Latest News
ਬਿਹਾਰ ਦੇ ਮੰਡਪ 'ਚ ਹੁਨਰ ਤੇ ਹੁਸਨ ਦਾ ਸੁਮੇਲ ਦੇਖ ਕੇ ਮੇਲੀ ਬਾਗੋ-ਬਾਗ

Published on 17 Oct, 2019 11:13 AM.


ਨਵੀ ਦਿੱਲੀ (ਗਿਆਨ ਸੈਦਪੁਰੀ)
ਇੱਥੋਂ ਦੇ ਪ੍ਰਗਤੀ ਮੈਦਾਨ ਵਿੱਚ ਚੱਲ ਰਹੇ ਕੌਮਾਂਤਰੀ ਵਪਾਰ ਮੇਲੇ ਵਿੱਚ ਵਧ ਰਹੀਆਂ ਰੌਣਕਾਂ ਦੇ ਨਾਲ ਹੀ ਖਰੀਦਦਾਰੀ ਦਾ ਸ਼ੌਕ ਰੱਖਣ ਵਾਲਿਆਂ ਦੀ ਲੁੱਟ ਵਧਣ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਪਹਿਲੀ ਵਾਰ ਮੇਲਾ ਵੇਖਣ ਆਉਣ ਵਾਲੇ ਮੇਲੀਆਂ ਦੇ ਮਨਾਂ ਵਿਚ ਜਿੱਥੇ ਵੱਖ-ਵੱਖ ਦੇਸ਼ਾਂ, ਪ੍ਰਦੇਸ਼ਾਂ ਦੇ ਸੱਭਿਆਚਾਰ ਤੇ ਵਪਾਰ ਦੇ ਰੰਗ ਵੇਖਣ ਦੀ ਰੀਝ ਹੁੰਦੀ ਹੈ, ਉੱਥੇ ਇੱਥੋਂ ਦੇ ਸਟਾਲਾਂ 'ਤੇ ਲੱਗੀਆਂ ਵਸਤੂਆਂ 'ਚੋਂ ਕੁਝ ਖਰੀਦ ਕੇ ਲੈ ਜਾਣ ਦੀ ਖਾਹਿਸ਼ ਵੀ ਹੁੰਦੀ ਹੈ। ਇਸ ਖਾਹਿਸ਼ ਦੀ ਪੂਰਤੀ ਲਈ ਜਦੋਂ ਉਹ ਚੀਜ਼ਾਂ ਦਾ ਭਾਅ ਪੁੱਛਦੇ ਹਨ ਤਾਂ ਉਨ੍ਹਾਂ ਦੇ ਮੂੰਹ ਅੱਡੇ ਰਹਿ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਮੇਲੇ ਵਿੱਚ ਘੁੰਮਦਾ-ਘੁੰਮਦਾ ਕੋਈ ਮੇਲੀ ਤਰੋਤਾਜ਼ਾ ਹੋਣ ਲਈ ਚਾਹ ਪੀਣਾ ਚਾਹੁੰਦਾ ਹੈ ਤਾਂ 10 ਰੁਪਏ ਦਾ ਮਿਲਣ ਵਾਲਾ ਚਾਹ ਦਾ ਕੱਪ ਇੱਥੋਂ 30 ਰੁਪਏ ਦਾ ਮਿਲਦਾ ਹੈ ਤਾਂ ਉਸ ਨੂੰ ਚਾਹ ਸਵਾਦ ਨਹੀਂ ਲੱਗਦੀ।
ਸ਼ਹਿਦ ਦਾ ਸਟਾਲ ਲਾਉਣ ਵਾਲੇ ਇੱਥ ਸਵੈ-ਸਹਾਇਕ ਕੋਲੋਂ ਪਤਾ ਲੱਗਾ ਕਿ ਸ਼ਹਿਦ ਕਦੇ ਆਰਗੈਨਿਕ ਨਹੀਂ ਹੁੰਦਾ ਤੇ ਹਲਦੀ ਹਮੇਸ਼ਾ ਆਰਗੈਨਿਕ ਹੀ ਹੁੰਦੀ ਹੈ, ਪਰ ਇੱਥੇ ਕੁਝ ਸਟਾਲਾਂ ਵਾਲੇ ਦੋਵਾਂ ਚੀਜ਼ਾਂ ਨੂੰ ਆਰਗੈਨਿਕ ਦੱਸ ਕੇ ਮਹਿੰਗੇ ਭਾਅ ਵੇਚ ਰਹੇ ਹਨ। ਇਸੇ ਤਰ੍ਹਾਂ ਸਜਾਵਟ ਵਾਲੀਆਂ ਤੇ ਪਹਿਨਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ। ਇੱਥੇ ਲੱਗੇ ਉੱਤਰ ਪ੍ਰਦੇਸ਼ ਦੇ ਮੰਡਪ ਵਿੱਚ ਲੱਗੀਆਂ ਸਕਰੀਨਾਂ 'ਤੇ ਜਿੱਥੇ ਮੋਦੀ ਤੇ ਯੋਗੀ ਵਿਕਾਸ ਤੇ ਤਕਨੀਕ ਸੰਬੰਧੀ ਮਜਮੇਦਾਰ ਤਕਰੀਰਾਂ ਕਰਦੇ ਸੁਣੇ ਜਾ ਰਹੇ ਹਨ, ਉੱਥੇ ਬਿਹਾਰ ਦੇ ਮੰਡਪ ਵਿੱਚ ਸ਼ਿਲਪ ਕਲਾ ਦੀ ਜੀਵੰਤ ਪ੍ਰਦਰਸ਼ਨੀ ਮੇਲੀਆਂ ਦਾ ਧਿਆਨ ਖਿੱਚ ਰਹੀ ਹੈ।
ਖੂਬਸੂਰਤ ਔਰਤਾਂ ਵੱਲੋਂ ਜੀਵੰਤ ਪ੍ਰਦਰਸ਼ਨ ਦੇਖ ਕੇ ਲੱਗਦਾ ਹੈ ਕਿ ਬਿਹਾਰ ਵਾਲਿਆਂ ਨੇ ਆਪਣੇ ਮੰਡਪ ਵਿੱਚ ਹੁਸਨ ਤੇ ਹੁਨਰ ਦਾ ਸੁਮੇਲ ਕਰ ਦਿੱਤਾ ਹੈ। ਇੱਥੇ ਮਧੁਬਨੀ ਦੀ ਮੁੰਨੀ ਦੇਵੀ ਸਿੱਕੀ ਸ਼ਿਲਪ ਕਲਾ ਵਿਖਾ ਰਹੀ ਹੈ। ਕੈਮੂਰ ਦੇ ਸੰਤੋਸ਼ ਗੁਪਤਾ ਵੱਲੋਂ ਸਟੋਨ ਕਰਾਫਟ ਦਾ ਜੀਵੰਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਟਨਾ ਦੀ ਸ਼ਬੀਨਾ ਈਮਾਮ ਆਪਣੇ ਛੋਟੇ ਬੱਚੇ ਨੂੰ ਗੋਦ ਵਿੱਚ ਲੈ ਕੇ ਟਿਕੁਲੀ ਸ਼ਿਲਪ ਕਲਾ  ਦਾ ਪ੍ਰਦਰਸ਼ਨ ਕਰਨ 'ਚ ਮਗਨ ਦਿਸੀ। ਪਟਨਾ ਦੀ ਹੀ ਨੀਤੂ ਸਿਨਹਾ ਟੇਰਾਕੋਟਾ ਸ਼ਿਲਪ ਕਲਾ ਵਿਖਾ ਰਹੀ ਹੈ।

652 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper