Latest News
ਆਰਥਿਕਤਾ ਨੂੰ ਬਚਾਉਣ ਲਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ : ਬਰਾੜ, ਮਾੜੀਮੇਘਾ

Published on 17 Oct, 2019 11:31 AM.


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਨੇ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਵਿਗੜ ਰਹੀ ਆਰਥਿਕ ਹਾਲਤ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰ ਦਾ ਰੋਸ ਪ੍ਰਦਰਸ਼ਨ ਕੀਤਾ ।ਰਾਮਗੜ੍ਹੀਆ ਬੁੰਗੇ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਗਹਿਣੇ ਪਾ ਦਿੱਤਾ ਹੈ। ਹਰ ਸਰਕਾਰੀ ਤੇ ਪਬਲਿਕ ਅਦਾਰੇ ਪ੍ਰਾਈਵੇਟ ਕਰਕੇ ਅੰਬਾਨੀਆਂ ਨੂੰ ਦਿੱਤੇ ਜਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਦੇਸ਼ ਵਿੱਚੋਂ ਲੱਖਾਂ ਉਦਯੋਗ ਬੰਦ ਹੋ ਗਏ ਅਤੇ ਕਰੋੜਾਂ ਦੀ ਗਿਣਤੀ ਵਿੱਚ ਕਿਰਤੀ ਬੇਰੁਜ਼ਗਾਰ ਹੋ ਗਏ ਹਨ। ਦੂਜੇ ਪਾਸੇ ਪੜ੍ਹੇ-ਲਿਖੇ ਨੌਜਵਾਨਾਂ ਦੀ ਜਵਾਨੀ ਰੁਲ ਰਹੀ ਹੈ। ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪਰ ਇਹ ਸਭ ਛਲਾਵਾ ਹੀ ਨਿਕਲਿਆ ਹੈ। ਗਰੀਬੀ ਤੇ ਬੇਰੁਜ਼ਗਾਰੀ ਹੋਣ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਬਹੁਤ ਘਟ ਗਈ ਹੈ। ਖਰੀਦ ਸ਼ਕਤੀ ਘਟਣ ਨਾਲ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਸਰਕਾਰ ਚਲਾਉਣ ਵਾਸਤੇ ਮੋਦੀ ਸਰਕਾਰ ਰਿਜ਼ਰਵ ਬੈਂਕ ਤੋਂ ਪੈਸੇ ਲੈ ਰਹੀ ਹੈ।
ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਦੀ ਸਰਕਾਰ ਲੋਕਾਂ ਦਾ ਧਿਆਨ ਗ਼ਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਾਲੇ ਪਾਸੇ ਤੋਂ ਹਟਾ ਕੇ ਪਾਕਿਸਤਾਨ ਨਾਲ ਜੰਗ ਕਰਨ ਵਾਲੇ ਪਾਸੇ ਲਾ ਰਹੀ ਹੈ। ਜੰਮੂ ਕਸ਼ਮੀਰ ਵਿੱਚ 370 ਧਾਰਾ ਤੋੜ ਕੇ ਦੋ ਕੇਂਦਰ ਸ਼ਾਸਤ ਬਣਾਉਣਾ ਕਸ਼ਮੀਰੀ ਲੋਕਾਂ ਨਾਲ ਬੜਾ ਵੱਡਾ ਧੱਕਾ ਹੈ। ਕੇਂਦਰ ਸਰਕਾਰ ਨੇ ਕਸ਼ਮੀਰੀ ਲੋਕਾਂ ਦੇ ਜਮਹੂਰੀ ਹੱਕ ਕੁਚਲ ਦਿੱਤੇ ਹਨ। ਸੀ ਪੀ ਆਈ ਦੀ ਪੁਰਜ਼ੋਰ ਮੰਗ ਹੈ ਕਿ ਕਸ਼ਮੀਰ ਵਿੱਚ 370 ਧਾਰਾ ਬਹਾਲ ਕੀਤੀ ਜਾਵ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ। ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨਾਲ ਕਾਂਗਰਸ ਪਾਰਟੀ ਦਾ ਵਾਅਦਾ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ, ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ। ਕਿਸਾਨ, ਮਜ਼ਦੂਰ ਤੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਸੀ ਪੀ ਆਈ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਤਾਰਾ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤ ਤੋਂ ਬਗੈਰ ਕੰਮ ਨਹੀਂ ਹੁੰਦਾ। ਲੋਕ ਦਫ਼ਤਰਾਂ ਵਿੱਚ ਖੱਜਲ-ਖੁਆਰ ਹੁੰਦੇ ਹਨ। ਸਰਕਾਰ ਦੇ ਮੰਤਰੀਆਂ ਅਤੇ ਐੱਮ ਐੱਲ ਏਜ਼ ਦੀ ਸਰਕਾਰੀ ਮਹਿਕਮੇ ਵਿੱਚ ਐਨੀ ਦਖਲਅੰਦਾਜ਼ੀ ਵਧ ਗਈ ਹੈ ਕਿ ਵਿਰੋਧੀ ਧਿਰਾਂ ਨੂੰ ਬਿਲਕੁਲ ਨਿਆਂ ਨਹੀਂ ਮਿਲਦਾ ।
ਛੋਟੇ-ਮੋਟੇ ਝਗੜਿਆਂ ਵਿੱਚ ਵੀ ਐੱਮ ਐੱਲ ਏ ਸਿੱਧੀ ਦਖਲ-ਅੰਦਾਜ਼ੀ ਕਰਦੇ ਹਨ। ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਜਵਾਨੀ ਨੂੰ ਰੁਜ਼ਗਾਰ ਦੇਣ ਵਾਸਤੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ'' (ਬਨੇਗਾ) ਸੰਸਦ ਵਿੱਚ ਪਾਸ ਕੀਤਾ ਜਾਵੇ। ਇਹ ਕਾਨੂੰਨ ਬਣਨ ਨਾਲ ਹਰ ਇੱਕ ਨੂੰ ਰੁਜ਼ਗਾਰ ਮਿਲਣਾ ਯਕੀਨੀ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਫ਼ਸਰਸ਼ਾਹੀ ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀ ।ਨਰੇਗਾ ਕਾਮੇ ਕੰਮ ਮੰਗ ਰਹੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਜੇ ਕੰਮ ਮਿਲ ਜਾਂਦਾ ਹੈ ਤੇ ਪੈਸੇ ਪਾਉਣ ਲੱਗਿਆਂ ਦੇਰੀ ਕੀਤੀ ਜਾਂਦੀ ਹੈ ।ਸੋਹਲ ਨੇ ਐਲਾਨ ਕੀਤਾ ਕਿ ਜੇ ਨਰੇਗਾ ਕਾਮਿਆਂ ਨੂੰ ਰੁਜ਼ਗਾਰ ਨਾ ਮਿਲਿਆ ਤੇ ਡੀ ਸੀ ਦਫ਼ਤਰ ਅੱਗੇ ਜ਼ੋਰਦਾਰ ਅੰਦੋਲਨ ਅਰੰਭਿਆ ਜਾਵੇਗਾ। ਇਕੱਠ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਰਨਜੀਤ ਕੌਰ ਵਲਟੋਹਾ, ਪਵਨ ਕੁਮਾਰ ਭਿੱਖੀਵਿੰਡ, ਜਗੀਰੀ ਰਾਮ ਪੱਟੀ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਚਰਨ ਸਿੰਘ ਤਰਨ ਤਾਰਨ, ਸਵਰਨ ਸਿੰਘ ਨਾਗੋਕੇ, ਰੁਪਿੰਦਰ ਕੌਰ ਮਾੜੀ ਮੇਘਾ, ਸੀਮਾ ਸੋਹਲ, ਬਲਦੇਵ ਸਿੰਘ ਧੂੰਦਾ, ਜੈਮਲ ਸਿੰਘ ਬਾਠ, ਹਰਬਿੰਦਰ ਸਿੰਘ ਕਸੇਲ, ਸੁਖਦੇਵ ਸਿੰਘ ਕਾਲਾ ਅਤੇ ਡਾ: ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ।

293 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper