Latest News
ਅਕਾਲੀ ਰਾਜ 'ਚ ਮੁੰਡਿਆਂ ਨੂੰ ਮੋਟਰਸਾਈਕਲਾਂ 'ਤੇ ਨੰਬਰ ਪਲੇਟਾਂ ਲਾਉਣ ਦੀ ਲੋੜ ਨਹੀਂ ਪਈ : ਸੁਖਬੀਰ

Published on 18 Oct, 2019 09:22 AM.

ਜਲਾਲਾਬਾਦ (ਢਾਬਾਂ)
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੇ ਵਕੀਲਾਂ ਦੇ ਬਾਰ ਰੂਮ ਪਹੁੰਚ ਕੇ ਉਹਨਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ।ਇਸ ਮੌਕੇ ਉਨ੍ਹਾ ਆਪਣੇ ਸੰਬੋਧਨ ਵਿੱਚ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਜ਼ਿਆਦਾਤਰ ਪੜ੍ਹੀ-ਲਿਖੀ ਜਮਾਤ ਵਕੀਲਾਂ, ਅਸ਼ਟਾਮ ਫਰੋਸ਼ਾਂ, ਕਲਰਕਾਂ ਅਤੇ ਵਸੀਕਾ ਨਵੀਸਾਂ ਨੂੰ ਟੋਟਕੇ ਹੀ ਸੁਣਾਏ। ਉਨ੍ਹਾ ਆਪਣੇ ਸੰਬੋਧਨ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਸਿੰਘ ਡਿੱਬੀਪੁਰਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੈਂ ਡਾਕਟਰ ਰਾਜ ਨੂੰ ਕਿਹਾ ਹੈ ਕਿ ਉਹ ਢਾਈ ਸਾਲਾਂ ਤੱਕ ਹੀ ਜਿੱਤਣ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਰਹਿਣ, ਕਿਤੇ ਪੱਕਾ ਕਬਜ਼ਾ ਨਾ ਕਰ ਲਵੀਂ, ਮੈਂ ਦੁਬਾਰਾ ਫਿਰ ਜਲਾਲਾਬਾਦ ਤੋਂ ਹੀ ਚੋਣ ਲੜ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ।
ਉਨ੍ਹਾ ਕਿਹਾ ਕਿ ਜਲਾਲਾਬਾਦ ਨਾਲ ਮੇਰੀ ਨਿੱਜੀ ਸਾਂਝ ਹੈ ਅਤੇ ਜਦੋਂ ਅਕਾਲੀ ਦਲ ਬਾਦਲ ਦਾ ਰਾਜ ਸੀ, ਇੱਥੋਂ ਦੇ ਮੁੰਡਿਆਂ ਨੇ ਕਦੇ ਪ੍ਰਵਾਹ ਨਹੀਂ ਸਮਝੀ। ਉਨ੍ਹਾ ਗੈਰ-ਕਾਨੂੰਨੀ ਕੰਮ ਕਰਨ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਜਲਾਲਾਬਾਦ ਹਲਕੇ ਦੇ ਮੁੰਡਿਆਂ ਨੂੰ ਮੋਟਰਸਾਈਕਲਾਂ 'ਤੇ ਨੰਬਰ ਪਲੇਟ ਨਾ ਲਾਉਣਾ ਵੀ ਜਾਇਜ਼ ਸੀ। ਇੱਥੇ ਕੋਈ ਉਨ੍ਹਾਂ ਨੂੰ ਪੁੱਛਦਾ ਨਹੀਂ ਸੀ, ਕਿਉਂਕਿ ਸਰਕਾਰ ਅਕਾਲੀ ਦਲ ਬਾਦਲ ਅਤੇ ਹਲਕਾ ਸੁਖਬੀਰ ਬਾਦਲ ਦਾ ਸੀ। ਉਹਨਾ ਵਕੀਲਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਸਿੱਧੀ ਸਾਂਝ ਭਾਖੜਾ ਡੈਮ ਨਾਲ ਪਾਓ, ਨਾ ਕਿ ਕਿਸੇ ਛੋਟੇ ਟਰਾਂਸਮਿਸ਼ਨ (ਕਾਂਗਰਸ ਦੇ ਉਮੀਦਵਾਰ ਆਵਲਾ) ਨਾਲ, ਉਸ ਦਾ ਕਦੇ ਵੀ ਫਿਊਜ਼ ਉੱਡ ਸਕਦਾ ਹੈ, ਪਰ ਭਾਖੜਾ ਭਾਵ ਮੇਰੇ ਨਾਲ ਸਿੱਧੀ ਸਾਂਝ ਪਾਉਣ ਨਾਲ ਤੁਸੀਂ ਪੂਰੀ ਸਪਲਾਈ ਫੁੱਲ ਲਾਓਗੇ। ਸੁਖਬੀਰ ਬਾਦਲ ਦੇ ਵਾਪਸ ਜਾਣ ਤੋਂ ਬਾਅਦ ਵਕੀਲਾਂ ਅਤੇ ਕਚਹਿਰੀ ਵਿੱਚ ਇਹ ਆਮ ਚਰਚਾ ਚਲਦੀ ਰਹੀ ਕਿ ਇੱਕ ਜ਼ਿੰਮੇਵਾਰ ਆਗੂ ਨੂੰ ਗ਼ੈਰ-ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਦੇਣ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਲਈ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਤ ਕਰਨ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਇਸ ਮੌਕੇ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਸੰਕੇਤ ਬਜਾਜ, ਸਕੱਤਰ ਕਰਨ ਚਚੂਰਾ, ਐਡਵੋਕੇਟ ਪਰਮਿੰਦਰ ਕੰਬੋਜ, ਸੁਸ਼ੀਲ ਕੁੱਕੜ, ਧੀਰਜ ਗੂੰਬਰ, ਕਰਮਜੀਤ ਸੰਧੂ ਅਤੇ ਗੁਰਦੀਪ ਕੰਬੋਜ ਵੱਲੋਂ ਆਏ ਹੋਏ ਅਕਾਲੀ ਆਗੂਆਂ ਦਾ ਸਵਾਗਤ ਕੀਤਾ ਗਿਆ ।ਇਸ ਮੌਕੇ ਉਨ੍ਹਾ ਦੇ ਨਾਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ, ਵਰਦੇਵ ਸਿੰਘ ਨੋਨੀ ਮਾਨ, ਪੂਰਨ ਸਿੰਘ ਮੁਜੈਦੀਆ ਅਤੇ ਹੋਰ ਅਕਾਲੀ ਆਗੂ ਸਨ।

108 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper