Latest News
ਸਰਬ-ਸਾਂਝੀ ਸਟੇਜ ਦੀ ਕਹਾਣੀ ਖਤਮ

Published on 21 Oct, 2019 11:44 AM.ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸਮਾਗਮ ਸਮੇਂ ਵੱਖਰੇ ਤੌਰ 'ਤੇ ਪੰਜਾਬ ਸਰਕਾਰ ਨੂੰ ਸਟੇਜ ਲਾਉਣ ਦੀ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਗੁਰੂਦੁਆਰਾ ਬੇਰ ਸਾਹਿਬ ਸੁਲਤਾਪੁਰ ਲੋਧੀ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਸਟੇਜ ਲੱਗੇਗੀ ਤੇ ਬਾਹਰ ਜੇਕਰ ਕੋਈ ਵੱਖਰੀ ਸਟੇਜ ਲਗਾਉਂਦਾ ਹੈ ਤਾਂ ਉਸ ਉਪਰ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਲਗਾਈ ਜਾਵੇਗੀ, ਪਰ ਉਸ ਸਟੇਜ ਤੋਂ ਸਿਰਫ ਗੁਰੂ ਸਾਹਿਬ ਦੀ ਜੀਵਨ-ਸ਼ੈਲੀ, ਗੁਰੂ ਸਾਹਿਬ ਦੀਆ ਸਿੱਖਿਆਵਾਂ ਤੇ ਸ਼ਬਦ ਗੁਰੂ ਦੀ ਗੱਲ ਹੋਵੇ। ਸਿੰਘ ਸਹਿਬਾਨ ਦੇ ਇਸ ਫੈਸਲੇ ਨਾਲ ਸਾਂਝੀ ਸਟੇਜ ਵਾਲੀ ਗੱਲ 'ਤੇ ਫੁੱਲ-ਸਟਾਪ ਲੱਗ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਤ ਇੱਕ ਹੀ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ, ਜਿੱਥੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਵੇਗਾ, ਫਿਰ ਵੀ ਜੇਕਰ ਕੋਈ ਵੱਖਰੀ ਸਟੇਜ ਲਗਾਉਣਾ ਚਾਹੁੰਦਾ ਹੈ ਤਾਂ ਉਸ 'ਤੇ ਕਿਸੇ ਕਿਸਮ ਦੀ ਰੋਕ ਨਹੀਂ ਲਗਾਈ ਜਾਵੇਗੀ। ਜਥੇਦਾਰ ਦੇ ਇਸ ਆਦੇਸ਼ ਨਾਲ ਪੰਜਾਬ ਸਰਕਾਰ ਤੇ ਹੋਰ ਪੰਥਕ ਜਥੇਬੰਦੀਆਂ ਨੂੰ ਵੱਖਰੀਆਂ ਸਟੇਜਾਂ ਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ, ਜਦ ਕਿ ਸਰਕਾਰ ਨੇ ਸੁਝਾਅ ਦਿੱਤਾ ਸੀ ਕਿ ਸਟੇਜ ਉਪਰ ਸਿਰਫ ਪੰਜ ਸਿੰਘ ਸਾਹਿਬਾਨ ਬੈਠਣ , ਗੁਰੂ ਸਾਹਿਬ ਦੀ ਤਾਬਿਆ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਅਰਦਾਸ ਦਰਬਾਰ ਸਾਹਿਬ ਦੇ ਅਰਦਾਸੀਆ ਕਰਨ, ਜਦ ਕਿ ਸਟੇਜ ਸਕੱਤਰੀ ਕਿਸੇ ਬੁੱਧੀਜਵੀ ਵਰਗ ਦੇ ਵਿਅਕਤੀ ਨੂੰ ਸੌਂਪੀ ਜਾਵੇ, ਜਿਸ ਦੀ ਪ੍ਰਵਾਨਗੀ ਸ਼ਾਇਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਬੀਬੀ ਜਗੀਰ ਕੌਰ ਨੂੰ ਸਟੇਜ ਸਕੱਤਰ ਬਣਾਉਣ ਦੇ ਚਰਚੇ ਹਨ, ਜਿਹੜੀ ਵਿਸ਼ੇਸ਼ ਕਰਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪ੍ਰਵਾਨ ਨਹੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਪੰਜ ਪਿਆਰਿਆਂ ਵਿੱਚ ਸ਼ਾਮਲ ਸੁਖਦੇਵ ਸਿੰਘ ਤੇ ਦਿਲਬਾਗ ਸਿੰਘ ਨੇ ਸ਼ਮੂਲੀਅਤ ਕੀਤੀ। ਜਥੇਦਾਰ ਨੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਤੇ ਸਿੱਖ ਬੁੱਧੀਜੀਵੀਆਂ ਦੀ ਰਾਇ ਵੀ ਲਈ, ਜਿਹਨਾਂ ਵਿੱਚ ਭਾਈ ਸਿਮਰਨ ਸਿੰਘ, ਭਾਈ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਆਦਿ ਨੇ ਆਪਣੀ-ਆਪਣੀ ਰਾਇ ਦਿੱਤੀ। ਬਹੁਤੇ ਵਿਦਵਾਨਾਂ ਨੇ ਵਿਚਾਰ ਦਿੱਤੇ ਕਿ ਸੁਲਤਾਨਪੁਰ ਲੋਧੀ ਵਿਖੇ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਲਗਾਈ ਜਾਵੇ, ਕਿਉਂਕਿ ਸ਼੍ਰੋਮਣੀ ਕਮੇਟੀ ਪੰਥ ਪ੍ਰਵਾਨਤ ਜਥੇਬੰਦੀ ਹੈ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ।
ਜਥੇਦਾਰ ਨੇ ਆਪਣੇ 11ਮਿੰਟ ਦੇ ਭਾਸ਼ਣ ਵਿੱਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਫ ਉਹੀ ਫੈਸਲੇ ਕੀਤੇ ਜਾਂਦੇ ਹਨ, ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ। ਪੁਰਾਣੇ ਜ਼ਮਾਨੇ ਵਿੱਚ ਦੀਵਾਲੀ ਤੇ ਵਿਸਾਖੀ 'ਤੇ ਸੰਗਤਾਂ ਇਕੱਠੀਆ ਹੁੰਦੀਆ ਸਨ ਤੇ ਸੰਗਤਾਂ ਦੇ ਇਕੱਠ ਵਿੱਚ ਫੈਸਲਾ ਲਿਆ ਜਾਂਦਾ ਸੀ, ਜਿਹੜਾ ਜਥੇਦਾਰ ਪੜ੍ਹ ਕੇ ਸੁਣਾ ਦਿੰਦਾ ਸੀ ਅਤੇ ਅੱਜ ਵੀ ਉਹਨਾ ਸਿੱਖ ਬੁੱਧੀਜੀਵੀਆ ਤੋਂ ਰਾਇ ਲੈ ਕੇ ਹੀ ਫੈਸਲਾ ਕੀਤਾ ਹੈ। ਪੰਥਕ ਏਕਤਾ ਬਹੁਤ ਜ਼ਰੂਰੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋ ਗੁਰਦੁਆਰਾ ਕੰਪਲੈਕਸ ਵਿੱਚ ਲਗਾਈ ਜਾਣ ਵਾਲੀ ਸਟੇਜ ਤੋਂ ਹਰ ਪਾਰਟੀ ਦੇ ਆਗੂ ਨੂੰ ਮਾਣ-ਸਨਮਾਨ ਮਿਲੇਗਾ। ਉਹਨਾ ਕਿਹਾ ਕਿ ਏਕਤਾ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਉਹਨਾ ਕਿਹਾ ਕਿ ਸ਼ਤਾਬਦੀ ਸਮਾਗਮ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ ਹੋਣਗੇ। ਇਹ ਸਾਰੇ ਸਮਾਗਮ ਬੇਰ ਸਾਹਿਬ ਗੁਰਦੁਆਰੇ ਦੇ ਅੰਦਰ ਲੱਗੀ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਹੀ ਹੋਣਗੇ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਵੀ ਪਾਰਟੀਆਂ ਦੇ ਆਗੂ ਜੇਕਰ ਸਮਾਗਮ ਵਿੱਚ ਆਉਂਦੇ ਹਨ ਤਾਂ ਉਹ ਸੰਗਤ ਵਿੱਚ ਬੈਠ ਕੇ ਸਮਾਗਮ ਦੀਆ ਰੌਣਕਾਂ ਵਧਾਉਣ।
ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਸਮੇਂ ਸਟੇਜ ਲਗਾਈ ਜਾ ਰਹੀ ਹੈ, ਜਿਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦੇ ਹਨ ਤੇ ਨਾਲ ਹੀ ਹਦਾਇਤ ਵੀ ਕਰਦੇ ਹਨ ਕਿ ਉਹ ਸਾਰੀਆਂ ਧਿਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ।
ਇਸੇ ਤਰ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾ ਕਿਹਾ ਕਿ ਕੁਝ ਬੁਲਾਰਿਆਂ ਨੇ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਠੀਕ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਜਿਸ ਲਈ ਅਗਲੇ ਚਾਰ-ਪੰਜ ਦਿਨਾਂ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ, ਜਿਹੜੀ ਭਾਈ ਢੱਡਰੀਆਂ ਵਾਲੇ ਨਾਲ ਵਾਰਤਾਲਾਪ ਕੈਮਰੇ ਦੀ ਅੱਖ ਅੱਗੇ ਕਰੇਗੀ ਤੇ ਉਸ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਸਟੇਜ 'ਤੇ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਸਾਹਿਬਾਨ ਆਉਂਦੇ ਹਨ ਤਾਂ ਉਹਨਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ, ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਹਨਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੁਆਰਾ ਪੁੱਜੀਆਂ ਦਰਖਾਸਤਾਂ 'ਤੇ ਕਾਰਵਾਈ ਹਾਲੇ ਨਹੀਂ ਕੀਤੀ ਜਾਵੇਗੀ ਤੇ ਦੁਬਿਧਾ ਵਾਲੇ ਮਸਲੇ ਵੀ ਸੰਗਤਾਂ ਦੀ ਰਾਇ ਲੈ ਕੇ ਹੀ ਹੱਲ ਕੀਤੇ ਜਾਣਗੇ। ਉਹਨਾ ਕਿਹਾ ਕਿ ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਜਿਹੜੇ ਇਲੈਕਟਰੋਨਿਕ ਘੁੰਮਣ ਵਾਲੇ ਚੰਦੋਏ ਲਗਾਏ ਜਾਂਦੇ ਹਨ, ਉਹ ਨਾ ਲਗਾਏ ਜਾਣ ਤੇ ਸਧਾਰਨ ਜਿਸ ਤਰ੍ਹਾਂ ਪਹਿਲਾਂ ਚੰਦੋਏ ਲਗਾਏ ਜਾਂਦੇ ਸਨ, ਉਸੇ ਤਰ੍ਹਾਂ ਹੀ ਲਗਾਏ ਜਾਣ। ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਸਖਤ ਮਨਾਹੀ ਹੈ ਤੇ ਬਜ਼ਾਰਾਂ ਵਿੱਚ ਜਿਹੜੀਆ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਵਿਕਦੀਆ ਹਨ, ਉਹਨਾਂ 'ਤੇ ਰੋਕ ਲਗਾਈ ਜਾਂਦੀ ਹੈ। ਗੁਰੂ ਘਰਾਂ ਵਿੱਚ ਵੀ ਗੁਰੂ ਸਾਹਿਬਾਨ ਦੀਆ ਮੂਰਤੀਆਂ ਨਾ ਸਥਾਪਤ ਕੀਤੀਆਂ ਜਾਣ ਅਤੇ ਨਾਲ ਇਹ ਵੀ ਆਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਜਿਹੜੀਆਂ ਮੂਰਤੀਆਂ ਪਹਿਲਾਂ ਲੱਗੀਆਂ ਹਨ, ਉਹਨਾਂ ਨੂੰ ਤੋੜਣ ਦੀ ਕਾਰਵਾਈ ਵੀ ਸ਼ੁਰੂ ਨਹੀਂ ਕਰ ਦੇਣੀ ਚਾਹੀਦੀ, ਸਗੋਂ ਉਹਨਾਂ ਬਾਰੇ ਵੀ ਅਗਲੇ ਆਦੇਸ਼ ਦੀ ਉਡੀਕ ਕੀਤੀ ਜਾਵੇ। ਜਥੇਦਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਜੈਕਾਰਿਆ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਮੌਕੇ ਹਾਜ਼ਰ ਸਨ।

474 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper