Latest News
ਕਿਸਾਨੀ ਦੇ ਭਲੇ ਨਾਲ ਹੀ ਅਰਥਚਾਰੇ ਦਾ ਭਲਾ

Published on 21 Oct, 2019 11:22 AM.


ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਭਾਜਪਾ ਦੇ ਛੋਟੇ-ਵੱਡੇ ਸਭ ਆਗੂ ਭਾਵੇਂ ਇਸ ਗੱਲੋਂ ਮੁਨਕਰ ਹਨ ਕਿ ਦੇਸ਼ ਵਿੱਚ ਕਿਸੇ ਕਿਸਮ ਦੀ ਮੰਦੀ ਹੈ, ਪਰ ਹਕੀਕਤ ਇਹੋ ਹੈ ਕਿ ਦੇਸ਼ ਦਾ ਕੋਈ ਵੀ ਖੇਤਰ ਇਸ ਸਮੇਂ ਮੰਦਵਾੜੇ ਤੋਂ ਅਛੂਤਾ ਨਹੀਂ ਹੈ। ਇਹ ਦੇਸ਼ ਦੀ ਤ੍ਰਾਸਦੀ ਹੈ ਕਿ ਜਦੋਂ ਵੀ ਕੋਈ ਅਰਥ-ਸ਼ਾਸਤਰੀ ਮੰਦੀ ਸੰਬੰਧੀ ਗੱਲ ਕਰਦਾ ਹੈ ਤਾਂ ਹਾਕਮ ਉਸ ਉੱਤੇ ਕਾਂਗਰਸ ਦਾ ਠੱਪਾ ਲਾ ਦਿੰਦੇ ਹਨ। ਪਿਛਲੇ ਦਿਨੀਂ ਭਾਰਤ ਦੇ ਜੰਮਪਲ ਅਭਿਜੀਤ ਬੈਨਰਜੀ ਨੂੰ ਅਰਥ-ਸ਼ਾਸਤਰ ਦਾ ਨੋਬਲ ਇਨਾਮ ਮਿਲਿਆ ਤਾਂ ਹਾਕਮਾਂ ਨੂੰ ਇਸ ਦੀ ਕੋਈ ਖੁਸ਼ੀ ਨਹੀਂ ਹੋਈ, ਕਿਉਂਕਿ ਅਭਿਜੀਤ ਨੇ ਮੋਦੀ ਵੱਲੋਂ ਅਚਨਚੇਤ ਕੀਤੀ ਨੋਟਬੰਦੀ ਦੀ ਆਲੋਚਨਾ ਕੀਤੀ ਸੀ। ਇਸ ਸੰਬੰਧੀ ਖੁਦ ਅਭਿਜੀਤ ਨੇ ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਨੋਬਲ ਇਨਾਮ ਮਿਲਣ ਤੋਂ ਬਾਅਦ ਹਾਕਮ ਧਿਰ ਦੇ ਕਿਸੇ ਵੀ ਆਗੂ ਨੇ ਉਸ ਨੂੰ ਫ਼ੋਨ ਉੱਤੇ ਵਧਾਈ ਦੇਣ ਦੀ ਰਵਾਇਤ ਤੱਕ ਵੀ ਨਹੀਂ ਨਿਭਾਈ। ਇਹ ਸਿੱਧੇ ਤੌਰ ਉੱਤੇ ਵਿਚਾਰਧਾਰਕ ਵਿਰੋਧੀਆਂ ਵਿਰੁੱਧ ਨਫ਼ਰਤ ਦਾ ਖੁੱਲ੍ਹਾ ਪ੍ਰਗਟਾਵਾ ਹੈ। ਵਪਾਰ ਮੰਤਰੀ ਪਿਊਸ਼ ਗੋਇਲ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਹੈ ਕਿ ਅਭਿਜੀਤ ਵਿਚਾਰਾਂ ਪੱਖੋਂ ਖੱਬੇ-ਪੱਖੀ ਹੈ ਤੇ ਅਜਿਹੇ ਵਿਚਾਰਾਂ ਨੂੰ ਲੋਕ ਚੋਣਾਂ ਵਿੱਚ ਰੱਦ ਕਰ ਚੁੱਕੇ ਹਨ।
ਪਿਊਸ਼ ਗੋਇਲ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਸੱਤਾਧਾਰੀ ਆਰਥਕ ਮੰਦਵਾੜੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਲਗਾਤਾਰ ਬੇਥੱਵੀਆਂ ਦਾ ਸਹਾਰਾ ਲੈ ਰਹੇ ਹਨ, ਪਰ ਅਸਲ ਪ੍ਰਸਥਿਤੀ ਕੀ ਹੈ, ਇਸ ਸੰਬੰਧੀ ਅਭਿਜੀਤ ਨੂੰ ਨੋਬਲ ਇਨਾਮ ਮਿਲਣ ਦੀ ਖੁਸ਼ੀ ਵਿੱਚ ਉਸ ਦੇ ਸਨਮਾਨ ਵਿੱਚ ਜੇ ਐੱਨ ਯੂ ਅੰਦਰ ਹੋਏ ਇੱਕ ਪ੍ਰੋਗਰਾਮ ਵਿੱਚ ਦੇਸ਼ ਦੇ ਅਰਥ-ਸ਼ਾਸਤਰੀਆਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਪ੍ਰੋਗਰਾਮ ਦੌਰਾਨ ਗਰੀਬੀ, ਅਸਮਾਨਤਾ, ਖੇਤੀ ਤੇ ਆਰਥਿਕਤਾ ਨਾਲ ਜੁੜੇ ਦੂਜੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੰਨੇ-ਪ੍ਰਮੰਨੇ ਅਰਥ-ਸ਼ਾਸਤਰੀ ਪ੍ਰਭਾਤ ਪਟਨਾਇਕ ਨੇ ਕਿਹਾ ਕਿ ਅਰਥ-ਵਿਵਸਥਾ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਨਵੀਂ ਕਾਰਜ-ਪ੍ਰਣਾਲੀ ਸ਼ੁਰੂ ਕਰਨੀ ਪਵੇਗੀ। ਉਨ੍ਹਾ ਕਿਹਾ ਕਿ ਮੈਨੂੰਫੈਕਚਰਿੰਗ ਲਈ ਮੰਗ ਦੀ ਲੋੜ ਪੈਂਦੀ ਹੈ, ਜਦੋਂ ਕਿ ਖੇਤੀ ਉਤਪਾਦਨ ਕਰਨ ਵਾਲਾ ਸੈਕਟਰ ਹੈ। ਇਸ ਲਈ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ। ਪ੍ਰੋਫ਼ੈਸਰ ਡੀ ਐੱਨ ਰੈਡੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਸੰਕਟ ਪੈਦਾ ਹੋ ਗਿਆ ਹੈ। ਨੋਟਬੰਦੀ ਤੇ ਜੀ ਐੱਸ ਟੀ ਨਾ ਖੇਤੀ ਸੰਕਟ ਨੂੰ ਹੋਰ ਗਹਿਰਾ ਕੀਤਾ ਹੈ। ਇਸ ਨੇ ਪੇਂਡੂ ਲੋਕਾਂ ਦੀ ਮੰਗ ਨੂੰ ਖ਼ਤਮ ਕਰ ਦਿੱਤਾ ਹੈ। ਨੋਟਬੰਦੀ ਨਾਲ ਨਿਰਮਾਣ ਸੈਕਟਰ ਵਿੱਚ ਵੀ ਖੜੋਤ ਆਈ ਹੈ। ਇਸ ਨਾਲ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਆਉਣ ਵਾਲੇ ਦਿਹਾੜੀਦਾਰ ਕਾਮੇ ਪ੍ਰਭਾਵਤ ਹੋਏ ਹਨ। ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਇਕਨੌਮਿਕਸ ਐਂਡ ਸਟ੍ਰੈਟਜਿਕ ਮੈਨੇਜਮੈਂਟ ਦੇ ਪ੍ਰੋਫੈਸਰ ਸੁਸ਼ੀਲ ਖੰਨਾ ਨੇ ਕਿਹਾ ਕਿ ਨੋਟਬੰਦੀ ਕਾਰਨ ਹਾਊਸ ਹੋਲਡ ਸੈਕਟਰ ਵਿੱਚ 30 ਤੋਂ 40 ਫ਼ੀਸਦੀ ਤੱਕ ਗਿਰਾਵਟ ਆਈ ਹੈ। ਇਸ ਨਾਲ ਪੇਂਡੂ ਭਾਰਤ ਵਿੱਚ ਨਗਦੀ ਦੇ ਲੈਣ-ਦੇਣ ਉੱਤੇ ਅਸਰ ਪਿਆ ਹੈ। ਪ੍ਰੋਫ਼ੈਸਰ ਹਿਮਾਂਸ਼ੂ ਨੇ ਕਿਹਾ ਕਿ ਪਹਿਲਾਂ ਗਰੀਬੀ ਸੰਬੰਧੀ ਅਧਿਐਨ ਦਾ ਮਤਲਬ ਹੁੰਦਾ ਸੀ ਕਿ ਇਹ ਸਮਝਿਆ ਜਾਵੇ ਕਿ ਅਰਥ-ਵਿਵਸਥਾ ਕਿਵੇਂ ਕੰਮ ਕਰਦੀ ਹੈ, ਪਰ ਹੁਣ ਇਹ ਸਿਰਫ਼ ਗਰੀਬਾਂ ਦੇ ਅੰਕੜਿਆਂ ਤੱਕ ਸਿਮਟ ਕੇ ਰਹਿ ਗਿਆ ਹੈ। ਪ੍ਰੋਫ਼ੈਸਰ ਹਿਮਾਂਸ਼ੂ ਨੇ ਕਿਹਾ ਕਿ ਆਰਥਿਕ ਮੁੱਦਿਆਂ ਨੂੰ ਸਮਝਣ ਦਾ ਇੱਕ ਖਾਸ ਤਰੀਕਾ ਸੀ। ਇਹ ਤਰੀਕਾ ਉਸ ਰਾਜਨੀਤੀ ਦੀ ਸਮਝ ਸੀ। ਇਸ ਦੇ ਅਧਾਰ ਉਤੇ ਅਸੀਂ ਰਿਸਰਚੇ ਕਰਦੇ ਸਾਂ। ਇਸ ਰਿਸਰਚ ਨੂੰ ਉਸ ਰਾਜਨੀਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਜਿਸ ਵਿੱਚ ਅਸੀਂ ਅੱਜ ਰਹਿ ਰਹੇ ਹਾਂ। ਪ੍ਰੋਫ਼ੈਸਰ ਬੈਨਰਜੀ ਨੇ ਇਸ ਰੁਖ ਨੂੰ ਕੇਂਦਰ ਵਿੱਚ ਰੱਖ ਕੇ ਹੀ ਰਿਸਰਚ ਕੀਤੀ ਸੀ। ਸਰਕਾਰ ਦੇ ਨਾਲ ਕੰਮ ਕਰਦਿਆਂ, ਜਦੋਂ ਉਹ ਯੋਜਨਾ ਆਯੋਗ ਦੇ ਮੈਂਬਰ ਸਨ ਤੇ ਫਿਰ ਜਦੋਂ ਉਹ ਸਿਵਲ ਸੁਸਾਇਟੀ ਦੇ ਮੈਂਬਰ ਸਨ, ਉਨ੍ਹਾ ਇਹੋ ਕੀਤਾ।
ਇਸ ਮੌਕੇ ਪ੍ਰੋਫ਼ੈਸਰ ਬੈਨਰਜੀ ਨੇ ਕਿਹਾ ਖੇਤੀ ਵਿੱਚ ਕਿਰਤ, ਕਰਜ਼ਾ ਤੇ ਬਜ਼ਾਰ ਵਰਗੀਆਂ ਬਹੁਤ ਸਾਰੀਆਂ ਔਕੜਾਂ ਹਨ, ਜਿਨ੍ਹਾਂ ਨੂੰ ਦੂਰ ਕੀਤੇ ਜਾਣ ਦੀ ਲੋੜ ਹੈ।
ਉਨ੍ਹਾ ਕਿਹਾ ਕਿ ਖਪਤ ਦਾ ਸਤਰ ਇਸ ਸਮੇਂ ਬਹੁਤ ਹੇਠਾਂ ਜਾ ਚੁੱਕਾ ਹੈ। ਅਜਿਹਾ ਪਿਛਲੇ 30 ਸਾਲਾਂ ਵਿੱਚ ਕਦੇ ਨਹੀਂ ਹੋਇਆ। ਉਨ੍ਹਾ ਕਿਹਾ ਕਿ ਮੰਗ ਨੂੰ ਵਧਾਉਣ ਲਈ ਸਰਕਾਰ ਨੂੰ ਗਰੀਬਾਂ ਤੱਕ ਪੈਸਾ ਪੁਚਾਉਣਾ ਪਵੇਗਾ।
ਮੁੱਖ ਤੌਰ ਉਤੇ ਇਸ ਸਮਾਗਮ ਵਿੱਚ ਸ਼ਾਮਲ ਅਰਥ-ਸ਼ਾਸਤਰੀਆਂ ਦਾ ਤਰਕ ਸੀ ਕਿ ਜਿੰਨਾ ਚਿਰ ਖੇਤੀ ਸੈਕਟਰ ਵਿੱਚ ਆਈ ਮੰਦੀ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਦੇਸ਼ ਦੀ ਅਰਥ-ਵਿਵਸਥਾ ਨੂੰ ਪੈਰਾਂ 'ਤੇ ਖੜ੍ਹਾ ਕਰ ਸਕਣਾ ਸੰਭਵ ਨਹੀਂ, ਪਰ ਸੱਤਾਧਾਰੀ ਉਲਟੀ ਦਿਸ਼ਾ ਵਿੱਚ ਚੱਲ ਰਹੇ ਹਨ। ਉਨ੍ਹਾਂ ਲਈ ਹਿੰਦ-ਪਾਕਿ, ਹਿੰਦੂ-ਮੁਸਲਮਾਨ ਤੇ ਮੰਦਰ-ਮਸਜਿਦ ਅਹਿਮ ਮੁੱਦੇ ਹਨ, ਨਾ ਕਿ ਦੇਸ਼ ਦੀ ਅਰਥ-ਵਿਵਸਥਾ।

896 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper