Latest News
ਆਕਲੈਂਡ-ਅੰਮ੍ਰਿਤਸਰ ਸਫਰ ਸਿਰਫ 20 ਘੰਟਿਆਂ 'ਚ

Published on 25 Oct, 2019 11:37 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਆਸਟਰੇਲੀਆ ਅਤੇ ਅੰਮ੍ਰਿਤਸਰ ਵਿਚਾਲੇ ਹਵਾਈ ਯਾਤਰਾ ਵਧੇਰੇ ਸੁਵਿਧਾਜਨਕ ਹੋਣ ਤੋਂ ਬਾਅਦ ਹੁਣ 28 ਅਕਤੂਬਰ ਤੋਂ ਨਿਊਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲੇ) ਦੇ ਗਲੋਬ੍ਰਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁਮਟਾਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਦੀ ਸਰਵ ਉੱਤਮ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਇਸ ਸਰਦ ਰੁੱਤ ਵਿੱਚ ਆਪਣੀ ਨਵੀਂ ਸ਼ੁਰੂ ਹੋਣ ਵਾਲੀ ਆਕਲੈਂਡ-ਸਿੰਗਾਪੁਰ ਉਡਾਣ ਨੂੰ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਸਕੂਟ ਦੀ ਸਿੰਗਾਪੁਰ-ਅੰਮ੍ਰਿਤਸਰ ਉਡਾਣ ਰਾਹੀਂ ਜੋੜਨ ਜਾ ਰਹੀ ਹੈ। ਗੁਮਟਾਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਤੇ ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਦੀ ਯਾਤਰਾ ਲਈ ਆਕਲੈਂਡ ਤੋਂ ਆਉਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਇਸ ਦਾ ਲਾਭ ਹੋਵੇਗਾ। ਸਿੰਗਾਪੁਰ ਏਅਰ ਦੀ ਵੈਬਸਾਈਟ ਅਨੁਸਾਰ, ਅੰਮ੍ਰਿਤਸਰ ਤੋਂ ਆਕਲੈਂਡ ਦੀ ਦੂਰੀ ਸਿਰਫ 20 ਘੰਟੇ 20 ਮਿੰਟ ਵਿੱਚ ਪੂਰੀ ਹੋਵੇਗੀ। ਯਾਤਰੀਆਂ ਨੂੰ ਸਿੰਗਾਪੁਰ ਵਿਖੇ ਸਿਰਫ 4 ਘੰਟੇ 40 ਮਿੰਟ ਲਈ ਰੁਕਣਾ ਪਵੇਗਾ। ਆਕਲੈਂਡ ਤੋਂ ਅੰਮ੍ਰਿਤਸਰ ਦਾ ਸਫਰ ਦਿੱਲੀ ਆਉਣ ਦੀ ਬਜਾਏ ਵਿਸ਼ਵ ਦੇ ਸਭ ਨਾਲੋਂ ਵਧੀਆ ਹਵਾਈ ਅੱਡਿਆਂ ਵਿਚ ਸ਼ਾਮਲ ਸਿੰਗਾਪੁਰ ਦੇ ਛੈਂਗੀ ਹਵਾਈ ਅੱਡੇ ਰਾਹੀਂ 24 ਘੰਟੇ 55 ਮਿੰਟ ਵਿੱਚ ਪੂਰਾ ਹੋਵੇਗਾ। ਇਸ ਲਈ ਯਾਤਰੀਆਂ ਨੂੰ ਸਿੰਗਾਪੁਰ ਵਿਖੇ 8 ਘੰਟੇ 20 ਮਿੰਟ ਰੁਕਣਾ ਪਵੇਗਾ, ਜਿਸ ਨਾਲ ਉਹਨਾਂ ਨੂੰ ਬਹੁਤ ਹੀ ਆਧੁਨਿਕ ਸੁਵਿਧਾਵਾਂ ਨਾਲ ਬਣੇ ਇਸ ਹਵਾਈ ਅੱਡੇ 'ਤੇ ਘੁੰਮਣ-ਫਿਰਨ ਲਈ ਸਮਾਂ ਮਿਲੇਗਾ। ਇਨ੍ਹਾਂ ਉਡਾਣਾਂ ਲਈ ਬੁਕਿੰਗ ਸਿੰਗਾਪੁਰ ਏਅਰ ਦੀ ਵੈਬਸਾਈਟ 'ਤੇ ਵੀ ਕੀਤੀ ਜਾ ਸਕਦੀ ਹੈ। ਹਵਾਈ ਕੰਪਨੀਆਂ ਲਈ ਸਰਦੀਆਂ ਦਾ ਮੌਸਮ 27 ਅਕਤੂਬਰ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਦੇ ਅੰਤ ਤੱਕ ਹੁੰਦਾ ਹੈ। ਸਿੰਗਾਪੁਰ ਏਅਰ ਦੀ ਉਡਾਣ ਦਾ ਆਕਲੈਂਡ ਨਾਲ ਇਹ ਹਵਾਈ ਸੰਪਰਕ ਮਾਰਚ ਦੇ ਅਖੀਰ ਤੱਕ ਉਪਲੱਬਧ ਹੈ। ਉਸ ਤੋਂ ਬਾਅਦ ਸਿੰਗਾਪੁਰ ਵਿਖੇ ਯਾਤਰੀਆਂ ਨੂੰ ਜ਼ਿਆਦਾ ਲੰਬੇ ਸਮੇਂ ਲਈ ਰੁਕਣਾ ਪਵੇਗਾ। ਗੁਮਟਾਲਾ ਨੇ ਕਿਹਾ ਕਿ ਜੇਕਰ ਪੰਜਾਬੀ ਇਹਨਾਂ ਉਡਾਣਾਂ 'ਤੇ ਵਧੇਰੇ ਸਫਰ ਕਰਨਗੇ ਤਾਂ ਅੰਕੜਿਆਂ ਨੂੰ ਦੇਖਦੇ ਹੋਏ ਹਵਾਈ ਕੰਪਨੀ ਨਾਲ ਆਕਲੈਂਡ ਲਈ ਇਸ ਹਵਾਈ ਸੰਪਰਕ ਨੂੰ 31 ਮਾਰਚ 2020 ਤੋਂ ਬਾਅਦ ਬੰਦ ਨਾ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਅੰਮ੍ਰਿਤਸਰ ਦੀ ਦੂਰੀ ਵੀ ਸਕੂਟ ਅਤੇ ਸਿੰਗਾਪੁਰ ਏਅਰ ਦੀਆਂ ਉਡਾਣਾਂ 'ਤੇ ਸਿਰਫ 16 ਘੰਟੇ 40 ਮਿੰਟ ਵਿਚ ਪੂਰੀ ਕੀਤੀ ਜਾ ਸਕਦੀ ਹੈ।
ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਸਕੂਟ 28 ਅਕਤੂਬਰ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਕਾਰ ਚੱਲ ਰਹੀ ਆਪਣੀ ਉਡਾਣ ਨੂੰ ਵੀ ਸਰਦੀਆਂ ਲਈ ਜਨਵਰੀ ਦੇ ਅੰਤ ਤੱਕ ਹਫਤੇ ਵਿਚ ਚਾਰ ਤੋਂ ਪੰਜ ਦਿਨ ਕਰਨ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆਂ ਸਿੰਗਾਪੁਰ ਅਤੇ ਮਲੇਸ਼ੀਆ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰਨਾਂ ਵਿਦੇਸ਼ੀ ਮੁਲਕਾਂ ਤੋਂ ਪਹਿਲਾਂ ਨਾਲੋਂ ਵੀ ਸੁਵਿਧਾਜਨਕ ੁਨੈਕਟੀਵਿਟੀ ਅਤੇ ਘੱਟੋ-ਘੱਟ ਸਮੇਂ ਵਿਚ ਅੰਮ੍ਰਿਤਸਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਹਵਾਈ ਕੰਪਨੀਆਂ ਪੰਜਾਬ ਨੂੰ ਸਿੰਗਾਪੁਰ ਅਤੇ ੁਆਲਾਲੰਪੁਰ ਰਾਹੀਂ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ, ਸਿਡਨੀ, ਐਡੀਲੇਡ, ਪਰਥ, ਗੋਲਡ ਕੋਸਟ, ਬ੍ਰਿਸਬੇਨ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਥਾਈਲੈਂਡ, ਇੰਡੋਨੇਸ਼ੀਆ, ਹਾਂਗਕਾਂਗ, ਫਿਲਪਾਈਨ ਨੂੰ ਜੋੜਦੀਆਂ ਹਨ। ਪੰਜਾਬੀਆਂ ਕੋਲ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਿਕਲਪ ਹਨ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਅੰਮ੍ਰਿਤਸਰ ਤੋਂ ਚਲ ਰਹੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਸਫਰ ਕਰਨ ਤਾਂ ਜੋ ਅਸੀਂ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਕੜਿਆਂ ਸਮੇਤ ਉਡਾਣਾਂ ਸ਼ੁਰੂ ਕਰਨ ਲਈ ਸੰਪਰਕ ਕਰ ਸਕੀਏ। ਅੰਮ੍ਰਿਤਸਰ ਹੁਣ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 9 ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜਿਆ ਹੈ। ਸਾਨੂੰ ਆਸ ਹੈ ਕਿ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਸਾਡੇ ਵੱਲੋਂ ਲੰਬੇ ਸਮੇਂ ਤੋਂ ਹਵਾਈ ਅੱਡੇ ਤੋਂ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ 550 ਸਾਲਾ ਸ਼ਤਾਬਦੀ ਲਈ ਜਲਦ ਹੀ ਪੂਰਾ ਕਰਨਗੇ।

257 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper