Latest News
ਉਮਾ ਦੀ ਗੋਪਾਲ ਕੰਡਾ ਦੇ ਕੰਡੇ 'ਤੇ ਤੁਲਣ ਵਿਰੁੱਧ ਵਾਰਨਿੰਗ

Published on 25 Oct, 2019 11:43 AM.


ਨਵੀਂ ਦਿੱਲੀ : ਹਰਿਆਣਾ ਵਿਚ ਸਰਕਾਰ ਬਣਾਉਣ ਲਈ ਸਿਰਸਾ ਤੋਂ ਜਿੱਤੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਆਗੂ ਗੋਪਾਲ ਗੋਇਲ ਕੰਡਾ ਦੀ ਹਮਾਇਤ ਨੂੰ ਲੈ ਕੇ ਭਾਜਪਾ ਵਿਚ ਵਿਰੋਧ ਦੀ ਸੁਰ ਚੁੱਕਦਿਆਂ ਉਮਾ ਭਾਰਤੀ ਨੇ ਪਾਰਟੀ ਨੂੰ ਖਬਰਦਾਰ ਕੀਤਾ ਹੈ। ਕੰਡਾ ਨੇ ਆਪਣੀਆਂ ਰਗਾਂ ਵਿਚ ਆਰ ਐੱਸ ਐੱਸ ਦਾ ਖੂਨ ਹੋਣ ਦੀ ਗੱਲ ਕਹਿੰਦਿਆਂ ਖੱਟਰ ਸਰਕਾਰ ਦੀ ਹਮਾਇਤ ਦਾ ਐਲਾਨ ਕੀਤਾ ਹੈ। ਉਮਾ ਭਾਰਤੀ ਨੇ ਟਵੀਟ ਕਰਦਿਆਂ ਕਿਹਾ ਕਿ ਕੰਡਾ ਦੀ ਹਮਾਇਤ ਲੈਣੀ ਭਾਜਪਾ ਦੀਆਂ ਇਖਲਾਕੀ ਕਦਰਾਂ-ਕੀਮਤਾਂ ਦੇ ਖਿਲਾਫ ਹੋਵੇਗਾ। ਉਨ੍ਹਾ ਕੰਡਾ ਲਈ ਸਖਤ ਲਫਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸਿਰਫ ਚੋਣ ਜਿੱਤਣ ਨਾਲ ਉਹ ਬੇਗੁਨਾਹ ਨਹੀਂ ਹੋ ਗਿਆ।
ਟੋਹਾਣਾ ਤੋਂ ਚੋਣ ਹਾਰਨ ਵਾਲੇ ਸੂਬਾਈ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕੰਡਾ ਦੀ ਹਮਾਇਤ ਕੀਤੀ ਹੈ, ਜਦੋਂ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖਾਮੋਸ਼ੀ ਅਖਤਿਆਰ ਕੀਤੀ ਹੋਈ ਹੈ। ਬਰਾਲਾ ਦਾ ਕਹਿਣਾ ਹੈ ਕਿ ਕੰਡਾ ਮੁਲਜ਼ਮ ਹੈ, ਮੁਜਰਮ ਨਹੀਂ। ਚੁਣੇ ਹੋਏ ਨੁਮਾਇੰਦੇ 'ਤੇ ਇਸ ਤਰ੍ਹਾਂ ਸਵਾਲ ਉਠਾਉਣਾ ਠੀਕ ਨਹੀਂ।
ਗੀਤਿਕਾ ਸ਼ਰਮਾ ਦੇ ਭਰਾ ਨੇ ਇਕ ਟੀ ਵੀ ਚੈਨਲ ਨਾਲ ਇੰਟਰਵਿਊ ਵਿਚ ਕਿਹਾ ਕਿ ਉਹ ਨਿਰਾਸ਼ ਹੋਇਆ ਹੈ ਕਿ ਲੋਕਾਂ ਨੇ ਅਪਰਾਧਕ ਪਿਛੋਕੜ ਵਾਲੇ ਨੂੰ ਜਿਤਾ ਦਿੱਤਾ। ਉਸ ਨੂੰ ਚਿੰਤਾ ਹੈ ਕਿ ਕੰਡਾ ਕੇਸ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰੇਗਾ।
ਗੀਤਿਕਾ ਸ਼ਰਮਾ ਕੰਡਾ ਦੀ ਏਅਰਲਾਈਨਜ਼ ਐੱਮ ਡੀ ਐੱਲ ਆਰ (ਮੁਰਲੀਧਰ ਲਖ ਰਾਮ) ਵਿਚ ਏਅਰ ਹੋਸਟੈੱਸ ਹੁੰਦੀ ਸੀ ਤੇ ਉਸ ਨੇ 5 ਅਗਸਤ 2012 ਨੂੰ ਖੁਦਕੁਸ਼ੀ ਕਰ ਲਈ ਸੀ। ਆਪਣੇ ਪਿੱਛੇ ਛੱਡੇ ਦੋ ਖੁਦਕੁਸ਼ੀ ਨੋਟਾਂ ਵਿਚ ਉਸ ਨੇ ਕੰਡਾ ਤੇ ਉਸ ਦੇ ਸਾਥੀ 'ਤੇ ਹਰਾਸ ਕਰਨ ਦੇ ਦੋਸ਼ ਲਾਏ ਸਨ। ਉਸ ਨੇ ਇਹ ਦੋਸ਼ ਵੀ ਲਾਇਆ ਸੀ ਕਿ ਕੰਡਾ ਦੇ ਅੰਕਿਤਾ ਨਾਂਅ ਦੀ ਮਹਿਲਾ ਨਾਲ ਨਾਜਾਇਜ਼ ਸੰਬੰਧ ਸਨ ਤੇ ਉਸ ਤੋਂ ਇਕ ਬੱਚਾ ਵੀ ਹੋਇਆ ਸੀ।
ਦਿੱਲੀ ਪੁਲਸ ਨੇ ਕੰਡਾ ਨੂੰ 2012 ਵਿਚ ਖੁਦਕੁਸ਼ੀ ਲਈ ਉਕਸਾਉਣ, ਮੁਜਰਮਾਨਾ ਸਾਜ਼ਿਸ਼ ਤੇ ਧਮਕਾਉਣ ਤੇ ਝੂਠੇ ਇਲੈਕਟ੍ਰਾਨਿਕ ਮੈਸੇਜ ਘੱਲਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਲਿਆ ਸੀ। 15 ਫਰਵਰੀ 2013 ਨੂੰ ਗੀਤਿਕਾ ਦੀ ਮਾਂ ਅਨੁਰਾਧਾ ਸ਼ਰਮਾ ਨੇ ਵੀ ਖੁਦਕੁਸ਼ੀ ਕਰ ਲਈ ਸੀ। ਉਹ ਵੀ ਆਪਣੇ ਖੁਦਕੁਸ਼ੀ ਨੋਟ ਵਿਚ ਕੰਡਾ 'ਤੇ ਦੋਸ਼ ਲਾ ਕੇ ਗਈ ਸੀ। ਉਦੋਂ ਕੰਡਾ ਜੇਲ੍ਹ ਵਿਚ ਸੀ। ਕੰਡਾ ਨੂੰ ਮਾਰਚ 2014 ਵਿਚ ਜ਼ਮਾਨਤ ਮਿਲ ਗਈ ਸੀ। ਉਦੋਂ ਦਿੱਲੀ ਹਾਈ ਕੋਰਟ ਨੇ ਉਸ 'ਤੇ ਰੇਪ ਦਾ ਦੋਸ਼ ਹਟਾ ਦਿੱਤਾ ਸੀ। ਹਾਲਾਂਕਿ ਗੀਤਿਕਾ ਦੀ ਖੁਦਕੁਸ਼ੀ ਦੇ ਸੰਬੰਧ ਵਿਚ ਕੇਸ ਅਜੇ ਵੀ ਚੱਲ ਰਿਹਾ ਹੈ। ਮਾਂ ਦੀ ਖੁਦਕੁਸ਼ੀ ਵਾਲਾ ਕੇਸ ਵੀ ਕੋਰਟ ਵਿਚ ਹੈ।
ਗੀਤਿਕਾ ਦੀ ਪੋਸਟਮਾਰਟਮ ਰਿਪੋਰਟ ਵਿਚ ਉਸ ਨਾਲ ਹੋਈ ਦਰਿੰਦਗੀ ਸਾਹਮਣੇ ਆਈ ਸੀ। ਰਿਪੋਰਟ ਮੁਤਾਬਕ ਗੀਤਿਕਾ ਨਾਲ ਗੈਰ-ਕੁਦਰਤੀ ਸੈਕਸ ਕੀਤਾ ਜਾਂਦਾ ਸੀ। ਮੌਤ ਤੋਂ 48-72 ਘੰਟੇ ਪਹਿਲਾਂ ਵੀ ਸਰੀਰਕ ਸੰਬੰਧ ਬਣਾਏ ਗਏ ਸਨ। ਇਹ ਵੀ ਸਾਹਮਣੇ ਆਇਆ ਕਿ ਉਹ ਕਈ ਵਾਰ ਗਰਭਵਤੀ ਹੋਈ ਤੇ ਉਸ ਦਾ ਗਰਭਪਾਤ ਕਰਾਇਆ ਗਿਆ।
ਕਰੀਬ 17 ਸਾਲ ਦੀ ਉਮਰ ਵਿਚ ਗੀਤਿਕਾ ਨੂੰ ਐੱਮ ਡੀ ਐੱਲ ਆਰ ਜਾਂ ਇੰਜ ਕਹਿ ਲਈਏ ਕਿ ਕੰਡਾ ਨੇ ਏਅਰਹੋਸਟੈੱਸ ਸਿਲੈਕਟ ਕਰ ਲਿਆ ਸੀ। ਉਸ ਵਕਤ ਏਅਰਲਾਈਨਜ਼ ਵਿਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕਾਰਪੋਰੇਟ ਕਮਿਊਨੀਕੇਸ਼ਨ) ਰਹੀ ਬਾਲੀਵੁਡ ਅਦਾਕਾਰਾ ਨੂਪੁਰ ਮਹਿਤਾ ਨੇ ਇਸ ਦਾ ਖੁਲਾਸਾ ਕੀਤਾ ਸੀ। ਨੂਪੁਰ ਮੁਤਾਬਕ ਨਾਬਾਲਗ ਹੋਣ ਕਰਕੇ ਗੀਤਿਕਾ ਨੂੰ ਨੌਕਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ, ਪਰ ਇੰਟਰਵਿਊ ਕੰਡਾ ਆਪਣੇ ਰੂਮ ਵਿਚ ਸੀ ਸੀ ਟੀ ਵੀ 'ਤੇ ਦੇਖ ਰਿਹਾ ਸੀ। ਉਸ ਨੇ ਫੋਨ ਕਰਕੇ ਗੀਤਿਕਾ ਨੂੰ ਨੌਕਰੀ 'ਤੇ ਰੱਖਣ ਲਈ ਕਿਹਾ। ਜਦੋਂ ਉਸ ਦੇ ਨਾਬਾਲਗ ਹੋਣ ਦੀ ਗੱਲ ਦੱਸੀ ਗਈ ਤਾਂ ਕੰਡਾ ਨੇ ਕਿਹਾ ਕਿ 6 ਮਹੀਨਿਆਂ ਵਿਚ ਬਾਲਗ ਹੋ ਜਾਵੇਗੀ। ਓਨੇ ਸਮੇਂ ਲਈ ਟਰੇਨਿੰਗ 'ਤੇ ਰੱਖੋ। ਕੰਡਾ 'ਤੇ ਏਅਰਲਾਈਨਜ਼ ਦੇ ਹੋਰਨਾਂ ਵਿਭਾਗਾਂ ਦੀ ਤੁਲਨਾ ਵਿਚ ਏਅਰਹੋਸਟੈੱਸ ਵਾਲੇ ਵਿੰਗ ਨੂੰ ਵਧੇਰੇ ਤਵੱਜੋ ਦੇਣ ਦੇ ਦੋਸ਼ ਵੀ ਲੱਗੇ ਸਨ। ਨੂਪੁਰ ਨੇ ਕਿਹਾ ਸੀ ਕਿ ਕੰਡਾ ਖੁਦ ਕੁੜੀਆਂ ਦੀ ਡਰੈੱਸ ਤੋਂ ਇਲਾਵਾ ਸ਼ੂਜ਼ ਤੱਕ ਸਿਲੈਕਟ ਕਰਦਾ ਸੀ। ਨੂਪੁਰ ਨੇ ਦੱਸਿਆ ਸੀ ਕਿ ਕੰਡਾ ਨੇ ਗੀਤਿਕਾ ਦਾ ਜਨਮ ਦਿਨ ਵੀ ਆਪਣੇ ਫਾਰਮ ਹਾਊਸ 'ਤੇ ਮਨਾਇਆ ਸੀ। ਗੀਤਿਕਾ ਦੇ ਸਿਰ 'ਤੇ ਵਾਰ ਕੇ ਨੋਟਾਂ ਦੀ ਦੱਥੀ ਵੀ ਉਡਾਈ ਗਈ ਸੀ। ਉਦੋਂ ਗੀਤਿਕਾ ਖੁਸ਼ ਰਹਿੰਦੀ ਸੀ, ਪਰ ਬਾਅਦ ਵਿਚ ਤਣਾਅ ਵਿਚ ਰਹਿਣ ਲੱਗੀ। ਨੂਪੁਰ ਨੇ ਅਗਸਤ 2008 ਵਿਚ ਏਅਰਲਾਈਨਜ਼ ਛੱਡ ਦਿੱਤੀ ਸੀ। ਗੀਤਿਕਾ ਦੀ ਖੁਦਕੁਸ਼ੀ ਦੇ ਬਾਅਦ ਕੰਡਾ 10 ਦਿਨ ਗਾਇਬ ਰਿਹਾ। ਮਾਮਲਾ ਵਧਦਾ ਦੇਖ ਆਤਮ-ਸਮਰਪਣ ਕਰ ਦਿੱਤਾ। ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਹੁੱਡਾ ਸਰਕਾਰ ਵਿਚ ਮੰਤਰੀ ਸੀ।
ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਹਰਿਆਣਾ ਲੋਕ ਹਿੱਤ ਨਾਂਅ ਦੀ ਪਾਰਟੀ ਬਣਾਈ ਸੀ। ਉਹ 2014 ਵਿਚ ਸਿਰਸਾ ਤੋਂ ਇਨੈਲੋ ਦੇ ਮੱਖਣ ਲਾਲ ਸਿੰਘਲ ਹੱਥੋਂ ਹਾਰ ਗਿਆ ਸੀ। ਉਹ 2009 ਵਿਚ ਜਿੱਤਿਆ ਸੀ।

395 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper