Latest News
ਮੋਦੀ-ਸ਼ਾਹ ਦੀ ਜੋੜੀ 'ਤੇ ਸਟਰਾਈਕ

Published on 24 Oct, 2019 10:42 AM.


ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਮੁੜ ਸਰਕਾਰ ਬਣਾਉਣ ਦੀ ਸਥਿਤੀ ਵਿਚ ਹੈ, ਪਰ ਹਰਿਆਣਾ ਵਿਚ 90 ਵਿਚੋਂ 75 ਤੋਂ ਵੱਧ ਸੀਟਾਂ ਜਿੱਤਣ ਦਾ ਨਿਸ਼ਾਨਾ ਮਿੱਥਣ ਵਾਲੀ ਭਾਜਪਾ ਦਾ ਗੱਡਾ ਫਸ ਗਿਆ। ਭਾਜਪਾ 32 ਸੀਟਾਂ ਜਿੱਤ ਚੁੱਕੀ ਸੀ ਤੇ 8 ਸੀਟਾਂ 'ਤੇ ਅੱਗੇ ਸੀ। ਜ਼ਬਰਦਸਤ ਵਾਪਸੀ ਕਰਨ ਵਾਲੀ ਕਾਂਗਰਸ 26 ਸੀਟਾਂ ਜਿੱਤ ਚੁੱਕੀ ਸੀ ਤੇ 5 ਸੀਟਾਂ 'ਤੇ ਅੱਗੇ ਸੀ। ਨਵੀਂ ਸਰਕਾਰ ਦਾ ਪਾਸਕੂ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਤੇ ਅਜ਼ਾਦਾਂ ਦੇ ਹੱਥ ਵਿਚ ਆ ਗਿਆ ਹੈ।
ਜਨਨਾਇਕ ਜਨਤਾ ਪਾਰਟੀ 10 ਸੀਟਾਂ 'ਤੇ ਸਫਲ ਰਹੀ ਹੈ। ਇਨੈਲੋ ਦੇ ਅਭੈ ਸਿੰਘ ਚੌਟਾਲਾ ਐਲਨਾਬਾਦ ਤੇ ਅੱੈਚ ਐੱਲ ਪੀ ਦੇ ਗੋਪਾਲ ਕੰਡਾ ਸਿਰਸਾ ਤੋਂ ਜੇਤੂ ਰਹੇ ਹਨ, ਜਦਕਿ ਆਜ਼ਾਦ 7 ਸੀਟਾਂ ਲੈ ਗਏ। ਮਨੋਹਰ ਲਾਲ ਖੱਟਰ ਸਰਕਾਰ ਦੇ ਕਈ ਮੰਤਰੀ ਚੋਣ ਹਾਰ ਗਏ ਹਨ। ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਮਿਲ ਕੇ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ।
288 ਮੈਂਬਰੀ ਮਹਾਰਾਸ਼ਟਰ ਅਸੰਬਲੀ ਲਈ ਭਾਜਪਾ 99 ਸੀਟਾਂ ਅਤੇ ਉਸ ਦੀ ਇਤਿਹਾਦੀ ਸ਼ਿਵ ਸੈਨਾ 57 ਸੀਟਾਂ 'ਤੇ ਅੱਗੇ ਚੱਲ ਰਹੀ ਸੀ। ਸ਼ਰਦ ਪਵਾਰ ਦੀ ਐੱਨ ਸੀ ਪੀ 55 ਅਤੇ ਕਾਂਗਰਸ 44 ਸੀਟਾਂ 'ਤੇ ਅੱਗੇ ਸਨ। 2014 ਵਿਚ ਭਾਜਪਾ ਨੇ 122 ਤੇ ਸ਼ਿਵ ਸੈਨਾ ਨੇ 63 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ 42 ਤੇ ਐੱਨ ਸੀ ਪੀ ਨੇ 41 ਸੀਟਾਂ ਜਿੱਤੀਆਂ ਸਨ।
ਹਾਲਾਂਕਿ ਦੋਹਾਂ ਰਾਜਾਂ ਵਿਚ ਆਪੋਜ਼ੀਸ਼ਨ ਬਿਖਰੀ ਹੋਈ ਸੀ, ਪਰ ਲੋਕਾਂ ਨੇ ਖੁਦ ਕਮਾਨ ਸੰਭਾਲਦਿਆਂ ਮੋਦੀ-ਸ਼ਾਹ ਦੀ ਜੋੜੀ ਦੀ ਅਗਵਾਈ ਵਿਚ ਕੌਮਪ੍ਰਸਤੀ ਤੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਵਰਤ ਕੇ ਜਿੱਤ 'ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਨੂੰ ਝੰਜੋੜ ਦਿੱਤਾ। ਹਰਿਆਣਾ ਵਿਚ ਤਾਂ ਹੁੱਡਾ ਨੂੰ ਸੋਨੀਆ ਗਾਂਧੀ ਨੇ ਕਮਾਨ ਹੀ ਕੁਝ ਹਫਤੇ ਪਹਿਲਾਂ ਸੌਂਪੀ ਸੀ। ਭਾਜਪਾ ਨੇ ਹਿਮਾਚਲ ਦੀਆਂ ਧਰਮਸ਼ਾਲਾ ਤੇ ਪਛਾਡ ਸੀਟਾਂ ਜਿੱਤ ਲਈਆਂ। ਧਰਮਸ਼ਾਲਾ ਵਿਚ ਭਾਜਪਾ ਦੇ ਵਿਸ਼ਾਲ ਨਹਿਰੀਆ ਨੇ ਅਜ਼ਾਦ ਰਾਕੇਸ਼ ਕੁਮਾਰ ਨੂੰ 6673 ਵੋਟਾਂ ਨਾਲ ਹਰਾਇਆ। ਕਾਂਗਰਸ ਦੇ ਵਿਜੇ ਇੰਦਰ ਕਰਨ ਤੀਜੇ ਨੰਬਰ 'ਤੇ ਰਹੇ। ਨਹਿਰੀਆ ਨੂੰ 23397, ਰਾਕੇਸ਼ ਨੂੰ 16734 ਤੇ ਕਰਨ ਨੂੰ 8189 ਵੋਟਾਂ ਮਿਲੀਆਂ। ਪਛਾਡ ਵਿਚ ਭਾਜਪਾ ਦੀ ਰੀਨਾ ਕਸ਼ਯਪ ਨੇ ਕਾਂਗਰਸ ਦੇ ਸਾਬਕਾ ਮੰਤਰੀ ਗੰਗੂ ਰਾਮ ਮੁਸਾਫਿਰ ਨੂੰ 2742 ਵੋਟਾਂ ਨਾਲ ਹਰਾਇਆ। ਭਾਜਪਾ ਦੀ ਬਾਗੀ ਦਿਆਲ ਪਿਆਰੀ 11651 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ। ਇਹ ਸੀਟਾਂ ਭਾਜਪਾ ਦੇ ਕਿਸ਼ਨ ਕਪੂਰ ਤੇ ਸੁਰੇਸ਼ ਕਸ਼ਯਪ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈਆਂ ਸਨ। ਗੁਜਰਾਤ ਵਿਚ 6 ਵਿਚੋਂ 3 ਸੀਟਾਂ ਦੀ ਜਿੱਤ ਕਾਂਗਰਸ ਲਈ ਸੰਜੀਵਨੀ ਸਾਬਤ ਹੋ ਸਕਦੀ ਹੈ। ਇਸ ਦੇ ਦੋ ਵਿਧਾਇਕ ਅਲਪੇਸ਼ ਠਾਕੁਰ ਤੇ ਧਵਾਲ ਸਿੰਘ ਜ਼ਾਲਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸ ਕਰਕੇ ਜ਼ਿਮਨੀ ਚੋਣਾਂ ਕਰਾਉਣੀਆਂ ਪਈਆਂ। ਠਾਕੁਰ ਨੂੰ ਰਾਧਨਪੁਰ ਵਿਚ ਕਾਂਗਰਸ ਦੇ ਰਘੁ ਦੇਸਾਈ ਤੇ ਜ਼ਾਲਾ ਨੂੰ ਬਯਾੜ ਵਿਚ ਕਾਂਗਰਸ ਦੇ ਸ਼ਿਵ ਪਟੇਲ ਨੇ ਹਰਾ ਦਿੱਤਾ। ਬਿਹਾਰ ਦੇ ਸਮਸਤੀਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੋਕ ਜਨਸ਼ਕਤੀ ਦੇ ਪ੍ਰਿੰਸ ਰਾਜ ਨੇ ਕਾਂਗਰਸ ਦੇ ਅਸ਼ੋਕ ਕੁਮਾਰ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਲਈ। ਭਾਜਪਾ ਪੰਜ ਅਸੰਬਲੀ ਸੀਟਾਂ ਵਿਚੋਂ ਇਕ ਵੀ ਨਹੀਂ ਜਿੱਤ ਸਕੀ। ਯੂ ਪੀ ਦੇ ਰਾਮਪੁਰ ਹਲਕੇ ਵਿਚ ਆਜ਼ਮ ਖਾਨ ਦੀ ਪਤਨੀ ਤੇ ਸਪਾ ਉਮੀਦਵਾਰ ਤਾਜ਼ੀਨ ਫਾਤਮਾ ਚੋਣ ਜਿੱਤ ਗਈ। ਇਹ ਸੀਟ ਆਜ਼ਮ ਖਾਨ ਦੇ ਲੋਕ ਸਭਾ ਲਈ ਚੁਣੇ ਜਾਣ 'ਤੇ ਖਾਲੀ ਹੋਈ ਸੀ।

339 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper