Latest News
ਜੇ ਐਂਡ ਕੇ ਵਿੱਚ ਵੀ ਭਾਜਪਾ ਨੂੰ ਝਟਕਾ

Published on 25 Oct, 2019 11:30 AM.

ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੱਗੇ ਝਟਕੇ ਤੋਂ ਬਾਅਦ ਭਾਜਪਾ ਲਈ ਜੰਮੂ-ਕਸ਼ਮੀਰ ਵਿੱਚੋਂ ਵੀ ਬੁਰੀ ਖ਼ਬਰ ਆ ਗਈ ਹੈ। ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਬਾਅਦ 24 ਅਕਤੂਬਰ ਨੂੰ ਹੋਈਆਂ ਬਲਾਕ ਡਿਵੈੱਲਪਮੈਂਟ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਉਥੋਂ ਦੇ ਲੋਕ ਦੇਸ਼ ਵਿਚ ਰਾਜ ਕਰ ਰਹੀ ਭਾਜਪਾ ਬਾਰੇ ਕੀ ਸੋਚਦੇ ਹਨ। ਰਵਾਇਤੀ ਪਾਰਟੀਆਂ ਦੇ ਆਗੂਆਂ ਤੇ ਸਰਗਰਮ ਕਾਰਕੁਨਾਂ ਨੂੰ ਨਜ਼ਰਬੰਦ ਕਰਕੇ ਨਵੀਂ ਇਮਾਨਦਾਰ ਲੀਡਰਸ਼ਿਪ ਪੈਦਾ ਕਰਨ ਦੇ ਨਾਂਅ 'ਤੇ ਪੈਰ ਜਮਾਉਣ ਦੀ ਇਸ ਦੀ ਕੋਸ਼ਿਸ਼ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਕੁਲ 310 ਬਲਾਕ ਹਨ, ਜਿਨ੍ਹਾਂ ਦੇ ਚੇਅਰਪਰਸਨਾਂ ਦੀ ਚੋਣ ਸਰਪੰਚਾਂ ਤੇ ਪੰਚਾਂ ਵੱਲੋਂ ਕੀਤੀ ਜਾਣੀ ਸੀ। ਪਾਰਟੀ ਨਿਸ਼ਾਨ 'ਤੇ ਹੋਈਆਂ ਚੋਣਾਂ ਨੂੰ ਪੀ ਡੀ ਪੀ, ਨੈਸ਼ਨਲ ਕਾਨਫਰੰਸ ਤੇ ਕਾਂਗਰਸ ਵਰਗੀਆਂ ਮੁੱਖ ਪਾਰਟੀਆਂ ਨੇ ਛਲਾਵਾ ਦੱਸ ਕੇ ਇਨ੍ਹਾਂ ਦੀ ਤਰੀਕ ਮਿੱਥੇ ਜਾਣ ਦੇ ਨਾਲ ਹੀ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਫਿਰ ਵੀ ਭਾਜਪਾ ਤੋਂ ਇਲਾਵਾ ਪੈਂਥਰਜ਼ ਪਾਰਟੀ ਨੇ ਇਸ ਵਿਚ ਹਿੱਸਾ ਲਿਆ। ਬਾਕੀ ਉਮੀਦਵਾਰ ਆਜ਼ਾਦਾਂ ਵਜੋਂ ਲੜੇ।
ਵੋਟਾਂ ਪੈਣ ਵਾਲੇ ਦਿਨ ਹੀ ਵੀਰਵਾਰ ਨੂੰ ਆਏ ਨਤੀਜਿਆਂ ਮੁਤਾਬਕ ਭਾਜਪਾ ਹਿੰਦੂ ਬਹੁਗਿਣਤੀ ਵਾਲੇ ਜੰਮੂ ਇਲਾਕੇ ਵਿਚ 148 ਬਲਾਕਾਂ ਵਿਚੋਂ 53 ਵਿਚ ਹੀ ਆਪਣੇ ਚੇਅਰਪਰਸਨ ਜਿਤਵਾ ਸਕੀ। ਸਾਂਬਾ ਵਿਚ 9 ਵਿਚੋਂ 4, ਜੰਮੂ ਵਿਚ 20 ਵਿਚੋਂ 9, ਕਠੂਆ ਵਿਚ 19 ਵਿਚੋਂ 9, ਰਾਜੌਰੀ ਵਿਚ 19 ਵਿਚੋਂ 8, ਪੁਣਛ ਵਿਚ 11 ਵਿਚੋਂ 0, ਰਿਆਸੀ ਵਿਚ 12 ਵਿਚੋਂ 4, ਊਧਮਪੁਰ ਵਿਚ 17 ਵਿਚੋਂ 4, ਡੋਡਾ ਵਿਚ 17 ਵਿਚੋਂ 5, ਕਿਸ਼ਤਵਾੜ ਵਿਚ 13 ਵਿਚੋਂ 8 ਤੇ ਰਾਮਬਨ ਵਿਚ 11 ਵਿਚੋਂ 2 ਬਲਾਕਾਂ ਵਿਚ ਹੀ ਇਸ ਦੇ ਚੇਅਰਪਰਸਨ ਚੁਣੇ ਗਏ। ਊਧਮਪੁਰ ਵਿਚ ਪੈਂਥਰਜ਼ ਪਾਰਟੀ ਦੇ 8 ਚੇਅਰਪਰਸਨਾਂ ਨੂੰ ਛੱਡ ਕੇ ਬਾਕੀ ਥਾਈਂ ਆਜ਼ਾਦ ਹੀ ਸਫਲ ਰਹੇ। ਭਾਜਪਾ ਆਪਣੇ ਲੋਕ ਸਭਾ ਮੈਂਬਰ ਜੁਗਲ ਕਿਸ਼ੋਰ ਸ਼ਰਮਾ ਦੇ ਅਸੰਬਲੀ ਹਲਕੇ ਨਗਰੋਟਾ ਵਿਚ ਇਕ ਵੀ ਚੇਅਰਪਰਸਨ ਨਹੀਂ ਚੁਣਵਾ ਸਕੀ। ਇਸੇ ਤਰ੍ਹਾਂ ਇਸ ਦੇ ਸੂਬਾ ਪ੍ਰਧਾਨ ਰਵਿੰਦਰ ਰੈਣਾ ਦੇ ਜੱਦੀ ਬਲਾਕ ਲਾਂਬੜੀ ਵਿਚ ਇਸ ਦੇ ਤਿੰਨ ਉਮੀਦਵਾਰ ਜਿੱਤੇ ਤੇ ਤਿੰਨ ਆਜ਼ਾਦ ਕਾਮਯਾਬ ਹੋਏ। ਪੁਣਛ ਜ਼ਿਲ੍ਹੇ ਵਿਚ ਤਾਂ ਇਸ ਦਾ ਖਾਤਾ ਹੀ ਨਹੀਂ ਖੁੱਲ੍ਹਿਆ। 2014 ਵਿਚ ਡੋਡਾ ਜ਼ਿਲ੍ਹੇ ਦੀਆਂ ਦੋਨੋਂ ਅਸੰਬਲੀ ਸੀਟਾਂ ਇਸ ਨੇ ਜਿੱਤੀਆਂ ਸਨ, ਪਰ 17 ਬਲਾਕਾਂ ਵਿਚੋਂ 5 ਵਿਚ ਹੀ ਇਸ ਦੇ ਉਮੀਦਵਾਰ ਜਿੱਤੇ। ਕਸ਼ਮੀਰ ਦੇ 128 ਬਲਾਕਾਂ ਵਿਚੋਂ 18 ਵਿਚ ਹੀ ਇਸ ਦੇ ਉਮੀਦਵਾਰ ਜਿੱਤੇ। ਇਥੇ ਕਾਂਗਰਸ ਦਾ ਵੀ ਇਕ ਉਮੀਦਵਾਰ ਜਿੱਤਿਆ, ਜਦਕਿ ਬਾਕੀ 109 ਆਜ਼ਾਦ ਜਿੱਤੇ। ਇਸੇ ਤਰ੍ਹਾਂ ਲੱਦਾਖ ਦੇ 31 ਬਲਾਕਾਂ ਵਿਚ ਇਸ ਦੇ ਹੱਥ 11 ਹੀ ਲੱਗੇ ਤੇ ਬਾਕੀਆਂ ਵਿਚ ਆਜ਼ਾਦਾਂ ਦੀ ਝੰਡੀ ਰਹੀ।
ਹਾਲਾਂਕਿ ਮੁੱਖ ਪਾਰਟੀਆਂ ਨੇ ਬਾਈਕਾਟ ਕਰ ਰੱਖਿਆ ਸੀ, ਪਰ ਏਨੀ ਵੱਡੀ ਗਿਣਤੀ ਵਿਚ ਆਜ਼ਾਦਾਂ ਦੀ ਜਿੱਤ ਤੋਂ ਸਾਫ ਹੈ ਕਿ ਉਨ੍ਹਾਂ ਅਸਿੱਧੇ ਤੌਰ 'ਤੇ ਰੋਲ ਨਿਭਾਇਆ ਹੈ। ਇਸ ਤੋਂ ਉਨ੍ਹਾਂ ਦੀ ਅਹਿਮੀਅਤ ਦਾ ਵੀ ਪਤਾ ਲੱਗਦਾ ਹੈ, ਜਿਨ੍ਹਾਂ ਨਾਲ ਕੇਂਦਰ ਸਰਕਾਰ ਨੇ ਨਾ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵੇਲੇ ਕੋਈ ਗੱਲ ਕੀਤੀ ਤੇ ਨਾ ਅਜੇ ਕਰਨ ਨੂੰ ਤਿਆਰ ਹੈ। ਹਰਿਆਣਾ ਤੇ ਮਹਾਰਾਸ਼ਟਰ ਵਿਚ ਜ਼ਬਰਦਸਤ ਧੱਕਾ ਲੱਗਣ ਦੇ ਬਾਵਜੂਦ ਲੋਕਾਂ ਦਾ ਫਤਵਾ ਆਪਣੇ ਹੱਕ ਵਿਚ ਦੱਸਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ 'ਤੇ ਵੀ ਕਈ ਟਵੀਟ ਕਰਕੇ ਕਿਹਾ ਹੈ ਕਿ ਪੁਰਅਮਨ ਮਾਹੌਲ ਵਿਚ ਹੋਈਆਂ ਚੋਣਾਂ ਨਾਲ ਨਵੀਂ ਤੇ ਨੌਜਵਾਨ ਲੀਡਰਸ਼ਿਪ ਸਾਹਮਣੇ ਆਈ ਹੈ, ਜਿਹੜੀ ਆਉਣ ਵਾਲੇ ਸਮੇਂ ਵਿਚ ਕੌਮੀ ਪ੍ਰਗਤੀ ਵਿਚ ਅਹਿਮ ਰੋਲ ਨਿਭਾਏਗੀ। ਉਨ੍ਹਾ ਇਸ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਦੀ ਪ੍ਰੋੜ੍ਹਤਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਸ ਕਰਕੇ ਹੀ ਜੰਮੂ-ਕਸ਼ਮੀਰ ਦੇ ਲੋਕ ਅਸਾਧਾਰਨ ਉਤਸ਼ਾਹ ਨਾਲ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰ ਸਕੇ। ਹਕੀਕਤ ਵਿਚ ਭਾਜਪਾ ਸੰਗੀਨਾਂ ਦੇ ਸਾਏ ਹੇਠ ਚੋਣਾਂ ਕਰਵਾ ਕੇ ਇਹ ਦਿਖਾਉਣਾ ਚਾਹੁੰਦੀ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਧਾਰਾ 370 ਹਟਾਉਣ ਦੇ ਹੱਕ ਵਿੱਚ ਹਨ, ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕੀ। ਭਾਜਪਾ ਦੀ ਬੁਰੀ ਹਾਰ ਦਾ ਸਿੱਟਾ ਇਹੋ ਹੈ ਕਿ ਉੱਥੋਂ ਦੇ ਲੋਕ ਭਰੇ-ਪੀਤੇ ਬੈਠੇ ਹਨ ਤੇ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਆਪਣਾ ਗੁੱਸਾ ਭਾਜਪਾ ਵਿਰੁੱਧ ਪ੍ਰਗਟ ਕਰ ਦਿੱਤਾ ਹੈ।

957 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper