Latest News
ਕਸ਼ਮੀਰ ਬਾਰੇ ਭਾਰਤ ਦੀ ਨੁਕਤਾਚੀਨੀ ਤੋਂ ਪਿੱਛੇ ਨਹੀਂ ਹਟਾਂਗਾ : ਮਹਾਤੀਰ

Published on 22 Oct, 2019 11:31 AM.


ਕੁਆਲਾਲੰਪੁਰ : ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨੇ ਮੰਗਲਵਾਰ ਕਿਹਾ ਕਿ ਭਾਰਤੀ ਵਪਾਰੀਆਂ ਵੱਲੋਂ ਮਲੇਸ਼ੀਆ ਦੇ ਪਾਮ ਆਇਲ ਦੇ ਬਾਈਕਾਟ ਦੇ ਸੱਦੇ ਦੇ ਬਾਵਜੂਦ ਉਹ ਝਗੜੇ ਵਾਲੇ ਕਸ਼ਮੀਰ ਦੇ ਸੰਬੰਧ ਵਿਚ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦੀ ਨੁਕਤਾਚੀਨੀ ਤੋਂ ਪਿੱਛੇ ਨਹੀਂ ਹਟਣਗੇ।
ਮਲੇਸ਼ੀਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪਾਮ ਆਇਲ ਉਤਪਾਦਕ ਤੇ ਬਰਾਮਦਕਾਰ ਹੈ। ਭਾਰਤ ਨੇ ਇਸ ਸਾਲ ਉਸ ਤੋਂ ਸਭ ਤੋਂ ਵੱਧ ਤੇਲ ਖਰੀਦਿਆ ਹੈ। ਮਹਾਤੀਰ ਮੁਤਾਬਕ ਤੇਲ ਦਰਾਮਦ ਨਾ ਕਰਨ ਦੀ ਕਾਰਵਾਈ ਵਪਾਰਕ ਜੰਗ ਦਾ ਰੂਪ ਲੈ ਸਕਦੀ ਹੈ। ਭਾਰਤ ਦੀ ਖਾਣ ਵਾਲੇ ਤੇਲ ਦਾ ਵਪਾਰ ਕਰਨ ਵਾਲੀ ਸਰਬਉਚ ਬਾਡੀ ਨੇ ਸੋਮਵਾਰ ਆਪਣੇ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਮਹਾਤੀਰ ਵੱਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਭਾਰਤ ਵੱਲੋਂ ਕਸ਼ਮੀਰ 'ਤੇ ਹਮਲਾ ਕਰਕੇ ਕਬਜ਼ਾ ਕਰਨ ਦੀ ਕਹੀ ਗੱਲ ਕਾਰਨ ਮਲੇਸ਼ੀਆ ਤੋਂ ਪਾਮ ਆਇਲ ਖਰੀਦਣਾ ਬੰਦ ਕਰ ਦੇਣ।
ਮਹਾਤੀਰ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਮਨ ਦੀ ਗੱਲ ਕਹਿੰਦੇ ਹਾਂ ਅਤੇ ਅਸੀਂ ਪਿੱਛੇ ਨਹੀਂ ਹਟਦੇ ਤੇ ਬਦਲਦੇ ਨਹੀਂ। ਅਸੀਂ ਕਹਿ ਰਹੇ ਹਾਂ ਕਿ ਸਾਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਪਾਬੰਦ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸੰਯੁਕਤ ਰਾਸ਼ਟਰ ਦਾ ਕੀ ਫਾਇਦਾ।'
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ 1948 ਤੇ 1950ਵਿਆਂ ਵਿਚ ਕਸ਼ਮੀਰ 'ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਝਗੜੇ 'ਤੇ ਕਈ ਮਤੇ ਪਾਸ ਕੀਤੇ ਸਨ। ਇਨ੍ਹਾਂ ਵਿਚੋਂ ਇਕ ਕਹਿੰਦਾ ਹੈ ਕਿ ਕਸ਼ਮੀਰ ਵਿਚ ਰਾਇਸ਼ੁਮਾਰੀ ਕਰਵਾਈ ਜਾਵੇ ਕਿ ਉਥੋਂ ਦੇ ਲੋਕ ਕੀ ਚਾਹੁੰਦੇ ਹਨ।
ਮਹਾਤੀਰ ਨੇ ਕਿਹਾ ਕਿ ਮਲੇਸ਼ੀਆ ਮੁੰਬਈ ਅਧਾਰਤ ਸਾਲਵੈਂਟ ਐਕਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਦਿੱਤੇ ਬਾਈਕਾਟ ਦੇ ਅਸਰ ਦਾ ਅਧਿਐਨ ਕਰੇਗਾ ਅਤੇ ਫਿਰ ਕੋਈ ਫੈਸਲਾ ਲਵੇਗਾ। ਭਾਰਤ ਸਰਕਾਰ ਨੇ ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ। ਮਹਾਤੀਰ ਨੇ ਕਿਹਾ, 'ਇਹ ਭਾਰਤ ਸਰਕਾਰ ਦਾ ਫੈਸਲਾ ਨਹੀਂ, ਇਸ ਕਰਕੇ ਅਸੀਂ ਪਤਾ ਲਾਵਾਂਗੇ ਕਿ ਇਨ੍ਹਾਂ ਲੋਕਾਂ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ। ਵਪਾਰ ਦੋਤਰਫਾ ਵਰਤਾਰਾ ਹੈ ਤੇ ਵਪਾਰਕ ਜੰਗ ਮਾੜੀ ਗੱਲ ਹੈ।'
ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਭਾਰਤ ਨੇ 31 ਮਾਰਚ ਨੂੰ ਖਤਮ ਹੋਏ ਮਾਲੀ ਸਾਲ ਵਿਚ ਮਲੇਸ਼ੀਆ ਨੂੰ 10.8 ਅਰਬ ਡਾਲਰ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਸਨ ਤੇ 6.4 ਅਰਬ ਡਾਲਰ ਦੀਆਂ ਦਰਾਮਦ ਕੀਤੀਆਂ ਸਨ। ਮਲੇਸ਼ੀਆ ਨੇ 2018 ਵਿਚ ਭਾਰਤ ਨੂੰ 1.63 ਅਰਬ ਡਾਲਰ ਦਾ ਪਾਮ ਆਇਲ ਤੇ ਉਸ ਦੇ ਉਤਪਾਦ ਬਰਾਮਦ ਕੀਤੇ ਸਨ। ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਸੀ, ਜਿਸ ਨੇ ਉਸ ਤੋਂ ਇਹ ਮਾਲ ਖਰੀਦਿਆ।

260 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper