Latest News
ਔਰਤਾਂ ਵਿਰੁੱਧ ਅਪਰਾਧਾਂ 'ਚ ਹਰਿਆਣਾ ਅੱਵਲ

Published on 22 Oct, 2019 11:21 AM.


'ਬਹੁਤ ਹੂਆ ਨਾਰੀ ਪੇ ਵਾਰ, ਅਬ ਕੀ ਵਾਰ ਮੋਦੀ ਸਰਕਾਰ' ਦਾ ਨਾਅਰਾ ਭਾਜਪਾ ਵੱਲੋਂ 2014 ਵਿੱਚ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਦੀ ਚੋਣ ਮੁਹਿੰਮ ਸਮੇਂ ਘੜਿਆ ਗਿਆ ਸੀ। ਉਸ ਸਮੇਂ ਦਿੱਲੀ ਵਿੱਚ ਵਾਪਰੇ ਨਿਰਭੈ ਕਾਂਡ ਤੋਂ ਸਾਰਾ ਦੇਸ਼ ਗੁੱਸੇ ਵਿੱਚ ਸੀ। ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਅਗਵਾਈ ਵਿੱਚ ਮਿਲੀ-ਜੁਲੀ ਸਰਕਾਰ ਹੋਂਦ ਵਿੱਚ ਆਈ ਸੀ। ਉਸ ਤੋਂ ਬਾਅਦ ਹਰਿਆਣੇ ਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਅਣਕਿਆਸੀ ਜਿੱਤ ਪ੍ਰਾਪਤ ਕੀਤੀ ਸੀ।
ਹਰਿਆਣਾ ਵਿੱਚ ਸਰਕਾਰ ਬਣ ਜਾਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਭਿਵਾਨੀ (ਹਰਿਆਣਾ) ਤੋਂ ਦੇਸ਼ ਭਰ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੀ ਮੁਹਿੰਮ ਦਾ ਸ੍ਰੀਗਣੇਸ਼ ਕੀਤਾ ਸੀ। ਹੁਣ ਕੌਮੀ ਅਪਰਾਧ ਬਿਊਰੋ ਨੇ ਔਰਤਾਂ ਵਿਰੁੱਧ ਅਪਰਾਧ ਦੇ ਜਿਹੜੇ ਅੰਕੜੇ ਪੇਸ਼ ਕੀਤੇ ਹਨ, ਉਹ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਔਰਤਾਂ ਅਤੇ ਬੱਚੀਆਂ ਵਿਰੁੱਧ ਅਪਰਾਧਾਂ ਵਿੱਚ ਦੇਸ਼ ਭਰ ਦੇ ਮਹਾਂਨਗਰਾਂ ਵਿੱਚੋਂ ਦਿੱਲੀ ਪਹਿਲੇ ਸਥਾਨ ਉੱਤੇ ਹੈ। ਯਾਦ ਰੱਖਣਯੋਗ ਹੈ ਕਿ ਦਿੱਲੀ ਪੁਲਸ ਦੀ ਵਾਗਡੋਰ ਕੇਂਦਰ ਦੇ ਗ੍ਰਹਿ ਵਿਭਾਗ ਦੇ ਹੱਥ ਵਿੱਚ ਹੈ। ਉੱਥੇ ਦੇਸ਼ ਦੇ ਸਭ ਰਾਜਾਂ ਵਿੱਚ ਔਰਤਾਂ ਨਾਲ ਸਮੂਹਿਕ ਬਲਾਤਕਾਰਾਂ ਦੇ ਮਾਮਲੇ ਵਿੱਚ ਹਰਿਆਣਾ ਅੱਵਲ ਰਿਹਾ ਹੈ।
ਹਰਿਆਣਾ ਪੁਲਸ ਦੇ ਔਰਤਾਂ ਵਿਰੁੱਧ ਅਪਰਾਧਾਂ ਸੰਬੰਧੀ ਸੈੱਲ ਦੇ ਅੰਕੜਿਆਂ ਮੁਤਾਬਕ ਇੱਕ ਜਨਵਰੀ 2017 ਤੋਂ 30 ਨਵੰਬਰ 2017 ਤੱਕ ਹਰਿਆਣੇ ਵਿੱਚ 1238 ਔਰਤਾਂ ਨਾਲ ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਇਸ ਦਾ ਮਤਲਬ ਹੈ ਕਿ ਰੋਜ਼ਾਨਾ ਘੱਟੋ-ਘੱਟ 4 ਔਰਤਾਂ ਨਾਲ ਬਲਾਤਕਾਰ ਹੁੰਦਾ ਰਿਹਾ। ਹਰਿਆਣਾ ਪੁਲਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਔਰਤਾਂ ਵਿਰੁੱਧ ਅਪਰਾਧ ਦੇ ਕੁਲ 9523 ਕੇਸ ਦਰਜ ਹੋਏ ਸਨ। ਇਨ੍ਹਾਂ ਵਿੱਚੋਂ ਬਲਾਤਕਾਰ ਤੇ ਛੇੜਛਾੜ ਦੇ ਕੇਸਾਂ ਨੂੰ ਕੱਢ ਲਿਆ ਜਾਵੇ ਤਾਂ ਔਰਤਾਂ ਤੇ ਲੜਕੀਆਂ ਨੂੰ ਅਗਵਾ ਕਰਨ ਦੇ 2432 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਵੱਖਰੇ ਤੌਰ ਉੱਤੇ 3010 ਔਰਤਾਂ ਦਾਜ ਦੀ ਲਾਹਨਤ ਦਾ ਸ਼ਿਕਾਰ ਹੋਈਆਂ ਸਨ।
ਅਪਰਾਧ ਬਿਊਰੋ ਦੀ ਰਿਪੋਰਟ ਮੁਤਾਬਕ 2016 ਦੌਰਾਨ ਹਰਿਆਣੇ ਵਿੱਚ ਸਮੂਹਿਕ ਬਲਾਤਕਾਰ ਦੇ 191 ਕੇਸ ਦਰਜ ਕੀਤੇ ਗਏ, ਜੋ ਦੇਸ਼ ਦੇ ਵੱਡੇ ਰਾਜਾਂ ਉੱਤਰ ਪ੍ਰਦੇਸ਼, ਰਾਜਸਥਾਨ, ਬੰਗਾਲ ਤੇ ਮੱਧ ਪ੍ਰਦੇਸ਼ ਤੋਂ ਵੀ ਵੱਧ ਹਨ। ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦੇ ਸਵਾਲ ਉੱਤੇ ਨਾ ਕੇਂਦਰ ਦੀ ਸਰਕਾਰ ਗੰਭੀਰ ਹੈ ਨਾ ਰਾਜ ਸਰਕਾਰਾਂ। ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀਆਂ ਨਾਲ ਜੁੜੇ ਆਗੂਆਂ ਉੱਤੇ ਹੀ ਬਲਾਤਕਾਰ ਦੇ ਕੇਸ ਦਰਜ ਹੋਏ ਹਨ। ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਆਖਰ ਨਿਆਂਪਾਲਿਕਾ ਦੇ ਦਖ਼ਲ ਦੇਣ ਉੱਤੇ ਹੀ ਇਨ੍ਹਾਂ ਬਲਾਤਕਾਰੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾ ਸਕਿਆ। ਹਰ ਪੱਧਰ ਉੱਤੇ ਹਾਕਮ ਧਿਰ ਦੇ ਆਗੂਆਂ ਦੀ ਸੋਚ ਵਿੱਚੋਂ ਔਰਤਾਂ ਵਿਰੁੱਧ ਮਨੂੰਵਾਦ ਦਾ ਝਲਕਾਰਾ ਮਿਲਦਾ ਹੈ। ਇਸ ਲਈ ਕਿਸੇ ਨੂੰ ਇਸ ਗੱਲ ਵਿੱਚ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਮਨੂੰਵਾਦੀ ਵਿਚਾਰਧਾਰਾ ਦੇ ਅਨੁਯਾਈ ਸੱਤਾਧਾਰੀਆਂ ਦੇ ਰਾਜ ਵਿੱਚ ਔਰਤਾਂ, ਦਲਿਤ ਤੇ ਘੱਟ ਗਿਣਤੀਆਂ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦੇ। ਆਪਣੀ ਸੁਰੱਖਿਆ ਲਈ ਇਨ੍ਹਾਂ ਸਭ ਧਿਰਾਂ ਨੂੰ ਜਮਹੂਰੀਅਤਪਸੰਦ ਤਾਕਤਾਂ ਨਾਲ ਮਿਲ ਕੇ ਇੱਕ ਲੰਮਾ ਸੰਘਰਸ਼ ਲੜਨਾ ਪਵੇਗਾ।

746 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper