ਸ਼ਾਹਕੋਟ (ਗਿਆਨ ਸੈਦਪੁਰੀ)
ਜ਼ਿਮਨੀ ਚੋਣਾਂ ਪੰਜਾਬ ਵਿੱਚ ਭਾਵੇਂ ਚਾਰ ਹਲਕਿਆਂ ਵਿੱਚ ਹੋ ਰਹੀਆਂ ਹਨ ਪਰ ਖੁੰਢ ਚਰਚਾ ਸਾਰੇ ਪੰਜਾਬ 'ਚ ਹੋ ਰਹੀ ਹੈ। ਇਨ੍ਹਾਂ ਚਰਚਾਵਾਂ ਵਿੱਚ ਕੋਈ ਦੋ ਸੀਟਾਂ ਕਾਂਗਰਸ ਦੇ ਹਿੱਸੇ 'ਚ ਗਿਣਦਾ ਹੈ ਇੱਕ ਸੀਟ ਅਕਾਲੀਆਂ ਨੂੰ ਜਾਂਦੀ ਦਸਦਾ ਹੈ ਤੇ ਇੱਕ ਭਾਜਪਾ ਜਾਂ ਬਸਪਾ ਨੂੰ। ਜ਼ਿਮਨੀ ਚੋਣਾਂ ਦੀ ਚਰਚਾ ਵੇਲੇ ਸਿਆਸਤ ਦੀ ਸੂਹ ਰੱਖਣ ਵਾਲੇ ਬੰਦੇ ਆਪੋ-ਆਪਣੇ ਹਲਕਿਆਂ ਵਿੱਚ 2022 'ਚ ਹੋਣ ਵਾਲੀਆਂ ਚੋਣਾਂ ਦੀ ਗਿਣਤੀ-ਮਿਣਤੀ ਵੀ ਕਰੀ ਜਾਂਦੇ ਹਨ ਤੇ ਮੌਜੂਦਾ ਸਥਿਤੀ ਬਾਰੇ ਵੀ ਟਿੱਪਣੀਆਂ ਹੋ ਰਹੀਆਂ ਹਨ।
ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਿਆਸੀ ਸੂਰਤ-ਏ-ਹਾਲ ਬਾਰੇ ਵੀ ਬੜੀ ਦਿਲਚਸਪ ਚਰਚਾ ਸੁਣਨ ਨੂੰ ਮਿਲਦੀ ਹੈ। ਕਾਂਗਰਸ ਪਾਰਟੀ ਨਾਲ ਮੋਹ ਰੱਖਣ ਵਾਲੇ ਬੰਦੇ ਬੜੀ ਹੁੱਬ ਨਾਲ ਕਹਿੰਦੇ ਹਨ ਕਿ ਉਮੀਦਵਾਰਾਂ ਦੇ ਮਾਮਲੇ ਵਿੱਚ ਜਿਹੜੀ ਹਾਲਤ ਕਦੇ ਕਾਂਗਰਸ ਪਾਰਟੀ ਦੀ ਹੁੰਦੀ ਸੀ, ਉਹ ਹੁਣ ਅਕਾਲੀ ਦਲ (ਬਾਦਲ) ਦੀ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਬਰੂਹਾਂ ਟੱਪਣ ਦੀ ਪ੍ਰਬਲ ਚਾਹਤ ਰੱਖਣ ਵਾਲੇ ਆਗੂਆਂ ਦੀ ਗਿਣਤੀ ਅੱਧੀ ਦਰਜਨ ਦੇ ਬਰਾਬਰ ਹੁੰਦੀ ਸੀ। ਇਨ੍ਹਾਂ ਵਿੱਚ ਕਰਨਲ ਸੀ ਡੀ ਸਿੰਘ ਕੰਬੋਜ, ਬ੍ਰਿਜ ਭੁਪਿੰਦਰ ਸਿੰਘ ਕੰਗ, ਰਾਜਨਬੀਰ ਸਿੰਘ, ਰਾਣਾ ਹਰਦੀਪ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸ਼ਾਮਲ ਸਨ।
ਬਦਲੀਆਂ ਪ੍ਰਸਥਿਤੀਆਂ ਵਿੱਚ ਕਰਨਲ ਕੰਬੋਜ ਅਤੇ ਕੰਗ ਤਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ (ਬਾਦਲ) ਵਿੱਚ ਚਲੇ ਗਏ ਹਨ। ਰਾਜਨਬੀਰ ਸਿੰਘ ਬਾਰੇ ਵੀ ਸੁਣਨ ਵਿੱਚ ਆਇਆ ਹੈ ਕਿ ਸ਼ਾਇਦ ਉਹ ਵੀ ਸਿਆਸੀ ਪਾਲਾ ਬਦਲਣ ਦੀ ਸੋਚ ਰਹੇ ਹਨ। ਰਾਣਾ ਹਰਦੀਪ ਸਿੰਘ ਅੱਜ ਕੱਲ੍ਹ ਸ਼ਾਹਕੋਟ ਦੇ ਸਿਆਸੀ ਅਸਮਾਨ ਵਿੱਚ ਨਜ਼ਰ ਨਹੀਂ ਆਉਂਦੇ । ਹਰਦੇਵ ਸਿੰਘ ਸ਼ੇਰੋਵਾਲੀਆ ਮਈ 2018 ਦੀ ਜ਼ਿਮਨੀ ਚੋਣ ਵਿੱਚ ਉਕਤ ਵਰਣਨ ਕੀਤੇ ਗਏ ਸਾਰੇ ਆਗੂਆਂ ਨੂੰ ਪਛਾੜ ਕੇ ਹਲਕੇ ਵਿੱਚ ਕਾਂਗਰਸ ਪਾਰਟੀ ਵਿੱਚ ਇੱਕੋ ਆਗੂ ਵਜੋਂ ਸਥਾਪਤ ਹੋ ਗਏ।
ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਜਾਣ ਵੇਲੇ ਅਕਸਰ ਸਿਆਸੀ ਸ਼ਰਤ ਟਿਕਟ ਦੀ ਹੁੰਦੀ ਹੈ। ਇਸੇ ਕਿਆਸ ਅਨੁਸਾਰ ਅੰਦਾਜ਼ੇ ਲਾਏ ਜਾ ਰਹੇ ਹਨ। ਕਾਂਗਰਸ ਛੱਡ ਕੇ ਬਾਦਲ ਕੇ ਰਾਹ ਪਏ ਕਰਨਲ ਸੀ ਡੀ ਸਿੰਘ ਕੰਬੋਜ ਅਤੇ ਬ੍ਰਿਜ ਭੁਪਿੰਦਰ ਸਿੰਘ ਕੰਗ ਅਕਾਲੀ ਦਲ ਦੀ ਟਿਕਟ 'ਤੇ ਅੱਖ ਤਾਂ ਰੱਖਣਗੇ ਹੀ।
ਹਾਲਾਂਕਿ ਸੁਣਨ ਵਿੱਚ ਆਇਆ ਹੈ ਕਿ ਸਾਬਕਾ ਗ੍ਰਹਿ ਰਾਜ ਮੰਤਰੀ ਕੰਗ ਨੇ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਦਾ ਇਰਾਦਾ 'ਮੁਲਤਵੀ' ਕਰ ਦਿੱਤਾ ਹੈ। ਰਾਜਨਬੀਰ ਸਿੰਘ ਹੁਰਾਂ ਨੇ ਪਾਸਾ ਬਦਲਿਆ ਤਾਂ ਉਹ ਵੀ ਬਾਦਲ ਕੇ ਰਸਤੇ ਹੀ ਪੈਣਗੇ। ਇਸ ਦੇ ਨਾਲ-ਨਾਲ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਕੈਬਨਿਟ ਮੰਤਰੀ ਦੇ ਸਿਆਸੀ ਵਾਰਸ ਵਜੋਂ ਉਨ੍ਹਾਂ ਦਾ ਪੋਤਰਾ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਸਿਆਸੀ ਪੌੜੀਆਂ ਚੜ੍ਹ ਰਿਹਾ ਹੈ।
ਇਸ ਸਾਰੀ ਗਿਣਤੀ ਮਿਣਤੀ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜਿਸ ਤਰ੍ਹਾਂ ਕਦੇ ਕਾਂਗਰਸ ਪਾਰਟੀ ਵੱਲੋਂ ਅੱਧੀ ਦਰਜਨ ਆਗੂ ਟਿਕਟ ਦੀ ਦਾਅਵੇਦਾਰੀ ਕਰਦੇ ਸਨ, ਹੁਣ ਸ਼ਾਇਦ ਉਹ ਹਾਲਤ ਅਕਾਲੀ ਦਲ ਦੀ ਹੋ ਜਾਵੇ।