Latest News
ਕੇਂਦਰ ਇਹ ਸਮਝਣ ਦੀ ਗਲਤੀ ਨਾ ਕਰ ਲਵੇ ਕਿ ਕਸ਼ਮੀਰੀਆਂ ਨੇ ਭਾਣਾ ਮੰਨ ਲਿਆ : ਤਾਰੀਗਾਮੀ

Published on 23 Oct, 2019 11:33 AM.


ਨਵੀਂ ਦਿੱਲੀ : ਕਸ਼ਮੀਰੀ ਸਿਆਸਤਦਾਨ ਯੂਸੁਫ ਤਾਰੀਗਾਮੀ ਨੇ ਕਿਹਾ ਹੈ ਕਿ ਸਰਕਾਰ ਕਸ਼ਮੀਰ ਦੀ ਖਾਮੋਸ਼ੀ ਨੂੰ ਇਹ ਸਮਝਣ ਦੀ ਗਲਤੀ ਨਾ ਕਰ ਲਵੇ ਕਿ ਉਸ ਵੱਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਕੀਤੀ ਗਈ ਬੇਇੱਜ਼ਤੀ ਨੂੰ ਕਸ਼ਮੀਰੀਆਂ ਨੇ ਪ੍ਰਵਾਨ ਕਰ ਲਿਆ ਹੈ। ਉਨ੍ਹਾ ਕਿਹਾ, ''ਤੁਸੀਂ ਤਿਹਾੜ ਜੇਲ੍ਹ ਵਿਚ ਕਿੰਨੇ ਪ੍ਰੋਟੈਸਟ ਹੁੰਦੇ ਦੇਖੇ ਹਨ।''
ਸੀ ਪੀ ਆਈ (ਐੱਮ) ਆਗੂ ਨੇ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਏਮਜ਼ ਵਿਚ ਚੈੱਕਅਪ ਕਰਾਉਣ ਲਈ 'ਮੈਡੀਕਲ ਵੀਜ਼ਾ' ਉੱਤੇ ਦਿੱਲੀ ਆਏ ਹਨ। ਕੇਂਦਰ ਦੇ ਫੈਸਲੇ ਵਿਰੁੱਧ ਕਸ਼ਮੀਰ ਵਿਚ ਪ੍ਰੋਟੈਸਟ ਨਾ ਹੋਣ ਸੰਬੰਧੀ ਸਵਾਲ ਦੇ ਜਵਾਬ ਵਿਚ ਉਲਟਾ ਸਵਾਲ ਕਰਦਿਆਂ ਤਾਰੀਗਾਮੀ ਨੇ ਕਿਹਾ, ''ਤੁਸੀਂ ਤਿਹਾੜ ਜੇਲ੍ਹ ਵਿਚ ਕਿੰਨੇ ਪ੍ਰੋਟੈਸਟ ਦੇਖੇ ਹਨ?'' ਉਨ੍ਹਾ ਕਿਹਾ ਕਿ ਵਾਦੀ ਨੂੰ ਜੇਲ੍ਹ ਵਿਚ ਬਦਲ ਦਿੱਤਾ ਗਿਆ ਹੈ। ਬਹੁਤੇ ਹੋਟਲ ਤੇ ਗੈੱਸਟ ਹਾਊਸ ਬੰਦੀਆਂ ਨੂੰ ਰੱਖਣ ਲਈ ਵਰਤੇ ਜਾ ਰਹੇ ਹਨ। ਸਰਕਾਰ ਅਕਸਰ ਕਹਿੰਦੀ ਹੈ ਕਿ ਪ੍ਰੋਟੈਸਟ ਨਾ ਹੋਣਾ ਦਰਸਾਉਂਦਾ ਹੈ ਕਿ ਲੋਕਾਂ ਨੇ ਜ਼ਮੀਨ 'ਤੇ ਹੋਈ ਤਬਦੀਲੀ ਨੂੰ ਤਸਲੀਮ ਕਰ ਲਿਆ ਹੈ।
ਇਹ ਪੁੱਛੇ ਜਾਣ 'ਤੇ ਕਿ ਸਿਵਲ ਨਾਫਰਮਾਨੀ ਕਿੰਨਾ ਚਿਰ ਜਾਰੀ ਰਹੇਗੀ। ਉਨ੍ਹਾ ਕਿਹਾ, ''ਕੀ ਤੁਸੀਂ ਤ੍ਰਾਸਦੀ ਨਾਲ ਦੋ-ਚਾਰ ਹੋਣ ਵਾਲੇ ਨੂੰ ਪੁੱਛਦੇ ਹੋ ਕਿ ਹੰਝੂ ਕਿੰਨਾ ਚਿਰ ਵਹਿੰਦੇ ਰਹਿਣਗੇ?'' ਸਮੁੱਚੇ ਲੋਕ ਨਾ ਸਿਰਫ ਖੁਦ ਨੂੰ ਠੱਗਿਆ ਸਮਝ ਰਹੇ ਹਨ, ਸਗੋਂ ਬੇਇੱਜ਼ਤ ਹੋਏ ਵੀ ਮਹਿਸੂਸ ਕਰ ਰਹੇ ਹਨ। ਵਾਦੀ ਵਿਚ ਸਿਵਲ ਨਾਫਰਮਾਨੀ ਵੀ ਪ੍ਰੋਟੈਸਟ ਦੀ ਇਕ ਸ਼ਕਲ ਹੀ ਹੈ। ਲੋਕਾਂ ਨੂੰ ਜਥੇਬੰਦ ਨਹੀਂ ਕੀਤਾ ਗਿਆ, ਪਰ ਜੋ ਨਜ਼ਰ ਆ ਰਿਹਾ ਹੈ, ਉਹ ਲੋਕਾਂ ਦੇ ਜਜ਼ਬਾਤ ਦਾ ਪ੍ਰਗਟਾਵਾ ਹੀ ਹੈ। ਖਾਮੋਸ਼ੀ ਦੇ ਹਿੰਸਾ ਨੂੰ ਰਾਹ ਦੇਣ ਦੀ ਸੰਭਾਵਨਾ ਬਾਰੇ ਉਨ੍ਹਾ ਕਿਹਾ, ''ਅਸੀਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਉਹ ਸਾਨੂੰ ਨਖੇੜਨ ਦੇ ਜਾਲ ਵਿਚ ਨਾ ਫਸ ਜਾਣ।''
ਆਪੋਜ਼ੀਸ਼ਨ ਵੱਲੋਂ ਹਾਲੀਆ ਇਤਿਹਾਸ ਦੀ ਸਭ ਤੋਂ ਔਖੀ ਘੜੀ ਵਿਚ ਕਸ਼ਮੀਰੀਆਂ ਨੂੰ ਲਾਵਾਰਸ ਛੱਡ ਦੇਣ 'ਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਚਾਰ ਵਾਰ ਵਿਧਾਇਕ ਰਹੇ ਤਾਰੀਗਾਮੀ ਨੇ ਕਿਹਾ, ''ਅਸੀਂ ਪਹਿਲਾਂ ਵੀ ਉਥਲ-ਪੁਥਲ ਦੇਖ ਚੁੱਕੇ ਹਾਂ, ਕਾਫੀ ਹਿੰਸਾ ਤੇ ਤਬਾਹੀ ਦੇਖੀ ਹੈ ਪਰ ਮੌਜੂਦਾ ਹਾਲਾਤ ਅਲਹਿਦਾ ਹਨ।'' ਉਨ੍ਹਾ ਕਿਹਾ ਕਿ ਪਹਿਲੇ ਵਖਰੇਵਿਆਂ ਦੇ ਬਾਵਜੂਦ ਹੁਣ ਹਰ ਕੋਈ ਠੱਗਿਆ ਮਹਿਸੂਸ ਕਰ ਰਿਹਾ ਹੈ। ਜਿਹੜੇ ਗੋਲੀਆਂ ਦੇ ਬਾਵਜੂਦ ਦੇਸ਼ ਦੀ ਏਕਤਾ ਲਈ ਖੜ੍ਹੇ, ਜਿਹੜੇ ਮੁੱਖ ਧਾਰਾ ਤੋਂ ਦੂਰ ਰਹੇ ਅਤੇ ਆਮ ਲੋਕ, ਸਭ ਦੇ ਸਭ ਠੱਗੇ ਗਏ ਮਹਿਸੂਸ ਕਰਦੇ ਹਨ। ਇਹਦੇ ਵਿਚ ਹੀ ਖਤਰਾ ਲੁਕਿਆ ਹੋਇਆ ਹੈ। ਜੇ ਬਾਕੀ ਭਾਰਤ ਦੇ ਜਮਹੂਰੀ ਲੋਕਾਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਨਤੀਜੇ ਗੰਭੀਰ ਨਿਕਲਣਗੇ।

334 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper