Latest News
ਟਰੂਡੋ ਸੱਤਾ ਬਚਾਉਣ 'ਚ ਕਾਮਯਾਬ

Published on 22 Oct, 2019 11:36 AM.


ਓਟਾਵਾ : ਕੈਨੇਡਾ ਦੇ 47 ਸਾਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਮ ਚੋਣਾਂ ਦੇ ਗਹਿਗਚ ਮੁਕਾਬਲੇ ਵਿਚ ਸੱਤਾ ਬਚਾਉਣ ਵਿਚ ਕਾਮਯਾਬ ਰਹੀ, ਹਾਲਾਂਕਿ ਨਵੀਂ ਸਰਕਾਰ ਕਮਜ਼ੋਰ ਘੱਟ ਗਿਣਤੀ ਸਰਕਾਰ ਹੋਵੇਗੀ। 338 ਮੈਂਬਰੀ ਸੰਸਦ ਲਈ ਲਿਬਰਲ 157 ਹਲਕਿਆਂ ਵਿਚ ਜੇਤੂ ਰਹੇ। ਮੁੱਖ ਵਿਰੋਧੀ ਐਂਡਰਿਊ ਸ਼ੀਰ ਦੀ ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ, ਬਲਾਕ ਕੁਏਬੇਕੋਇਸ ਨੇ 32, ਜਗਮੀਤ ਸਿੰਘ ਦੀ ਨਿਊ ਡੈਮੋਕਰੇਟਿਕ ਪਾਰਟੀ (ਐੱਨ ਡੀ ਪੀ) ਨੇ 24, ਗਰੀਨ ਪਾਰਟੀ ਨੇ 3 ਸੀਟਾਂ ਜਿੱਤੀਆਂ। ਇਕ ਆਜ਼ਾਦ ਵੀ ਕਾਮਯਾਬ ਰਿਹਾ। ਟਰੂਡੋ ਨੂੰ ਬਹੁਮਤ ਲਈ 13 ਹੋਰ ਸੀਟਾਂ ਦੀ ਲੋੜ ਹੈ। ਉਸ ਨੂੰ ਖੱਬੀ ਸੋਚ ਵਾਲੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਲੈਣੀ ਪੈਣੀ ਹੈ। 'ਟੋਰਾਂਟੋ ਸਟਾਰ' ਅਖਬਾਰ ਮੁਤਾਬਕ ਖੱਬੀ ਸੋਚ ਵਾਲੇ ਜਗਮੀਤ ਸਿੰਘ ਦੀ ਐੱਨ ਡੀ ਪੀ ਕਿੰਗਮੇਕਰ ਬਣ ਸਕਦੀ ਹੈ। ਹਾਲਾਂਕਿ ਐੱਨ ਡੀ ਪੀ ਨੂੰ ਕਾਫੀ ਨੁਕਸਾਨ ਹੋਇਆ ਹੈ। 2015 ਦੀਆਂ ਚੋਣਾਂ ਵਿਚ ਉਸ ਨੇ 44 ਸੀਟਾਂ ਜਿੱਤੀਆਂ ਸਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਜਗਮੀਤ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਸੰਸਦ ਵਿਚ ਉਸਾਰੂ ਤੇ ਹਾਂ-ਪੱਖੀ ਰੋਲ ਨਿਭਾਏਗੀ। ਬਲਾਕ ਕੁਏਬੇਕੋਇਸ ਦੇ ਆਗੂ ਨੇ ਸਰਕਾਰ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਗਰੀਨ ਪਾਰਟੀ ਨੇ ਵੀ ਆਪੋਜ਼ੀਸ਼ਨ ਬੈਂਚਾਂ 'ਤੇ ਬੈਠਣ ਦੀ ਗੱਲ ਕਹੀ ਹੈ।
ਨਿਊ ਡੈਮੋਕਰੇਟਿਕ ਪਾਰਟੀ ਦੇ ਪਹਿਲੇ ਗੈਰ-ਗੋਰੇ ਪ੍ਰਧਾਨ ਜਗਮੀਤ ਸਿੰਘ ਓਂਟਾਰੀਓ ਦੇ ਬਰਨਬੀ ਸਾਊਥ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹੇ ਹਨ। ਖੋਜ, ਵਿਗਿਆਨ ਤੇ ਆਰਥਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਮਿਸੀਗਾਗਾ-ਮਾਲਟਨ ਤੋਂ ਫਿਰ ਜਿੱਤ ਗਏ ਹਨ। ਟੋਰਾਂਟੋ ਦੇ ਜੰਮਪਲ ਬੈਂਸ ਟਰੂਡੋ ਸਰਕਾਰ 'ਚ ਚੌਥੇ ਸ਼ਕਤੀਸ਼ਾਲੀ ਮੰਤਰੀ ਮੰਨੇ ਜਾਂਦੇ ਸਨ।
ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਫਿਰ ਜੇਤੂ ਰਹੇ। ਉਨ੍ਹਾ ਨੂੰ ਇਕ ਲੱਖ 14 ਹਜ਼ਾਰ 605 ਵਿਚੋਂ 45 ਫੀਸਦੀ ਵੋਟਾਂ ਮਿਲੀਆਂ। ਉਨ੍ਹਾ ਦਾ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ, ਨਿਊ ਡੈਮੋਕਰੇਟਿਕ ਪਾਰਟੀ ਦੇ ਹਰਜੀਤ ਸਿੰਘ ਗਿੱਲ, ਗਰੀਨ ਪਾਰਟੀ ਦੇ ਰਬਾਬ ਖਹਿਰਾ ਤੇ ਪੀਪਲਜ਼ ਪਾਰਟੀ ਦੇ ਹੋਲੀ ਵਰਚੇਰੇ ਨਾਲ ਸੀ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper