਪੁਰ ਸਾਹਿਬ ਦੇ ਪੂਰੇ ਰਸਤੇ ਉੱਪਰ ਆਉਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਇਥੇ ਬਣਨ ਵਾਲੀਆਂ ਸਰਾਵਾਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਆਦਿ 'ਚ ਪੀਣ ਵਾਲੇ ਸਾਫ-ਸੁਥਰੇ ਫਿਲਟਰਡ ਪਾਣੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਚੁੱਕਣ, ਇਥੇ ਪੁੱਜਣ ਵਾਲੇ ਬਜ਼ੁਰਗ ਤੇ ਅੰਗਹੀਣ ਸ਼ਰਧਾਲੂਆਂ ਲਈ ਵੀਲ੍ਹ ਚੇਅਰਾਂ ਦਾ ਪ੍ਰਬੰਧ ਕਰਨ ਅਤੇ ਇੱਥੇ ਹੋਏ ਸਮਾਗਮਾਂ ਦੌਰਾਨ ਆਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਭੇਟ ਕੀਤੀਆਂ ਗਈਆਂ ਗੁਰੂ ਸਾਹਿਬ ਦੇ ਫ਼ਲਸਫ਼ੇ 'ਤੇ ਅਧਾਰਤ ਕਿਤਾਬਾਂ ਪ੍ਰਕਾਸ਼ਿਤ ਕਰਵਾਉਣ ਤੋਂ ਬਿਨਾਂ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਮੌਕੇ ਪੁੱਜੀਆਂ ਲੱਖਾਂ ਹੀ ਸੰਗਤਾਂ ਦੀ ਸਹੂਲਤ ਲਈ ਜੋੜਾ ਘਰਾਂ ਅਤੇ ਪਖਾਨਿਆਂ ਦੇ ਬਾਹਰ 3 ਲੱਖ ਸਲੀਪਰਾਂ (ਚੱਪਲਾਂ) ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੁਲਤਾਨਪੁਰ ਲੋਧੀ, ਸਿਧਵਾਂ ਦੋਨਾ, ਅਪੰਗ ਆਸ਼ਰਮ ਜਲੰਧਰ ਅਤੇ ਬਟਾਲਾ ਵਿਖੇ ਮੈਡੀਕਲ ਲੈਬੋਰਟਰੀ ਤੇ ਡਾਇਗਨੋਜ਼ ਸੈਂਟਰ ਖੋਲਣ ਤੋਂ ਇਲਾਵਾ ਜਲੰਧਰ, ਸੁਲਤਾਨਪੁਰ ਲੋਧੀ  ਅਤੇ ਮਲਸੀਆਂ ਆਦਿ ਰੇਲਵੇ ਸਟੇਸ਼ਨਾਂ ਰਾਹੀਂ ਆਉਣ ਵਾਲੀਆਂ ਸੰਗਤਾਂ ਲਈ ਵੀ ਵੀਲ੍ਹ ਚੇਅਰਾਂ ਅਤੇ ਲੋੜ ਪੈਣ 'ਤੇ ਸਟਰੇਚਰਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।  ਦੱਸਣਯੋਗ ਹੈ ਕਿ ਟਰੱਸਟ ਵੱਲੋਂ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਮਰੀਜ਼ਾਂ ਦੀ ਸਹੂਲਤ ਲਈ ਕੁੱਲ 50 ਕਲੀਨੀਕਲ ਲੈਬਾਰਟਰੀਆਂ ਅਤੇ ਡਾਇਗਨੋਜ਼ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 13 ਸੈਂਟਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 

380 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper