Latest News
ਬ੍ਰੈਗਜ਼ਿਟ ਡੀਲ 'ਤੇ ਬਣੀ ਸਹਿਮਤੀ, ਹੁਣ ਬ੍ਰਿਟਿਸ਼ ਸੰਸਦ ਤੋਂ ਪਾਸ ਕਰਾਉਣ ਦੀ ਚੁਣੌਤੀ

Published on 17 Oct, 2019 11:29 AM.


ਲੰਡਨ : ਆਖਰਕਾਰ ਬ੍ਰਿਟੇਨ ਦੇ ਯੂਰਪੀ ਯੂਨੀਅਨ ਵਿਚੋਂ ਬਾਹਰ ਨਿਕਲਣ (ਬ੍ਰੈਗਜ਼ਿਟ) ਦੀ ਡੀਲ 'ਤੇ ਸਹਿਮਤੀ ਬਣ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਜੀਨ ਕਲੌਦੇ ਜੰਕਰ ਨੇ ਖੁਦ ਵੀਰਵਾਰ ਇਸਦਾ ਐਲਾਨ ਕੀਤਾ। ਹਾਲਾਂਕਿ ਇਸਨੂੰ ਯੂਰਪੀ ਤੇ ਬ੍ਰਿਟਿਸ਼ ਸੰਸਦ ਤੋਂ ਪਾਸ ਕਰਾਉਣਾ ਪੈਣਾ ਹੈ। ਜਾਨਸਨ ਨੇ ਇਸਨੂੰ ਵੱਡੀ ਪ੍ਰਾਪਤੀ ਦਸਦਿਆਂ ਕਿਹਾ ਕਿ ਹੁਣ ਸੰਸਦ ਸ਼ਨੀਵਾਰ ਇਸਨੂੰ ਪਾਸ ਕਰ ਦੇਵੇ। ਵਰਨਣਯੋਗ ਹੈ ਕਿ ਇਸ ਡੀਲ ਕਾਰਨ ਹੀ ਟਰੀਜ਼ਾ ਮੇ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
ਯੂਰਪੀ ਯੂਨੀਅਨ ਦੇ ਆਗੂਆਂ ਦੀ ਬੈਠਕ ਤੋਂ ਪਹਿਲਾਂ ਯੂਰਪੀ ਕਮਿਸ਼ਨ ਦੇ ਪ੍ਰਧਾਨ ਨੇ ਟਵੀਟ ਕੀਤਾ, ''ਜਿਥੇ ਚਾਹ ਹੈ ਉਥੇ ਡੀਲ ਹੈ। ਅਸੀਂ ਇਕ ਹਾਂ। ਇਹ ਯੂਰਪੀ ਯੂਨੀਅਨ ਤੇ ਬ੍ਰਿਟੇਨ ਦੋਹਾਂ ਲਈ ਨਿਰਪੱਖ ਤੇ ਸੰਤੁਲਤ ਸਮਝੌਤਾ ਹੈ।''
ਬ੍ਰਿਟੇਨ ਨੇ 2016 ਵਿਚ ਰੈਫਰੈਂਡਮ ਰਾਹੀਂ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਸੀ। ਜਾਨਸਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਨਵੀਂ ਡੀਲ ਨਾਲ ਇਹ ਯਕੀਨੀ ਹੋਵੇਗਾ ਕਿ ਸਾਡੇ ਕਾਨੂੰਨ, ਸਰਹੱਦਾਂ, ਪੈਸੇ ਤੇ ਵਪਾਰ ਉਤੇ ਬਿਨਾਂ ਕਿਸੇ ਅੜਿਕੇ ਦੇ ਸਾਡਾ ਕੰਟਰੋਲ ਹੋਵੇਗਾ ਤੇ ਯੂਰਪੀ ਯੂਨੀਅਨ ਨਾਲ ਨਵੇਂ ਤਰ੍ਹਾਂ ਦੀ ਦੋਸਤੀ ਕਾਇਮ ਹੋਵੇਗੀ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਆਗੂ ਜਰਮੀ ਕਾਰਬਿਨ ਨੇ ਕਿਹਾ ਹੈ ਕਿ ਉਹ ਡੀਲ ਦੇ ਵਿਰੁਧ ਵੋਟ ਪਾਉਣਗੇ। ਯੂਰਪੀ ਯੂਨੀਅਨ ਦੇ ਮੁਖ ਵਾਰਤਾਕਾਰ ਮਾਈਕਲ ਬਰਨੀਅਰ ਨੇ ਡੀਲ ਦੇ ਚਾਰ ਪ੍ਰਮੁਖ ਬਿੰਦੂਆਂ ਬਾਰੇ ਦੱਸਿਆ ਕਿ ਉਤਰੀ ਆਇਰਲੈਂਡ ਅਜੇ ਵੀ ਯੂਰਪੀ ਯੂਨੀਅਨ ਦੇ ਕੁਝ ਕਾਨੂੰਨਾਂ ਨਾਲ ਬੱਝਾ ਰਹੇਗਾ। ਉਤਰੀ ਆਇਰਲੈਂਡ ਬ੍ਰਿਟੇਨ ਦੀ ਕਸਟਮ ਸੀਮਾ ਦੇ ਅੰਦਰ ਹੋਵੇਗਾ ਪਰ ਉਹ ਯੂਰਪੀ ਯੂਨੀਅਨ ਦੀ ਸਿੰਗਲ ਮਾਰਕਿਟ ਲਈ ਪ੍ਰਵੇਸ਼ ਦੁਆਰ ਹੋਵੇਗਾ। ਯੂਰਪੀ ਯੂਨੀਅਨ ਸਿੰਗਲ ਮਾਰਕਿਟ ਹੋਵੇਗੀ ਪਰ ਵੈਟ 'ਤੇ ਬ੍ਰਿਟੇਨ ਦੇ ਜਾਇਜ਼ ਹਿਤਾਂ ਦਾ ਖਿਆਲ ਰੱਿਖਆ ਜਾਵੇਗਾ। ਉਤਰੀ ਆਇਰਲੈਂਡ ਦੇ ਪ੍ਰਤੀਨਿਧ ਚਾਰ ਸਾਲ ਵਿਚ ਫੈਸਲਾ ਕਰਨਗੇ ਕਿ ਉਹ ਉਤਰੀ ਆਇਰਲੈਂਡ ਵਿਚ ਯੂਰਪੀ ਯੂਨੀਅਨ ਦਾ ਨਿਯਮ ਲਾਗੂ ਕਰਨਾ ਚਾਹੁੰਦੇ ਹਨ ਕਿ ਨਹੀਂ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper