Latest News
ਸਰਕਾਰ 'ਤੇ ਵਿਰੋਧੀਆਂ ਸਿਰ ਦੋਸ਼ ਮੜ੍ਹਨ ਦਾ ਜਨੂੰਨ ਸਵਾਰ : ਮਨਮੋਹਨ ਸਿੰਘ

Published on 17 Oct, 2019 11:28 AM.


ਮੁੰਬਈ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਅਰਥਚਾਰੇ ਦੀ ਸਿਹਤ ਸੁਧਾਰਨ ਲਈ ਵਿਗਾੜਾਂ ਤੇ ਕਾਰਨਾਂ ਦੀ ਸਹੀ ਤਸ਼ਖੀਸ ਦੀ ਲੋੜ ਹੈ, ਪਰ ਸਰਕਾਰ ਦੇ ਦਿਮਾਗ 'ਚ ਵਿਰੋਧੀਆਂ 'ਤੇ ਹੀ ਦੋਸ਼ ਮੜ੍ਹਨ ਦਾ ਜਨੂੰਨ ਸਵਾਰ ਹੈ। ਅਜਿਹਾ ਕਰਦਿਆਂ ਉਹ ਅਰਥਚਾਰੇ ਨੂੰ ਸੁਰਜੀਤ ਕਰਨ, ਖਾਸਕਰ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਕਰਨ ਦਾ ਹੱਲ ਲੱਭਣ ਤੋਂ ਅਸਮਰੱਥ ਹੈ। ਇਹ ਗੱਲ ਉਨ੍ਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਿੰਗ ਸਿਸਟਮ ਵਿਚ ਵਿਗਾੜ ਲਈ ਉਨ੍ਹਾ ਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਸੰਦਰਭ ਵਿਚ ਕਹੀ। ਮਹਾਰਾਸ਼ਟਰ ਅਸੰਬਲੀ ਚੋਣਾਂ ਦਰਮਿਆਨ ਵੀਰਵਾਰ ਇੱਥੇ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਦਾਅਵਾ ਕਰ ਰਹੇ ਹਨ ਕਿ ਡਬਲ ਇੰਜਣ (ਕੇਂਦਰ ਤੇ ਸੂਬੇ ਵਿਚ ਇਕੋ ਪਾਰਟੀ ਦੀ ਸਰਕਾਰ) ਨਾਲ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਪਰ ਹਕੀਕਤ ਇਹ ਹੈ ਕਿ ਇਹ ਮਾਡਲ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਮਹਾਰਾਸ਼ਟਰ ਵਿਚ ਮੈਨੂੰਫੈਕਚਰਿੰਗ ਸੈਕਟਰ ਦੀ ਵਿਕਾਸ ਦਰ ਚਾਰ ਸਾਲ ਤੋਂ ਡਿਗ ਰਹੀ ਹੈ। ਪੰਜ ਸਾਲਾਂ ਵਿਚ ਇੱਥੇ ਸਭ ਤੋਂ ਵੱਧ ਫੈਕਟਰੀਆਂ ਬੰਦ ਹੋਈਆਂ ਹਨ ਅਤੇ ਕੈਮੀਕਲ, ਖਾਦਾਂ ਤੇ ਇਲੈਕਟ੍ਰਾਨਿਕਸ, ਜਿਹੜੇ ਮਹਾਰਾਸ਼ਟਰ ਵਿਚ ਬਣਦੇ ਸਨ, ਦੀਆਂ ਦਰਾਮਦਾਂ ਵਧੀਆਂ ਹਨ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਗਏ, ਪਰ ਸੂਬੇ ਦੇ ਪੇਂਡੂ ਇਲਾਕਿਆਂ ਵਿਚ ਖੁਦਕੁਸ਼ੀਆਂ ਵਧ ਰਹੀਆਂ ਹਨ। ਫੈਕਟਰੀਆਂ ਬੰਦ ਹੋ ਰਹੀਆਂ ਹਨ ਤੇ ਨੌਜਵਾਨ ਬਹੁਤ ਘੱਟ ਉਜਰਤ 'ਤੇ ਨੌਕਰੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਨੇ ਕਸ਼ਮੀਰ ਬਾਰੇ ਧਾਰਾ 370 ਖਤਮ ਕਰਨ ਦੀ ਸੰਸਦ ਵਿਚ ਹਮਾਇਤ ਕੀਤੀ ਸੀ ਪਰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲ ਕੀਤੇ ਬਿਨਾਂ ਜਿਵੇਂ ਇਹ ਧਾਰਾ ਖਤਮ ਕੀਤੀ ਗਈ ਉਸਦਾ ਵਿਰੋਧ ਕੀਤਾ ਸੀ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper