Latest News
ਕਾਂਗਰਸ ਨੇ ਸੁਖਬੀਰ ਦਾ ਜਲਾਲਾਬਾਦ ਦਾ ਗੜ੍ਹ ਤੋੜਿਆ, ਫਗਵਾੜਾ ਸੀਟ ਭਾਜਪਾ ਤੋਂ ਖੋਹੀ

Published on 24 Oct, 2019 10:43 AM.


ਚੰਡੀਗੜ੍ਹ : ਕਾਂਗਰਸ ਪੰਜਾਬ ਵਿਚ ਚਾਰ ਵਿਚੋਂ ਤਿੰਨ ਅਸੰਬਲੀ ਸੀਟਾਂ ਜਿੱਤ ਕੇ ਚੰਗਾ ਪ੍ਰਦਰਸ਼ਨ ਕਰ ਗਈ। ਅਕਾਲੀ ਦਲ ਨੇ 'ਆਪ' ਦੇ ਐੱਚ ਐੱਸ ਫੂਲਕਾ ਦੇ ਅਸਤੀਫੇ ਨਾਲ ਖਾਲੀ ਹੋਈ ਦਾਖਾ ਸੀਟ ਜਿੱਤ ਲਈ, ਪਰ ਜਲਾਲਾਬਾਦ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜਲਾਲਾਬਾਦ ਵਿਚ ਕਾਂਗਰਸ ਦੇ ਰਮਿੰਦਰ ਆਵਲਾ ਤੇ ਦਾਖਾ ਵਿਚ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਜੇਤੂ ਰਹੇ। ਕਾਂਗਰਸ ਨੇ ਮੁਕੇਰੀਆਂ ਦੀ ਸੀਟ ਆਪਣੇ ਕੋਲ ਬਰਕਰਾਰ ਰੱਖਣ ਦੇ ਨਾਲ-ਨਾਲ ਫਗਵਾੜਾ ਦੀ ਸੀਟ ਭਾਜਪਾ ਤੋਂ ਖੋਹ ਲਈ। ਇਹ ਸੀਟ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਤੋਂ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈ ਸੀ। ਫਗਵਾੜਾ ਵਿਚ ਕਾਂਗਰਸ ਦੇ ਬਲਵਿੰਦਰ ਸਿੰਘ ਨੇ ਭਾਜਪਾ ਦੇ ਰਾਜੇਸ਼ ਬਾਘਾ ਨੂੰ 26116 ਵੋਟਾਂ ਨਾਲ ਹਰਾਇਆ।
ਮੁਕੇਰੀਆਂ ਵਿਚ ਕਾਂਗਰਸ ਦੀ ਇੰਦੂ ਬਾਲਾ 3430 ਵੋਟਾਂ ਨਾਲ ਜੇਤੂ ਰਹੀ। ਇਹ ਸੀਟ ਉਨ੍ਹਾ ਦੇ ਪਤੀ ਰਜਨੀਸ਼ ਬੱਬੀ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ।
ਜਲਾਲਾਬਾਦ (ਜੀਤ ਕੁਮਾਰ) : ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੇ ਰਮਿੰਦਰ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ 16633 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਨੇ 12 ਸਾਲ ਬਾਅਦ ਇਸ ਹਲਕੇ ਵਿਚ ਆਪਣੀ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਆਵਲਾ ਨੂੰ 76098 ਨੂੰ ਵੋਟਾਂ ਪਈਆਂ। ਅਕਾਲੀ ਦਲ ਦੇ ਰਾਜ ਸਿੰਘ ਡਿੱਬੀਪੁਰਾ ਨੂੰ 59465, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਨੂੰ 11301, ਅਜ਼ਾਦ ਜੋਗਿੰਦਰ ਸਿੰਘ ਨੂੰ 238, ਜਗਦੀਪ ਕੰਬੋਜ ਨੂੰ 5836, ਜੋਗਿੰਦਰ ਸਿੰਘ ਨੂੰ 209, ਰਾਜ ਸਿੰਘ ਨੂੰ 515 ਵੋਟਾਂ ਮਿਲੀਆਂ। 701 ਵੋਟਰਾਂ ਨੇ ਨੋਟਾ ਦੇ ਬਟਨ ਨੂੰ ਦਬਾਇਆ।
ਮੁੱਲਾਂਪੁਰ ਦਾਖਾ/ਲੁਧਿਆਣਾ (ਗੁਰਮੇਲ ਮੈਲਡੇ/ ਸਤੀਸ਼ ਸਚਦੇਵਾ) : ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 14672 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾ ਨੂੰ 66297 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਸੰਦੀਪ ਸਿੰਘ ਸੰਧੂ ਨੂੰ 51625 ਵੋਟਾਂ ਮਿਲੀਆਂ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ 8441 ਵੋਟਾਂ ਲੈ ਕੇ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ 2804 ਵੋਟਾਂ ਪ੍ਰਾਪਤ ਕਰਕੇ ਚੌਥੇ ਸਥਾਨ 'ਤੇ ਰਹੇ। ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਨੂੰ 340, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ ਨੂੰ 89, ਸ਼੍ਰੋਮਣੀ ਅਕਾਲੀ ਦਲ (ਅ) ਦੇ ਜੋਗਿੰਦਰ ਸਿੰਘ ਵੇਗਲ ਨੂੰ 256, ਆਜ਼ਾਦ ਉਮੀਦਵਾਰ ਹਰਬੰਸ ਸਿੰਘ ਜਲਾਲ ਨੂੰ 140, ਆਜ਼ਾਦ ਗੁਰਦੀਪ ਸਿੰਘ ਕਾਹਲੋਂ ਨੂੰ 226, ਆਜ਼ਾਦ ਜੈ ਪ੍ਰਕਾਸ਼ ਜੈਨ ਨੂੰ 535, ਆਜ਼ਾਦ ਬਲਦੇਵ ਸਿੰਘ ਨੂੰ 397 ਵੋਟਾਂ ਪ੍ਰਾਪਤ ਹੋਈਆਂ। 642 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।ਸੰਦੀਪ ਸੰਧੂ ਨੇ ਕਿਹਾ ਕਿ ਉਨ੍ਹਾ ਨੂੰ ਲੋਕਾਂ ਦਾ ਫਤਵਾ ਪ੍ਰਵਾਨ ਹੈ।

320 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper