Latest News
ਮੋਦੀ-ਸ਼ਾਹ ਵਿਰੁੱਧ ਰੈਫਰੈਂਡਮ

Published on 28 Oct, 2019 10:51 AM.ਮੌਸਮ ਬਦਲ ਰਿਹਾ ਹੈ। ਭਾਦੋਂ ਦੇ ਚੁਮਾਸੇ ਇਸ ਵਾਰ ਅੱਸੂ ਵਿੱਚ ਵੀ ਮਹਿਸੂਸ ਹੁੰਦੇ ਰਹੇ। ਕੱਤਕ ਦੀ ਆਮਦ ਨਾਲ ਸੀਤ ਹਵਾਵਾਂ ਨੇ ਠੰਡਕ ਪੁਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦਾ ਸਿਆਸੀ ਮੌਸਮ ਵੀ ਨਵੀਂ ਕਰਵਟ ਲੈ ਰਿਹਾ ਹੈ। ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਲੋਕਾਂ ਦਾ ਪਿਛਲੇ 6 ਸਾਲਾਂ ਦੌਰਾਨ ਪਰੋਸੇ ਗਏ ਹਿੰਦੂਤਵ, ਅੰਧ-ਰਾਸ਼ਟਰਵਾਦ, ਫਿਰਕੂ ਨਫ਼ਰਤ, ਤੱਥਹੀਣ ਇਤਿਹਾਸਕ ਘਾੜਤਾਂ, ਏਕਾਧਿਕਾਰਵਾਦ ਤੇ ਮੀਡੀਏ ਰਾਹੀਂ ਝੂਠ ਦੇ ਪਸਾਰੇ ਤੇ ਫੋਕੇ ਲਾਰਿਆਂ ਦੇ ਸਤਨਾਜੇ ਤੋਂ ਮਨ ਅੱਕ ਚੁੱਕਾ ਹੈ।
ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਧਾਰਨਾ ਪੱਕੀ ਕਰ ਦਿੱਤੀ ਸੀ ਕਿ ਮੋਦੀ ਨੂੰ ਹਰਾਉਣਾ ਸੌਖਾ ਨਹੀਂ। 'ਮੋਦੀ ਹੈ ਤੋ ਮੁਮਕਿਨ ਹੈ' ਇੱਕ ਅਖਾਉਤ ਬਣ ਗਿਆ ਸੀ, ਪਰ 5 ਮਹੀਨਿਆਂ ਬਾਅਦ ਹੀ ਕਿੰਨਾ ਕੁਝ ਬਦਲ ਗਿਆ ਹੈ। ਅੱਜ ਮੋਦੀ ਅਜਿੱਤ ਨਹੀਂ ਰਿਹਾ। ਹਰਿਆਣਾ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 7 ਰੈਲੀਆਂ ਕੀਤੀਆਂ ਸਨ। ਇਨ੍ਹਾਂ ਵਿੱਚੋਂ 4 ਹਲਕਿਆਂ ਵਿੱਚ ਭਾਜਪਾ ਦੇ ਉਮੀਦਵਾਰ ਹਾਰ ਗਏ। ਸੋਹਾਨਾ ਤੇ ਸੋਨੀਪਤ ਵਿੱਚ ਕਾਂਗਰਸ ਅਤੇ ਸਿਰਸਾ ਤੇ ਦਾਦਰੀ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਚਰਖੀ ਦਾਦਰੀ ਵਿੱਚ ਭਾਜਪਾ ਨੇ ਕੌਮਾਂਤਰੀ ਪ੍ਰਸਿੱਧੀ ਵਾਲੀ ਪਹਿਲਵਾਨ ਬਬੀਤਾ ਫੋਗਟ ਨੂੰ ਖੜ੍ਹਾ ਕੀਤਾ ਸੀ ਤੇ ਉਸ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਮੋਦੀ ਨੇ ਉਸ ਨੂੰ ਆਪਣੀ ਬੇਟੀ ਕਹਿ ਕੇ ਵੋਟਾਂ ਮੰਗੀਆਂ ਸਨ, ਉਹ ਤੀਜੇ ਥਾਂ ਉਤੇ ਆਈ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੋਹਾਂ ਵੱਲੋਂ ਪਾਰਲੀ ਵਿਧਾਨ ਸਭਾ ਵਿੱਚ ਕੀਤੀਆਂ ਰੈਲੀਆਂ ਵੀ ਕੰਮ ਨਾ ਆ ਸਕੀਆਂ। ਇੱਥੋਂ ਭਾਜਪਾ ਦੀ ਮੰਤਰੀ ਰਹੀ ਪੰਕਜਾ ਮੁੰਡੇ ਆਪਣੇ ਚਚੇਰੇ ਭਰਾ ਤੋਂ ਹਾਰ ਗਈ।
ਨਰਿੰਦਰ ਮੋਦੀ ਵੱਲੋਂ ਅਮਰੀਕਾ ਵਿੱਚ ਕੀਤੇ ਗਏ 'ਹਾਊਡੀ ਮੋਦੀ' ਪ੍ਰੋਗਰਾਮ ਤੇ ਸੰਯੁਕਤ ਰਾਸ਼ਟਰ ਵਿੱਚ ਦਿੱਤੇ ਭਾਸ਼ਣ ਨੂੰ ਮੀਡੀਆ ਰਾਹੀਂ ਇਤਿਹਾਸਕ ਬਣਾ ਕੇ ਪੇਸ਼ ਕਰਨਾ ਵੀ ਭਾਜਪਾ ਦੇ ਕੰਮ ਨਾ ਆਇਆ। ਭਾਜਪਾ ਨੂੰ ਮੋਦੀ ਤੋਂ ਏਨੀਆਂ ਆਸਾਂ ਸਨ ਕਿ ਉਸ ਨੇ 'ਇੱਕ ਦੇਸ਼, ਇੱਕ ਚੋਣ' ਦੇ ਆਪਣੇ ਹੀ ਏਜੰਡੇ ਨੂੰ ਲਾਂਭੇ ਕਰਦਿਆਂ ਝਾਰਖੰਡ ਦੀਆਂ ਚੋਣਾਂ ਨੂੰ ਵੱਖਰਾ ਕਰਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਮੋਦੀ ਦੋਹਾਂ ਰਾਜਾਂ ਨੂੰ ਵੱਧ ਤੋਂ ਵੱਧ ਸਮਾਂ ਦੇ ਸਕਣ।
ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਮੁੱਖ ਤੌਰ ਉੱਤੇ ਰਾਸ਼ਟਰਵਾਦ ਨੂੰ ਮੁੱਖ ਮੁੱਦਾ ਬਣਾਇਆ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾ ਕੇ ਉਸ ਦੇ ਦੋ ਟੁਕੜੇ ਕਰਨ ਨੂੰ ਆਪਣੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ। ਇਸ ਦੇ ਨਾਲ ਹੀ ਕੌਮੀ ਨਾਗਰਿਕਤਾ ਰਜਿਸਟਰ ਨੂੰ ਅਸਾਮ ਤੋਂ ਬਾਅਦ ਸਾਰੇ ਦੇਸ਼ ਵਿੱਚ ਲਾਗੂ ਕਰਕੇ ਸਭ ਬਦੇਸ਼ੀਆਂ ਨੂੰ ਦੇਸ਼ੋਂ ਬਾਹਰ ਕੱਢਣ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਗਿਆ। ਉੱਤੋਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਮੀਡੀਆ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸੈਨਾ ਵੱਲੋਂ ਤੋਪਾਂ ਰਾਹੀਂ ਕੀਤੇ ਗਏ ਹਮਲੇ ਵਿੱਚ 4 ਅੱਤਵਾਦੀ ਕੈਂਪ ਤਬਾਹ ਕਰਨ, ਦਰਜਨਾਂ ਘੁਸਪੈਠੀਆਂ ਅਤੇ 10 ਪਾਕਿਸਤਾਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਮਨਘੜਤ ਖ਼ਬਰ ਫੈਲਾ ਦਿੱਤੀ, ਤਾਂ ਜੋ ਬਾਲਾਕੋਟ ਵਿੱਚ ਕੀਤੀ ਗਈ ਏਅਰ ਸਟਰਾਈਕ ਦੇ ਲੋਕ ਸਭਾ ਚੋਣਾਂ ਵਿੱਚ ਮਿਲੇ ਲਾਹੇ ਵਾਂਗ ਇਸ ਵਾਰ ਵੀ ਭਾਜਪਾ ਨੂੰ ਇਸ ਦਾ ਚੋਣਾਂ ਵਿੱਚ ਲਾਭ ਮਿਲ ਸਕੇ। ਰਾਮ ਜਨਮ ਭੂਮੀ ਵਿਵਾਦ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਮੀਡੀਆ ਰਾਹੀਂ 'ਮੰਦਰ ਹਮਾਰੇ ਰਾਮ ਹਮਾਰੇ, ਮਸਜਿਦ ਵਾਲੇ ਕਹਾਂ ਸੇ ਪਧਾਰੇ' ਵਰਗੇ ਫਿਰਕੂ ਨਾਅਰੇ ਲਿਖ ਕੇ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ।
ਪਰ ਏਨਾ ਕੁਝ ਕਰਨ ਦੇ ਬਾਵਜੂਦ ਭਾਜਪਾ ਆਪਣੀ ਪਹਿਲੀ ਸਥਿਤੀ ਬਰਕਰਾਰ ਰੱਖਣ ਵਿੱਚ ਨਾਕਾਮ ਰਹੀ। ਹਰਿਆਣਾ ਵਿੱਚ ਇਸ ਦੀਆਂ 7 ਸੀਟਾਂ ਘਟ ਕੇ ਇਹ ਨਾ ਸਿਰਫ਼ ਘੱਟ ਗਿਣਤੀ ਵਿੱਚ ਆ ਗਈ, ਸਗੋਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਦੀ ਵੋਟ ਫੀਸਦੀ ਵੀ 22 ਫ਼ੀਸਦੀ ਤੱਕ ਡਿੱਗ ਗਈ ਹੈ। ਦੂਜੇ ਪਾਸੇ ਕਾਂਗਰਸ ਨੇ ਆਪਣੀਆਂ ਸੀਟਾਂ ਵਿੱਚ ਦੁੱਗਣਾ ਵਾਧਾ ਕਰ ਲਿਆ ਹੈ। ਇਹ ਉਦੋਂ ਵਾਪਰਿਆ, ਜਦੋਂ ਮੁਕਾਬਲੇ ਦੀ ਇੱਕ ਹੋਰ ਧਿਰ, ਜੇ ਜੇ ਪੀ ਨੇ 10 ਸੀਟਾਂ ਜਿੱਤੀਆਂ ਅਤੇ ਬਾਕੀ ਸੀਟਾਂ ਉੱਤੇ ਕਾਂਗਰਸ ਦੀਆਂ ਵੋਟਾਂ ਪਾੜਨ ਦਾ ਕੰਮ ਕੀਤਾ। ਮਹਾਰਾਸ਼ਟਰ ਵਿੱਚ ਭਾਜਪਾ ਨੇ ਸ਼ਿਵ ਸੈਨਾ ਨਾਲ ਮਿਲ ਕੇ ਚੋਣਾਂ ਲੜੀਆਂ। ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਐੱਨ ਸੀ ਪੀ ਦੇ ਕਈ ਵੱਡੇ ਆਗੂ ਦਲਬਦਲੀ ਕਰਕੇ ਭਾਜਪਾ ਵਿੱਚ ਚਲੇ ਗਏ ਸਨ। ਸਮਝਿਆ ਜਾਂਦਾ ਸੀ ਕਿ ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਕਾਂਗਰਸ ਐਨ ਸੀ ਪੀ ਦੇ ਕਮਜ਼ੋਰ ਗਠਜੋੜ ਨਾਲ ਲੜਾਈ ਇੱਕਪਾਸੜ ਨਤੀਜੇ ਦੇਵੇਗਾ, ਪਰ ਹੋਇਆ ਇਸ ਦੇ ਉਲਟ, ਭਾਜਪਾ ਜਿਸ ਨੇ ਪਿਛਲੀਆਂ ਚੋਣਾਂ ਵਿੱਚ ਇਕੱਲਿਆਂ ਲੜ ਕੇ 122 ਸੀਟਾਂ ਜਿੱਤੀਆਂ ਸਨ, 101 ਉੱਤੇ ਖਿਸਕ ਗਈ। ਐੱਨ ਸੀ ਪੀ ਤੇ ਕਾਂਗਰਸ ਦੋਵੇਂ ਆਪਣੀਆਂ ਸੀਟਾਂ ਵਧਾਉਣ ਵਿੱਚ ਕਾਮਯਾਬ ਹੋਈਆਂ। ਸ਼ਿਵ ਸੈਨਾ ਆਪਣੀ ਪੁਰਾਣੀ ਪੁਜ਼ੀਸ਼ਨ ਦੇ ਨੇੜੇ-ਤੇੜੇ ਰਹੀ।
ਅਜਿਹਾ ਕਿਉਂ ਵਾਪਰਿਆ? ਮਈ ਵਿੱਚ ਲੋਕ ਸਭਾ ਚੋਣਾਂ ਸਮੇਂ ਰਾਸ਼ਟਰਵਾਦ, ਪਾਕਿਸਤਾਨ ਵਿਰੋਧ ਤੇ ਧਾਰਮਿਕ ਜਨੂੰਨ ਨੇ ਅਜਿਹੀ ਹਨੇਰੀ ਲਿਆਂਦੀ ਸੀ ਕਿ ਦੇਸ਼ ਦੀ ਆਰਥਿਕ ਸਥਿਤੀ, ਬੇਰੁਜ਼ਗਾਰੀ ਤੇ ਮਹਿੰਗਾਈ ਵਰਗੇ ਮੁੱਦੇ ਹਵਾ ਹੋ ਗਏ ਸਨ। ਹੁਣ ਉਹ ਹਨੇਰੀ ਹੌਲੀ ਰਫ਼ਤਾਰ ਨਾਲ ਹੀ ਸਹੀ, ਪਰ ਉਲਟ ਦਿਸ਼ਾ ਵਿੱਚ ਵਗਣੀ ਸ਼ੁਰੂ ਹੋ ਗਈ ਹੈ। ਆਸ ਹੈ ਕਿ ਦੋ ਰਾਜਾਂ ਦੀਆਂ ਇਹ ਚੋਣਾਂ ਮਰਨਾਊ ਪਈ ਵਿਰੋਧੀ ਧਿਰ ਵਿੱਚ ਜਾਨ ਫੂਕਣ ਵਿੱਚ ਮਦਦ ਕਰਨਗੀਆਂ ।

868 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper