ਲਖਨਊ : ਯੋਗੀ ਸਰਕਾਰ ਨੇ ਯੂ ਪੀ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਮੋਬਾਇਲ ਫੋਨਾਂ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਸ ਬਾਰੇ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਵੱਲੋਂ ਜਾਰੀ ਸਰਕੂਲਰ ਵਿਚ ਕਿਹਾ ਕਿ ਪਾਬੰਦੀ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ 'ਤੇ ਵੀ ਲਾਗੂ ਹੋਵੇਗੀ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਪਾਬੰਦੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਲਈ ਪੜ੍ਹਾਈ ਦਾ ਬਿਹਤਰ ਮਾਹੌਲ ਬਣਾਉਣ ਲਈ ਲਾਈ ਗਈ ਹੈ। ਸਰਕਾਰ ਨੇ ਨੋਟ ਕੀਤਾ ਹੈ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਅਧਿਆਪਕ ਕਾਲਜ ਦੇ ਸਮੇਂ ਦੌਰਾਨ ਕੀਮਤੀ ਸਮਾਂ ਮੋਬਾਇਲ ਫੋਨਾਂ 'ਤੇ ਖਰਚ ਕਰਦੇ ਹਨ। ਯਾਦ ਰਹੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੈਬਨਿਟ ਤੇ ਅਫਸਰਾਂ ਨਾਲ ਮੀਟਿੰਗਾਂ ਵਿਚ ਮੋਬਾਇਲ ਫੋਨ 'ਤੇ ਪਹਿਲਾਂ ਹੀ ਪਾਬੰਦੀ ਲਾ ਚੁੱਕੇ ਹਨ। ਉਹਨਾ ਇਹ ਫੈਸਲਾ ਕੁਝ ਮੰਤਰੀਆਂ ਤੇ ਅਫਸਰਾਂ ਵੱਲੋਂ ਮੀਟਿੰਗ ਦੌਰਾਨ ਵਟਸਐਪ 'ਤੇ ਮੈਸੇਜ਼ ਪੜ੍ਹਨ ਵਿਚ ਰੁੱਝੇ ਰਹਿਣ ਕਾਰਨ ਕੀਤਾ ਸੀ।